ਸ਼ਹਿਰ ਵਿੱਚ ਸਰਕਾਰੀ ਥਾਵਾਂ ਉੱਪਰ ਕਬਜ਼ੇ ਕਰਨ ਦਾ ਰੁਝਾਨ ਵਧਿਆ

ਐਸ ਏ ਐਸ ਨਗਰ, 5 ਅਪ੍ਰੈਲ (ਸ.ਬ.) ਮੁਹਾਲੀ ਸ਼ਹਿਰ ਵਿੱਚ ਇਸਦੇ ਵਸਨੀਕਾਂ ਵਲੋਂ ਆਪਣੇ ਘਰਾਂ ਨੇੜਲੀਆਂ ਖਾਲੀ ਪਈਆਂ ਸਰਕਾਰੀ ਥਾਂਵਾਂ ਉੱਪਰ ਨਾਜਾਇਜ਼ ਕਬਜ਼ੇ ਕਰਨ ਦਾ ਰੁਝਾਨ ਵੱਧਦਾ ਜਾ ਰਿਹਾ ਹੈ| ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਸਥਿਤ ਕੋਨੇ ਵਾਲੇ ਮਕਾਨ ਮਾਲਕਾਂ ਵਲੋਂ ਆਪਣੇ ਮਕਾਨਾਂ ਨੇੜਲੀ ਖਾਲੀ ਪਈ ਸਰਕਾਰੀ ਥਾਂ ਉਪਰ ਜੰਗਲੇ ਲਾ ਕੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ, ਇਹਨਾਂ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਹਰ ਇਲਾਕੇ ਵਿੱਚ ਹੀ ਇਸ ਤਰ੍ਹਾਂ ਦੇ ਨਾਜਾਇਜ਼ ਕਬਜੇ ਕੀਤੇ ਜਾ ਰਹੇ ਹਨ|
ਫੇਜ਼ 10 ਤੋਂ ਕੌਂਸਲਰ ਸ੍ਰ. ਹਰਦੀਪ ਸਿੰਘ ਸਰਾਓਂ ਨੇ ਨਗਰ ਨਿਗਮ ਮੁਹਾਲੀ ਦੀ ਪਿਛਲੀ ਮੀਟਿੰਗ ਵਿੱਚ ਲੋਕਾਂ ਵਲੋਂ ਆਪਣੇ ਘਰਾਂ ਨੇੜੇ ਪਈ ਸਰਕਾਰੀ ਥਾਂ ਉੱਪਰ ਨਾਜਾਇਜ਼ ਕਬਜ਼ੇ ਕਰਨ ਦਾ ਮੁੱਦਾ ਚੁੱਕਿਆ ਗਿਆ ਸੀ ਅਤੇ ਇਸ ਸਬੰਧੀ ਉਹਨਾਂ ਵਲੋਂ ਨਗਰ ਨਿਗਮ ਦੇ ਕਮਿਸਨਰ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਇਸਦੇ ਬਾਵਜੂਦ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਲੋਕਾਂ ਵਲੋਂ ਆਪਣੇ ਘਰਾਂ ਦੇ ਨੇੜੇ ਪਈ ਸਰਕਾਰੀ ਜਮੀਨ ਉਪਰ ਜੰਗਲੇ ਲਾ ਕੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ|
ਫੇਜ਼ ਗਿਆਰਾਂ ਦੇ ਕੁਝ ਵਸਨੀਕਾਂ ਨੇ ਇਸੇ ਦੌਰਾਨ ਦੋਸ਼ ਲਗਾਇਆ ਹੈ ਕਿ ਕੁਝ ਲੋਕਾਂ ਨੇ ਫੇਜ਼ ਗਿਆਰਾਂ ਦੀ ਇੱਕ ਗਰੀਨ ਬੈਲਟ ਉੱਪਰ ਹੀ ਨਾਜਾਇਜ਼ ਕਬਜ਼ਾ ਕਰ ਰਖਿਆ ਹੈ, ਜਿਸ ਕਾਰਨ ਇਸ ਗਰੀਨ ਬੈਲਟ ਵਿੱਚ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂਕਿ ਗਮਾਡਾ ਵਲੋਂ ਇਸ ਇਲਾਕੇ ਦੇ ਬਣਾਏ ਨਕਸ਼ੇ ਵਿੱਚ ਇਸ ਥਾਂ ਉੱਪਰ ਗਰੀਨ ਬੈਲਟ ਨੂੰ ਦਰਸਾਇਆ ਗਿਆ ਹੈ, ਜਿਸ ਉੱਪਰ ਕੁਝ ਲੋਕਾਂ ਵਲੋਂ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ| ਫੇਜ਼ ਗਿਆਰਾਂ ਦੇ ਲੋਕਾਂ ਨੇ ਇਸ ਦੀ ਸ਼ਿਕਾਇਤ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਵੀ ਕੀਤੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ|
ਜਿਸ ਤਰੀਕੇ ਨਾਲ ਸ਼ਹਿਰ ਵਿੱਚ ਵਸਨੀਕਾਂ ਵਲੋਂ ਆਪਣੇ ਘਰਾਂ ਨੇੜਲੀਆਂ ਸਰਕਾਰੀ ਜਮੀਨਾਂ ਉੱਪਰ ਜੰਗਲੇ ਲਾ ਕੇ ਕਬਜ਼ੇ ਕੀਤੇ ਜਾ ਰਹੇ ਹਨ ਉਸ ਨਾਲ ਸ਼ਹਿਰ ਦੀ ਸੁੰਦਰਤਾ ਉੱਪਰ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਹੈ|
ਸਥਾਨਕ ਫੇਜ਼-10 ਵਿੱਚ ਪੈਂਦੇ ਐਲ ਆਈ ਜੀ ਮਕਾਨਾਂ ਵਿੱਚ ਇੱਕ ਕੋਨੇ ਵਾਲੇ ਮਕਾਨ ਦੇ ਵਸਨੀਕ ਵੱਲੋਂ ਆਪਣੇ ਘਰ ਦੇ ਨਾਲ ਲੱਗਦੀ ਥਾਂ ਤੇ ਜੰਗਲੇ ਲਗਵਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਨਿਗਮ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ| ਸ੍ਰੀ ਸਰਾਓ ਨੇ ਮੰਗ ਕੀਤੀ ਹੈ ਕਿ ਨਿਗਮ ਵੱਲੋਂ ਇਸ ਸਬੰਧੀ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ|

Leave a Reply

Your email address will not be published. Required fields are marked *