ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੀਆਂ ਹਨ : ਪ੍ਰਿੰਸ

ਸ਼ਹੀਦ ਅਨਿਲ ਸ਼ਰਮਾ ਦੀ ਯਾਦ ਵਿਚ ਪਰਿਵਾਰ ਵਲੋਂ ਸਕੂਲ ਨੂੰ ਵਾਟਰ ਕੂਲਰ ਤੇ ਆਰ. ਓ. ਭੇਟ
ਐਸ ਏ ਐਸ ਨਗਰ, 29 ਨਵੰਬਰ (ਸ.ਬ.) ਸਥਾਨਕ ਫੇਜ਼ 3 ਬੀ1 ਵਿਚਲੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸ਼ਹੀਦ ਅਨਿਲ ਸ਼ਰਮਾ ਦੇ ਪਰਿਵਾਰ ਵਲੋਂ ਆਪਣੇ ਸ਼ਹੀਦ ਪੁੱਤਰ ਦੀ ਯਾਦ ਵਿਚ ਵਾਟਰ ਕੂਲਰ ਅਤੇ ਆਰ. ਓ. ਸਿਸਟਮ ਸਕੂਲ ਨੂੰ ਭੇਟ ਕੀਤਾ ਗਿਆ ਹੈ| ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪਸਵਕ ਕਮੇਟੀ ਦੇ ਚੇਅਰਮੈਨ ਅਤੇ ਕੌਂਸਲਰ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਦਾ ਨੌਜਵਾਨ ਅਨਿਲ ਸ਼ਰਮਾ ਜੋ ਦੇਸ਼ ਦੀ ਖਾਤਰ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ, ਉਸ ਦੀ ਯਾਦ ਉਸ ਦੇ ਮਾਪੇ ਐਚ. ਪੀ. ਸ਼ਰਮਾ ਅਤੇ ਮਾਤਾ ਊਸ਼ਾ ਸ਼ਰਮਾ ਵਲੋਂ ਸਕੂਲ ਵਿਚ ਵਾਟਰ ਕੂਲਰ ਅਤੇ ਆਰ. ਓ. ਸਿਸਟਮ ਭੇਟ ਕਰਕੇ ਇਕ ਨੇਕ ਕੰਮ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਦੀਆਂ ਹਨ, ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੀਆਂ ਹਨ| ਉਨ੍ਹਾਂ ਕਿਹਾ ਕਿ ਅਸੀਂ ਜੋ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੇ ਹਨ ਉਹ ਸਾਡੇ ਸ਼ਹੀਦਾਂ ਵਲੋਂ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਹੀ ਹੈ| ਉਨ੍ਹਾਂ ਬੱਚਿਆਂ ਨੂੰ ਵੀ ਵੱਡੇ ਹੋ ਕੇ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਵੀ ਕੀਤਾ| ਇਸ ਮੌਕੇ ਸ਼ਹੀਦ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਇਹ ਨੇਕ ਕੰਮ ਕਰਕੇ ਦਿਲ ਨੂੰ ਬਹੁਤ ਖੁਸ਼ੀ ਮਿਲੀ ਹੈ ਕਿਉਂਕਿ ਬੱਚੇ ਇਸ ਦਾ ਲਾਹਾ ਲੈਣਗੇ ਅਤੇ ਉਨ੍ਹਾਂ ਦੇ ਪੁੱਤਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ| ਉਨ੍ਹਾਂ ਭਵਿੱਖ ਵਿਚ ਵੀ ਸਕੂਲ ਨੂੰ ਹਰ ਮਦਦ ਦਾ ਭਰੋਸਾ ਦਿੱਤਾ| ਇਸ ਮੌਕੇ ਬੱਚਿਆਂ ਨੂੰ ਖਾਣ, ਪੀਣ ਅਤੇ ਪੜ੍ਹਨਯੋਗ ਸਮੱਗਰੀ ਵੀ ਵੰਡੀ ਗਈ| ਇਸ ਮੌਕੇ ਛੋਟੇ ਬੱਚਿਆਂ ਵਲੋਂ ਸ਼ਹੀਦਾਂ ਦੀ ਯਾਦ ਵਿਚ ਨਾਟਕ ਖੇਡਿਆ ਗਿਆ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ| ਇਸ ਮੌਕੇ ਸ਼ਹੀਦ ਅਨਿਲ ਸ਼ਰਮਾ ਦੀ ਭੈਣ ਸ਼ੁਭਲਾ ਸ਼ਰਮਾ ਵੀ ਮੌਜੂਦ ਸਨ| ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਦਲਜੀਤ ਕੌਰ, ਬਲਾਕ ਪ੍ਰਾਇਮਰੀ ਅਫ਼ਸਰ ਅਮਰਜੀਤ ਕੌਰ, ਨੈਨਸੀ ਪ੍ਰਿੰਸ ਵਾਲੀਆ, ਪਰਮਿੰਦਰ ਸਿੰਘ, ਮਨਦੀਪ ਸਿੰਘ ਸੰਧੂ, ਭੁਪਿੰਦਰ ਸਿੰਘ ਮਲਹੋਤਰਾ, ਮਨਪ੍ਰੀਤ ਸਿੰਘ ਬਬਰਾ, ਇੰਦਰਪ੍ਰੀਤ ਸਿੰਘ ਟਿੰਕੂ, ਸਤਨਾਮ ਸਿੰਘ, ਕਰਨ ਪਹਿਲਵਾਨ, ਪ੍ਰਿੰਸ ਧੀਰ, ਰਤਨ ਸਿੰਘ ਨਾਮਧਾਰੀ, ਜਤਿੰਦਰ ਸਮੇਤ ਯੂਥ ਆਗੂ ਤੇ ਵਰਕਰ ਹਾਜ਼ਰ ਸਨ

Leave a Reply

Your email address will not be published. Required fields are marked *