ਸ਼ਹੀਦੀ ਜੋੜ ਮੇਲਿਆਂ ਉਪਰ ਭਾਰੂ ਸਿਆਸੀ ਦੂਸ਼ਣਬਾਜੀ

ਬੀਤੇ ਦਿਨੀਂ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉਪਰ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲੇ ਕਰਵਾਏ ਗਏ| ਇਹਨਾਂ ਸ਼ਹੀਦੀ ਜੋੜ ਮੇਲਿਆਂ ਵਿੱਚ ਵੱਡੀ ਗਿਣਤੀ ਸੰਗਤਾਂ ਉਤਸ਼ਾਹ ਨਾਲ ਪਹੁੰਚੀਆਂ ਪਰ ਇਹਨਾਂ ਜੋੜ ਮੇਲਿਆਂ ਦੌਰਾਨ ਵੱਖ-ਵੱਖ ਰਾਜਸੀ ਪਾਰਟੀਆਂ  ਵਲੋਂ ਰਾਜਸੀ ਕਾਨੰਫਰੰਸਾਂ ਕਰਕੇ ਜਿਸ ਤਰ੍ਹਾਂ ਇਕ ਦੁਜੇ ਉਪਰ ਦੂਸ਼ਣਬਾਜੀ ਕੀਤੀ ਗਈ, ਉਸਨੇ ਸੰਗਤ ਨੂੰ ਨਿਰਾਸ਼ ਹੀ ਕੀਤਾ ਹੈ| ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿਆਸੀ ਆਗੂਆਂ ਨੂੰ ਇਹਨਾਂ ਜੋੜ ਮੇਲਿਆਂ ਉਪਰ ਸਿਆਸੀ ਕਾਨਫਰੰਸਾਂ ਦੌਰਾਨ ਦੂਸ਼ਣਬਾਜੀ ਨਾ ਕਰਨ ਲਈ ਕਿਹਾ ਸੀ ਪਰ ਜਥੇਦਾਰ ਦਾ ਹੁਕਮ ਅਕਾਲੀ ਦਲ ਸਮੇਤ ਕਿਸੇ ਵੀ ਪਾਰਟੀ ਨੇ ਨਹੀਂ ਮੰਨਿਆ| ਇਸ ਮੌਕੇ ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਨਾ ਸਿਰਫ ਇੱਕ ਦੂਜੇ ਉਪਰ ਦੂਸ਼ਣਬਾਜੀ ਕਰਕੇ ਆਪਣੀ ਭੜਾਸ ਕੱਢੀ ਗਈ ਬਲਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਥਾਂ ਸਿਰਫ ਰਾਜਸੀ ਗੱਲਾਂ ਹੀ ਕੀਤੀਆਂ ਗਈਆਂ| ਇਹਨਾਂ ਜੋੜ ਮੇਲਿਆਂ ਦੌਰਾਨ ਹਰ ਪਾਰਟੀ ਨੇ ਆਪਣੀ ਪਾਰਟੀ ਦੇ ਸੋਹਲੇ ਗਾਏ ਅਤੇ ਦੂਜੀਆਂ ਪਾਰਟੀਆਂ ਦੀ ਨਿੰਦਾ ਚੁਗਲੀ ਦੀ ਕਾਰਵਾਈ ਨੂੰ ਹੀ ਅੰਜਾਮ ਦਿੱਤਾ|
ਸਿਆਸੀ ਪਾਰਟੀਆਂ ਵਲੋਂ ਧਾਰਮਿਕ ਮੇਲਿਆਂ ਮੌਕੇ ਕੀਤੀਆਂ ਜਾਣ ਵਾਲੀਆਂ ਸਿਆਸੀ ਕਾਨਫਰੰਸਾਂ ਵਿੱਚ  ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜੀ ਕਰਕੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ| ਇਸ ਦੌਰਾਨ ਵੱਖ ਵੱਖ ਸਿਆਸੀ ਆਗੂ ਬਿਨਾ ਕਿਸੇ ਸਬੂਤ ਦੇ ਦੂਜੇ ਆਗੂਆਂ ਦਾ ਚੀਰ ਹਰਨ ਕਰਨ ਤਕ ਜਾਂਦੇ ਹਨ, ਜਿਸਨੂੰ ਵੇਖ ਸੁਣ ਕੇ ਸ਼ਰਧਾਲੂਆਂ ਦੇ ਮਨਾਂ ਨੂੰ ਕਾਫੀ ਠੇਸ ਪਹੁੰਚਦੀ ਹੈ| ਇਸ ਵਾਰ ਹੋਈਆਂ ਕਾਨਫਰਸਾਂ ਦੌਰਾਨ ਵੀ ਇਹੀ ਕੁੱਝ ਹਇਆ ਹੈ| ਅਕਾਲੀ ਦਲ ਬਾਦਲ ਦੀਆਂ ਸਟੇਜਾਂ ਤੇ ਅਕਾਲੀ ਆਗੂਆਂ  ਦਾ ਪੂਰਾ ਜੋਰ ਇਸ ਗੱਲ ਤੇ ਲੱਗਿਆ ਰਿਹਾ ਕਿ ਕਾਂਗਰਸ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਅਤੇ ਆਮ ਆਦਮੀ ਪਾਰਟੀ ਨੂੰ ਝੂਠੀ ਅਤੇ ਪੰਜਾਬ ਵਿਰੋਧੀ ਦੱਸਦੇ ਖੁਦ ਨੂੰ ਪੰਜਾਬ ਦਾ ਸਭ ਤੋਂ ਵੱਡਾ ਹਮਦਰਦ ਸਾਬਿਤ ਕੀਤਾ ਜਾਵੇ| ਇਸੇ ਤਰਾਂ ਕਾਂਗਰਸੀ ਨੇਤਾਵਾਂ ਦਾ ਜੋਰ ਇਸ ਗੱਲ ਤੇ ਸੀ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਕਾਂਗਰਸੀਆਂ ਉਪਰ ਜੋ ਕੇਸ ਬਣਾਏ ਗਏ ਹਨ ਉਸਦਾ ਕਾਂਗਰਸ ਦੀ ਸਰਕਾਰ ਆਉਣ ਉਪਰੰਤ ਪੂਰਾ ਹਿਸਾਬ ਕਿਤਾਬ ਲਿਆ ਜਾਵੇਗਾ| ਇਹ ਵੀ ਕਿਹਾ ਗਿਆ ਕਿ ਅਕਾਲੀ ਦਲ ਦੇ ਆਗੂ ਆਮ ਲੋਕਾਂ ਨੂੰ ਮੂਰਖ ਸਮਝਦੇ ਹਨ ਪਰ ਪੰਜਾਬ ਦੇ ਲੋਕ ਬਹੁਤ ਸਮਝਦਾਰ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀਆਂ ਨੂੰ ਉਹਨਾਂ ਦੀ ਅਸਲੀ ਥਾਂ ਦਿਖਾ ਦੇਣਗੇ| ਇਸ ਦੌਰਾਨ  ਆਮ ਆਦਮੀ ਪਾਰਟੀ ਦੇ ਆਗੂ ਇਹ ਇਲਜਾਮ ਲਗਾਉਂਂਦੇ ਰਹੇ ਕਿ ਅਕਾਲੀ ਦਲ ਅਤੇ ਕਾਂਗਰਸ ਦਾ ਆਪਸ ਵਿੱਚ ਸਮਝੌਤਾ ਹੈ ਜਿਸਦੇ ਤਹਿਤ ਇਹ ਦੋਵੇਂ ਪਾਰਟੀਆਂ ਆਪਸ ਵਿੱਚ ਮਿਲ ਕੇ ਵਾਰੀ ਵਾਰੀ ਰਾਜ ਕਰੀ ਜਾ ਰਹੀਆਂ ਹਨ ਅਤੇ ਪੰਜਾਬ ਦੇ ਲੋਕਾਂ ਦੇ ਭੋਲੇਪਣ ਦਾ ਫਾਇਦਾ ਉਠਾਉਂਦੀਆਂ ਹਨ|
ਇਹਨਾਂ ਸਾਰੀਆਂ ਹੀ ਪਾਰਟੀਆਂ ਦੀ ਇਹ ਗੱਲ ਤਾਂ ਸਾਂਝੀ ਹੈ ਕਿ ਇਹਨਾਂ ਸਾਰੀਆਂ ਪਾਰਟੀਆਂ ਵਲੋਂ ਜੋੜ ਮੇਲਿਆਂ ਦੌਰਾਨ ਆਪਣੀ ਸਿਆਸੀ ਭੜਾਸ ਕੱਢਣ ਵਿਚ ਕੋਈ ਕਸਰ ਨਹੀਂ ਛੱਡੀ ਗਏ ਅਤੇ ਸਾਡੇ ਤਮਾਮ ਸਿਆਸੀ ਆਗੂ ਸ਼ਹੀਦਾਂ ਨੂੰ ਸ਼ਰਧਾਂਜਲੀ  ਦੇਣ ਦੀ ਥਾਂ ਇਕ ਦੂਜੇ ਉਪਰ ਚਿੱਕੜ ਸੁੱਟਦੇ ਰਹੇ|  ਹੈਰਾਨੀ ਤਾਂ ਇਸ ਗੱਲ ਦੀ ਵੀ ਹੁੰਦੀ ਹੈ ਕਿ ਜਿਸ ਥਾਂ ਧਾਰਮਿਕ ਦੀਵਾਨ ਲਗਿਆ ਹੁੰਦਾ ਹੈ, ਉਸਦੀ ਆਵਾਜ ਤਾਂ ਘੱਟ ਸੁਣਾਈ ਦਿੰਦੀ ਹੈ ਪਰ ਸਿਆਸੀ ਪਾਰਟੀਆਂ ਦੀਆਂ ਰਾਜਸੀ ਕਾਨਫਰੰਸਾਂ ਵਿੱਚ ਸਪੀਕਰਾਂ ਦੀ ਆਵਾਜ ਪੂਰੀ ਉਚੀ ਚੁੱਕੀ ਹੁੰਦੀ ਹੈ ਅਤੇ ਹਰ ਪਾਸੇ ਹੀ ਸਿਆਸੀ ਗੱਲਾਂ ਹੀ ਸੁਣਾਈ ਦਿੰਦੀਆਂ ਹਨ|
ਸਰਧਾਲੂਆਂ ਦੀਆਂ ਭਾਵਨਾਵਾਂ ਨਾਲ ਹੁੰਦੇ ਇਸ ਖਿਲਵਾੜ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਧਾਰਮਿਕ ਖਾਸ ਕਰਕੇ ਸ਼ਹੀਦੀ ਜੋੜ ਮੇਲਿਆਂ ਦੌਰਾਨ ਸਿਆਸੀ ਕਾਨਫਰੰਸਾਂ ਉਪਰ ਪਾਬੰਦੀ ਲਗਾਈ ਜਾਵੇ ਅਤੇ ਰਾਜਸੀ ਪਾਰਟੀਆਂ ਨੂੰ ਸਿਆਸੀ ਕਾਨਫਰੰਸਾਂ ਕਰਨ ਦੀ ਆਗਿਆ ਹੀ ਨਾ ਦਿੱਤੀ ਜਾਵੇ| ਇਸ ਦੌਰਨ ਸਿਰਫ ਧਾਰਮਿਕ ਕਾਂਨਫਰੰਸ ਦੀ ਹੀ ਪ੍ਰਵਾਨਗੀ ਮਿਲਣੀ ਚਾਹੀਦੀ ਹੈ ਅਤੇ ਸਿਆਸੀ ਸਰਗਰਮੀਆਂ ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਸ਼ਰਧਾਲੂ ਬਿਨਾ ਕਿਸੇ ਰੁਕਾਵਟ ਦੇ ਆਪਣੀ ਸ਼ਰਧਾ ਭੇਂਟ ਕਰ ਸਕਣ|

Leave a Reply

Your email address will not be published. Required fields are marked *