ਸ਼ਹੀਦ ਫੌਜੀਆਂ ਦੇ ਪਰਿਵਾਰਕ ਮੈਂਬਰਾਂ ਨੇ ਵਿੱਤ ਮੰਤਰੀ ਨਾਲ ਮੁਲਾਕਾਤ ਕਰਕੇ ਮੁਆਵਜੇ ਦੀ ਪਹਿਲੀ ਕਿਸ਼ਤ ਜਾਰੀ ਕਰਨ ਦੀ ਮੰਗ ਕੀਤੀ

ਚੰਡੀਗੜ੍ਹ, 24 ਅਕਤੂਬਰ (ਸ.ਬ.) 1962, 1965 ਅਤੇ 1971 ਦੀ ਜੰਗ ਦੇ ਵਿੱਚ ਸ਼ਹੀਦ ਹੋਏ ਫੌਜੀਆਂ ਦੀਆਂ ਵਿਧਵਾਵਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਗਈ|
ਪੰਜਾਬ ਸਿਵਲ ਸਕਤਰੇਤ ਵਿੱਚ ਹੋਈ ਇਸ ਮੀਟਿੰਗ ਦੌਰਾਨ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਮੁਆਵਜੇ ਦੀ ਪਹਿਲੀ ਕਿਸ਼ਤ (20 ਲੱਖ ਰੁਪਏ) ਛੇਤੀ ਜਾਰੀ ਕੀਤੇ ਜਾਣ|
ਸ਼ਹੀਦ ਫੌਜੀਆਂ ਦੇ  ਪਰਿਵਾਰਾਂ ਦੇ ਵਫਦ ਦੇ ਨਾਲ ਗਏ ਸ੍ਰ. ਗੁਰਸੇਵਕ ਸਿੰਘ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਦਮਾਂ ਤੇ ਚਲਦੇ ਹੋਏ ਜੰਗੀ ਸਹੀਦਾਂ ਦੇ ਪਰਿਵਾਰਾਂ ਨੂੰ ਛੇ ਮਹੀਨਿਆ ਤੋਂ ਸਿਰਫ ਲਾਰੇ ਲਾਉਂਦੀ ਆ ਰਹੀ ਹੈ| ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਜਦੋਂ ਜੰਗੀ ਸਹੀਦਾਂ ਦੇ ਪਰਿਵਾਰ ਸਰਕਾਰ ਦੇ ਖਿਲਾਫ਼ ਧਰਨੇ ਤੇ ਬੈਠੇ ਤਾਂ ਸਾਬਕਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੰਗੀ ਐਵਾਰਡ ਦੇਤੌਰ ਤੇ ਮਿਲਣ ਵਾਲੀ 10 ਕਿੱਲੇ ਜ਼ਮੀਨ ਦੀ ਥਾਂ ਤਿੰਨ ਕਿਸ਼ਤਾਂ ਵਿੱਚ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿਚ 20 ਲੱਖ  ਰੁਪਏ  ਪਹਿਲਾਂ  ਅਤੇ ਬਾਕੀ 15  ਲੱਖ ਦੀਆਂ 2 ਕਿਸ਼ਤਾਂ ਵਿੱਚ ਦੇਣ ਦਾ ਐਲਾਨ ਕੀਤਾ  ਗਿਆ ਸੀ, ਇਸ ਐਲਾਨ ਤੇ ਪਰਿਵਾਰਕ ਮੈਂਬਰਾਂ ਨੇ ਸਹਿਮਤੀ ਵੀ ਜਤਾ ਦਿੱਤੀ ਸੀ| ਇਸ ਸਬੰਧੀ ਸਰਕਾਰ ਨੇ ਨੋਟਿਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ| ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਰਾਸ਼ੀ ਜਲਦੀ ਹੀ ਜਾਰੀ ਕੀਤੀ ਜਾਵੇਗੀ,ਪਰ ਛੇ ਮਹੀਨੇ ਬੀਤ ਜਾਣ ਦੇ ਬਾਅਦ ਵੀ ਰਾਸ਼ੀ ਜਾਰੀ ਨਹੀਂ ਕੀਤੀ ਜਾ ਰਹੀ ਹੈ ਤੇ ਸਰਕਾਰ ਖਜਾਨਾ ਖਾਲੀ ਹੋਣ ਦਾ ਬਹਾਨਾ ਬਣਾਕੇ ਡੰਗ ਟਪਾ ਰਹੀ ਹੈ, ਇਸ ਲਈ ਮਜਬੂਰ ਹੋਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਕੇ  ਸਰਕਾਰ ਵੱਲੋਂ ਐਲਾਨ ਕੀਤੀ ਗਈ 20 ਲੱਖ  ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰਨ ਦੀ ਮੰਗ ਕੀਤੀ ਹੈ| ਉਹਨਾਂ ਦੱਸਿਆ ਕਿ ਵਿੱਤ ਮੰਤਰੀ ਨੇ ਜੰਗੀ ਵਿਧਵਾਵਾਂ ਅਤੇ ਸ਼ਹੀਦ ਫੌਜੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ 3 ਨਵੰਬਰ ਤੋਂ ਪਹਿਲਾਂ ਪਹਿਲਾਂ ਇਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹੀਦ ਪਰਿਵਾਰਾਂ ਲਈ ਇਹ ਰਕਮ ਜਾਰੀ ਕਰ ਦਿਤੀ ਜਾਵੇਗੀ|
ਇਸ ਮੌਕੇ ਬਲਵਿੰਦਰ ਸਿੰਘ ਬਬਲਾ, ਪਰਮਜੀਤ ਕੌਰ, ਗੋਬਿੰਦ ਸਿੰਘ, ਸਤਿੰਦਰ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸ਼ਨ|

Leave a Reply

Your email address will not be published. Required fields are marked *