ਸ਼ਾਇਰ ਦੀਵਾਨਾ ਨੇ ਮਨਾਈ ਮਾਤਾ ਜੀ ਦੀ 35ਵੀਂ ਸਾਲਾਨਾ ਯਾਦ

ਐਸ ਏ ਐਸ ਨਗਰ, 19 ਦਸੰਬਰ (ਸ.ਬ.) ਕਵੀ ਬਾਬੂ ਰਾਮ ਦੀਵਾਨਾ ਨੇ ਆਪਣੇ ਮਾਤਾ ਸ੍ਰੀਮਤੀ ਭਾਗਵੰਤੀ ਜੀ ਦੀ 35ਵੀਂ ਸਾਲਾਨਾ ਯਾਦ ਆਪਣੇ ਗ੍ਰਹਿ ਵਿਖੇ ਮਨਾਈ| ਇਸ ਮੌਕੇ ਬੀਬੀ ਸੁਤਿੰਦਰ ਕੌਰ ਜੀ ਦੀ ਅਗਵਾਈ ਹੇਠ ਬੇਬੇ ਨਾਨਕੀ ਇਸਤਰੀ ਸਤਿਸੰਗ ਜਥਾ ਫੇਜ਼-1, ਮੁਹਾਲੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕੀਤਾ| ਉਪਰੰਤ ਕਵੀ ਜਗਜੀਤ ਸਿੰਘ ਨੂਰ ਨੇ ਮਾਂ ਦੀ ਮਹਿਮਾ ਬਾਰੇ ਕਵਿਤਾ ਪੇਸ਼ ਕਰਦਿਆਂ ਸ੍ਰੀ ਦੀਵਾਨਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ| ਗੀਤਕਾਰ ਰਾਜ ਜ਼ਖਮੀ, ਕਵਿਤਰੀ ਕਸ਼ਮੀਰ ਕੌਰ ਸੰਧੂ ਅਤੇ ਸੁਧਾ ਜੈਨ ਸੁਦੀਪ ਨੇ ਵੀ ਭਾਵਪੂਰਤ ਕਵਿਤਾਵਾਂ ਰਾਹੀਂ ਮਾਂ ਦੇ ਪਿਆਰ ਦੀ ਗੱਲ ਦੱਸੀ| ਇਸ ਮੌਕੇ ਪ੍ਰਸਿੱਧ ਅਦਾਕਾਰਾ ਤੇ ਗਾਇਕਾ ਪਿੰਕੀ ਮੋਗੇ ਵਾਲੀ ਨੇ ਮਾਂ ਦੀ ਮਮਤਾ ਨੂੰ ਸਿਜਦਾ ਕਰਦਿਆਂ ਗੀਤ ਪੇਸ਼ ਕੀਤੇ| ਗਾਇਕ ਸ੍ਰੀ ਲਾਹੌਰੀ ਰਾਮ ਨੇ ‘ਮਾਂ ਹੁੰਦੀ ਹੈ ਮਾਂ ਓ ਦੁਨੀਆ ਵਾਲਿਓ ‘ ਗਾ ਕੇ ਮਾਹੌਲ ਨੂੰ ਸੰਜੀਦਾ ਬਣਾ ਦਿੱਤਾ| ਨਿੱਕੀ ਜਿਹੀ ਬੱਚੀ ਮੁਸਕਾਨ ਨੇ ਮੂਲ ਮੰਤਰ ਦਾ ਉਚਾਰਣ ਕਰਕੇ ਅਤੇ ‘ਮੇਰੀ ਮਾਂ’ ਕਵਿਤਾ ਪੇਸ਼ ਕਰਕੇ ਭਰਪੂਰ ਪਿਆਰ ਲਿਆ| ਇਸ ਮੌਕੇ ਦੋ ਹੋਣਹਾਰ ਵਿਦਿਆਰਥੀਆਂ -ਪਰਾਹਨ ਅਜਮਾਣੀ (ਦਸਵੀਂ 80%) ਅਤੇ ਗੁਰੀਤ ਕੌਰ ਬਾਲਾ (ਬਾਰ੍ਹਵੀਂ 92.75%) ਨੂੰ ਸਿਰੋਪਾ, ਯਾਦ ਚਿੰਨ੍ਹ ਅਤੇ 21-21 ਸੌ ਰੁਪਏ ਦੇ ਕੈਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ| ਇਹ ਨਕਦੀ ਪੁਰਸਕਾਰ ਸਮਾਗਮ ਦੇ ਮੁੱਖ ਮਹਿਮਾਨ ਸ. ਮੋਹਨਬੀਰ ਸਿੰਘ ਸ਼ੇਰਗਿੱਲ, ਸਾਬਕਾ ਐਮ.ਸੀ. ਤੇ ਡਾਇਰੈਕਟਰ ਪੈਰਾਗਾਨ ਸਕੂਲ-69, ਮੁਹਾਲੀ ਵੱਲੋਂ ਦਿੱਤੇ ਗਏ| ਸ੍ਰੀ ਸ਼ੇਰਗਿੱਲ ਨੇ 4 ਸਾਲ ਪਹਿਲਾਂ ਐਲਾਨ ਕੀਤਾ ਸੀ ਕਿ ਫੇਜ਼-3ਏ, ਮੁਹਾਲੀ ਦੇ ਜਿਹੜੇ ਬੱਚੇ ਦਸਵੀਂ ਅਤੇ ਬਾਰ੍ਹਵੀਂ ਪ੍ਰੀਖਿਆ ਵਿੱਚ 80% ਜਾਂ ਇਸ ਤੋਂ ਵੱਧ ਨੰਬਰ ਲੈਣਗੇ ਉਨ੍ਹਾਂ ਨੂੰ ਇਹ ਨਕਦੀ ਇਨਾਮ ਦੇਣਗੇ| ਉਨ੍ਹਾਂ ਨੇ ਬੱਚਿਆਂ ਨੂੰ ਇਕ ਚਿਤ ਹੋ ਕੇ ਮਾਤਾ-ਪਿਤਾ ਦੀ ਸੇਵਾ ਕਰਨ ਲਈ ਵੀ ਪ੍ਰੇਰਦਿਆਂ ਆਖਿਆ ਕਿ ਬੱਚਿਆਂ ਉਤੇ ਮਾਤਾ-ਪਿਤਾ ਦਾ ਕਰਜ਼ ਬਹੁਤ ਭਾਰੀ ਹੁੰਦਾ ਹੈ|
ਇਸ ਮੌਕੇ ਪਰਮਜੀਤ ਸਿੰਘ ਹੈਪੀ, ਨਾਗਰਿਕ ਭਲਾਈ ਤੇ ਵਿਕਾਸ ਫੋਰਮ ਮੁਹਾਲੀ, ਸ੍ਰੀ ਕ੍ਰਿਸ਼ਨ ਗੋਪਾਲ ਸ਼ਰਮਾ, ਸ੍ਰੀ ਕੇ.ਐਲ.ਸ਼ਰਮਾ (ਆਰ.ਡਬਲੂ.ਏ.) ਨੇ ਵੀ ਸੰਬੋਧਨ ਕੀਤਾ| ਭਾਈ ਇੰਦਰਜੀਤ ਸਿੰਘ ਜੋਧਕਾ, ਸ. ਬਲਵਿੰਦਰ ਸਿੰਘ ਵਾਲੀਆ, ਸ. ਦਵਿੰਦਰ ਮੋਹਨ ਸਿੰਘ ਬੇਦੀ, ਸ.ਇੰਦਰ ਮੋਹਨ ਸਿੰਘ ਬੇਦੀ, ਸ੍ਰੀ ਮੋਹਨ ਲਾਲ ਗੰਭੀਰ, ਮੈਡਮ ਪ੍ਰੂਥੀ ਕੌਰ, ਬੀਬੀ ਸਤਪਾਲ ਕੌਰ, ਸ੍ਰੀ ਯਸ਼ਪਾਲ ਵਿਨਾਇਕ, ਸ੍ਰੀ ਐਨ.ਐਸ. ਵਿਰਕ, ਸ੍ਰੀ ਜੋਗਿੰਦਰ ਸਿੰਘ ਚਾਹਲ, ਸ. ਕਰਮਜੀਤ ਸਿੰਘ, ਸ੍ਰੀ ਇੰਦਰਮੀਤ ਸਿੰਘ ਆਦਿ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ|

Leave a Reply

Your email address will not be published. Required fields are marked *