ਸ਼ਾਸ਼ਤਰੀ ਮਾਡਲ ਸਕੂਲ ਦੇ ਬਾਨੀ ਸ੍ਰੀ ਰਾਮ ਲਾਲ ਸੇਵਕ ਨਹੀਂ ਰਹੇ

ਐਸ. ਏ. ਐਸ. ਨਗਰ, 4 ਜੁਲਾਈ (ਸ.ਬ.) ਸ਼ਾਸ਼ਤਰੀ ਮਾਡਲ ਸਕੂਲ ਦੇ ਬਾਨੀ ਸ੍ਰ. ਰਾਮ ਲਾਲ ਸੇਵਕ ਦਾ ਬੀਤੀ ਸ਼ਾਮ ਸਥਾਨਕ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ| ਉਹ 80 ਵਰ੍ਹਿਆਂ ਦੇ ਸਨ| ਇੱਕ ਸਾਲ ਪਹਿਲਾਂ ਉਹਨਾਂ ਦੀ ਐਂਜੀਉਪਲਾਸਟੀ ਕਰਕੇ ਦਿਲ ਨੂੰ ਖੂਨ ਸਪਲਾਈ ਕਰਨ ਵਾਲੀ ਨਾੜੀ ਵਿੱਚ ਸਟੰਟ ਪਾਏ ਗਏ ਸਨ ਜਿਸਤੋਂ ਬਾਅਦ ਉਹ ਰੂਟੀਨ ਚੈਕਅਪ ਕਰਵਾਉਂਦੇ ਸੀ| ਬੀਤੇ ਕੱਲ ਉਹ ਫੋਰਟਿਸ ਹਸਪਤਾਲ ਵਿੱਚ ਚੈਕਅਪ ਕਰਵਾਉਣ ਗਏ ਸੀ ਜਿਥੇ ਡਾਕਟਰਾਂ ਨੇ ਜਾਂਚ ਦੌਰਾਨ ਦੱਸਿਆ ਕਿ ਉਹਨਾਂ ਦੇ ਸਟੈਂਟ ਬਲਾਕ ਹੋ ਗਏ ਹਨ ਅਤੇ ਨਵੇਂ ਸਟੈਂਟ ਪਾਉਣ ਦੀ ਲੋੜ ਹੈ| ਇਸ ਸਬੰਧੀ ਡਾਕਟਰਾਂ ਵਲੋਂ ਉਹਨਾਂ ਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾ ਕੇ ਨਵਾਂ ਸਟੈਂਟ ਪਾਉਣ ਦੀ ਪ੍ਰੀਕ੍ਰਿਆ ਸ਼ੁਰੂ ਕਰਨ ਵੇਲੇ ਹੀ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਜਿਹੜਾ ਉਹਨਾਂ ਲਈ ਘਾਤਕ ਸਾਬਿਤ ਹੋਇਆ ਅਤੇ ਉਹਨਾਂ ਦਾ ਦਿਹਾਂਤ ਹੋ ਗਿਆ|
ਸ੍ਰ. ਸੇਵਕ ਦਾ ਅੰਤਮ ਸਸਕਾਰ ਅੱਜ ਇੱਥੇ ਸਥਾਨਕ ਸਮਸ਼ਾਨ ਘਾਟ ਵਿੱਚ ਕੀਤਾ ਗਿਆ ਜਿਥੇ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਸ਼ਹਿਰ ਵਾਸੀਆਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਅਹੁਦੇਦਾਰਾਂ ਵੱਖ ਵੱਖ ਸਕੂਲ ਮੁਖੀਆਂ, ਕੌਂਸਲਰਾਂ ਸ਼ਹਿਰ ਦੇ ਪਤਵੰਤੇ ਨਾਗਰਿਕਾਂ ਤੋਂ ਇਲਾਵਾ ਸ੍ਰੀ ਸੇਵਕ ਦੇ ਪਰਿਵਾਰਕ ਮੈਂਬਰਾਂ ਅਤੇ ਨਜਦੀਕੀ ਰਿਸ਼ਤੇਦਾਰਾਂ ਵਲੋਂ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ|
ਇਸ ਮੌਕੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ, ਮੇਅਰ ਸ੍ਰ. ਕੁਲਵੰਤ ਸਿੰਘ, ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ, ਆਰ. ਪੀ. ਸ਼ਰਮਾ,  ਸ੍ਰ. ਰਜਿੰਦਰ ਸਿੰਘ ਰਾਣਾ, ਸ੍ਰੀ ਅਸ਼ੋਕ ਝਾਅ, ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰ. ਜਸਵੀਰ ਸਿੰਘ ਮਨਕੂ, ਸ੍ਰ. ਕੁਲਜੀਤ ਸਿੰਘ ਬੇਦੀ, ਸ੍ਰ. ਸੁਖਦੇਵ ਸਿੰਘ, ਸ੍ਰ ਹਰਮਨਪ੍ਰੀਤ ਸਿੰਘ, ਸ੍ਰੀ ਅਰੁਣ ਸ਼ਰਮਾ  (ਸਾਰੇ ਕੌਂਸਲਰ), ਪੈਰਾਗਾਨ ਸੈਕਟਰ 69 ਦੇ ਮੁੱਖੀ ਸ੍ਰ. ਮੌਹਨਬੀਰ ਸਿੰਘ ਸ਼ੇਰਗਿੱਲ, ਜੈਮ ਪਬਲਿਕ ਸਕੂਲ ਦੇ ਮੁਖੀ ਸ੍ਰ. ਐਚ ਐਸ ਮਿੱਢਾ, ਅਕਾਲੀ ਆਗੂ ਜਥੇਦਾਰ ਅਮਰੀਕ ਸਿੰਘ ਮੁਹਾਲੀ, ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ, ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਸ੍ਰ. ਸੁਖਵਿੰਦਰ ਸਿੰਘ ਗੋਲਡੀ, ਕੁਲਵੰਤ ਸਿੰਘ ਬਰਿਆਲੀ, ਵਿਨੋਦ ਸਭਰਵਾਲ, ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਸ਼ਹਿਰ ਦੇ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *