ਸ਼ਾਹਕੋਟ ਜ਼ਿਮਨੀ ਚੋਣ: ਏ. ਸੀ. ਰੱਥ ਵਿੱਚ ਸਵਾਰ ਹੋ ਕੇ ਚੋਣ ਮੈਦਾਨ ਵਿੱਚ ਉਤਰੇ ਕੈਪਟਨ

ਸ਼ਾਹਕੋਟ/ਜਲੰਧਰ, 26 ਮਈ (ਸ.ਬ.) ਸ਼ਾਹਕੋਟ ਜ਼ਿਮਨੀ ਚੋਣ ਮੈਦਾਨ ਅੱਜ ਉਸ ਸਮੇਂ ਪੂਰੀ ਤਰ੍ਹਾਂ ਭੱਖ ਗਿਆ, ਜਦੋਂ ਵਿਵਾਦਾਂ ਵਿੱਚ ਘਿਰੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਏ. ਸੀ. ਰੱਥ ਵਿੱਚ ਸਵਾਰ ਹੋ ਕੇ ਰੋਡ ਸ਼ੋਅ ਕਰਨ ਲਈ ਸ਼ਾਹਕੋਟ ਪਹੁੰਚੇ| ਇਕ ਪਾਸੇ ਜਿੱਥੇ ਅੱਤ ਦੀ ਗਰਮੀ ਵਿੱਚ ਬੀਤੇ ਕਈ ਦਿਨਾਂ ਤੋਂ ਵਿਰੋਧੀ ਪਾਰਟੀਆਂ ਦੇ ਆਗੂ ਸ਼ਾਹਕੋਟ ਵਿੱਚ ਪਸੀਨੇ ਨਾਲ ਭਿੱਜ ਕੇ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਕਰਨ ਵਿੱਚ ਲੱਗੇ ਹਨ, ਉੱਥੇ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਵਾਲੇ ਕੈਪਟਨ ਏ. ਸੀ. ਰੱਥ ਵਿੱਚ ਸਵਾਰ ਹੋ ਕੇ ਪਹੁੰੰਚੇ| ਕੈਪਟਨ ਦੇ ਰੋਡ ਸ਼ੋਅ ਲਈ ਸਪੈਸ਼ਲ ਹਾਈਟੈਕ ਏ. ਸੀ. ਬੱਸ ਤਿਆਰ ਕੀਤੀ ਗਈ ਹੈ| ਬੱਸ ਵਿੱਚ ਸਵਾਰ ਹੋ ਕੈਪਟਨ ਨੇ ਸ਼ਾਹਕੋਟ ਦੇ ਲੋਕਾਂ ਸੁਆਗਤ ਕਬੂਲ ਕੀਤਾ| ਕੈਪਟਨ ਦੇ ਨਾਲ ਬੱਸ ਵਿੱਚ ਹਰਦੇਵ ਸਿੰਘ ਲਾਡੀ ਅਤੇ ਹੋਰ ਨੇਤਾ ਵੀ ਮੌਜੂਦ ਰਹੇ| ਵੱਡੀ ਗਿਣਤੀ ਵਿੱਚ ਲੋਕਾਂ ਦਾ ਹਜ਼ੂਮ ਕੈਪਟਨ ਦੇ ਏ. ਸੀ. ਰੱਥ ਦੇ ਪਿੱਛੇ-ਪਿੱਛੇ ਚੱਲਦਾ ਰਿਹਾ|
ਜਿਕਰਯੋਗ ਹੈ ਕਿ ਕਾਂਗਰਸੀ ਉਮੀਦਵਾਰ ਸ਼ਾਹਕੋਟ ਜ਼ਿਮਨੀ ਚੋਣ ਦੇ ਸ਼ੁਰੂ ਹੋਣ ਤੋਂ ਵਿਵਾਦਾਂ ਵਿੱਚ ਘਿਰ ਗਏ ਸਨ| ਕੈਪਟਨ ਦੇ ਸਿਪਾਹੀ ਲਗਾਤਾਰ ਲਾਡੀ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ ਪਰ ਲਾਡੀ ਤੇ ਮਾਈਨਿੰਗ ਮਾਮਲੇ ਵਿੱਚ ਹੋਈ ਐਫ. ਆਈ. ਆਰ. ਨੂੰ ਆਧਾਰ ਬਣਾ ਕੇ ਵਿਰੋਧੀ ਕੈਪਟਨ ਦੇ ਇਸ ਸਿਪਾਹੀ ਤੇ ਭਾਰੀ ਪੈ ਰਹੇ ਸਨ ਪਰ ਅੱਜ ਕੈਪਟਨ ਨੇ ਮੋਰਚਾ ਸਾਂਭ ਕੇ ਸ਼ਾਹਕੋਟ ਵਿੱਚ ਲਾਡੀ ਦੀ ਉਮੀਦਵਾਰੀ ਵਿੱਚ ਨਵੀਂ ਜਾਨ ਫੂਕ ਦਿੱਤੀ| ਜਿਕਰਯੋਗ ਹੈ ਕਿ ਸ਼ਾਹਕੋਟ ਜ਼ਿਮਨੀ ਚੋਣ ਲਈ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ|

Leave a Reply

Your email address will not be published. Required fields are marked *