ਸ਼ਾਹਬਾਦ ਪੁਲੀਸ ਨੇ ਕੀਤੀ ਲੱਖਾਂ ਦੀ ਨਵੀਂ ਕਰੰਸੀ ਬਰਾਮਦ

ਕੁਰੂਕੁਸ਼ੇਤਰ, 17 ਦਸੰਬਰ (ਸ.ਬ.) ਇਕ ਪਾਸੇ ਲੋਕ ਸਿਰਫ 2 ਹਜ਼ਾਰ ਲਈ ਬੈਂਕਾਂ ਅਤੇ ਏ.ਟੀ.ਐਮ. ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਲੱਗ ਕੇ ਧੱਕੇ ਖਾ ਰਹੇ ਹਨ ਅਤੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਵੀ ਉਨ੍ਹਾਂ ਨੂੰ 2 ਹਜ਼ਾਰ ਦਾ ਗੁਲਾਬੀ ਨੋਟ ਨਸੀਬ ਨਹੀਂ ਹੁੰਦਾ| ਦੂਜੇ ਪਾਸੇ ਰਸੂਖਦਾਰ ਲੋਕ ਲੱਖਾਂ ਦੀ ਨਵੀਂ ਕਰੰਸੀ ਲੈ ਕੇ ਮਜ਼ੇ ਕਰ ਰਹੇ ਹਨ| ਇਕ ਅਜਿਹਾ ਹੀ ਮਾਮਲਾ ਕੁਰੂਕੁਸ਼ੇਤਰ ਦਾ ਹੈ, ਜਿੱਥੇ ਸ਼ਾਹਾਬਾਦ ਪੁਲੀਸ ਨੇ ਸ਼ੁੱਕਰਵਾਰ ਦੇਰ ਰਾਤ ਲੱਖਾਂ ਦੀ ਕਰੰਸੀ ਫੜ ਕੇ ਵੱਡੀ ਕਾਮਯਾਬੀ ਹਾਸਲ ਕੀਤੀ| ਮਿਲੀ ਜਾਣਕਾਰੀ ਅਨੁਸਾਰ ਸ਼ਾਹਾਬਾਦ ਪੁਲੀਸ ਨੇ ਬੀਤੀ ਦੇਰ ਰਾਤ ਨਵੇਂ ਨੋਟਾਂ ਦੇ ਜ਼ਖੀਰੇ ਅਤੇ ਵੈਸਟਰਨ ਯੂਨੀਅਨ ਵਿਤਰਕ ਨਟਵਰਲਾਲ ਅਮਨਦੀਪ ਨੂੰ 10 ਲੱਖ 22 ਹਜ਼ਾਰ 30 ਰੁਪਏ ਦੀ ਕਰੰਸੀ ਸਮੇਤ ਕਾਬੂ ਕੀਤਾ|
ਸ਼ਾਹਾਬਾਦ ਥਾਣਾ ਇੰਚਾਰਜ  ਰਮੇਸ਼ ਕੁਮਾਰ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਰੂਤੀ ਕਾਰ ਤੇ ਅਮਨਦੀਪ ਲੱਖਾਂ ਦੀ ਨਵੀਂ ਕਰੰਸੀ ਲੈ ਕੇ ਕਿਸੇ ਨੂੰ ਦੇਣ ਜਾ ਰਹੇ ਸਨ| ਸੂਚਨਾ ਮਿਲਦੇ ਹੀ ਅਸੀਂ ਉਸ ਨੂੰ ਮਾਰਕੰਡਾ ਬਰਿੱਜ ਤੇ ਗ੍ਰਿਫਤਾਰ ਕੀਤਾ| ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲੀਸ ਸਾਰਾ ਨੈਟਵਰਕ ਲੱਭ ਰਹੀ ਹੈ ਕਿ ਕਿੱਥੋਂ ਇੰਨੀ ਭਾਰੀ ਕਰੰਸੀ ਆਈ ਅਤੇ ਕਿੱਥੇ ਸਪਲਾਈ ਹੋਣੀ ਸੀ|

Leave a Reply

Your email address will not be published. Required fields are marked *