ਸ਼ਾਹੀ ਮਾਜਰਾ ਵਿਖੇ ਛੋਟਾ ਸਲੰਡਰ ਫਟਣ ਨਾਲ 5 ਜਖਮੀ, 2 ਗੰਭੀਰ, ਪੀ ਜੀ ਆਈ ਦਾਖਿਲ ; ਸਨਅਤੀ ਖੇਤਰ ਵਿੱਚ ਆਈ ਟੀ ਕੰਪਨੀ ਦੀ ਕੰਟੀਨ ਵਿੱਚ ਦੋ ਕਮਰਸ਼ੀਅਲ ਸਲੰਡਰ ਫਟੇ, ਕਰਮਚਾਰੀ ਵਾਲ ਵਾਲ ਬਚੇ

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਮੁਹਾਲੀ ਦੇ ਪਿੰਡ ਸ਼ਾਹੀਮਾਜਰਾ ਵਿਖੇ ਪੀ ਜੀ ਰਹਿੰਦੇ ਕੁੱਝ ਨੌਜਵਾਨਾਂ ਦੇ ਕਮਰੇ ਵਿੱਚ ਛੋਟਾ ਸਲਿੰਡਰ ਬਲਾਸਟ ਹੋਣ ਨਾਲ 5 ਨੌਜਵਾਨ ਜਖਮੀ ਹੋ ਗਏ| ਘਟਨਾ ਰਾਤ 12.30 ਵਜੇ ਦੀ ਹੈ| ਦੂਜੀ ਘਟਨਾ ਸਨਅਤੀ ਖੇਤਰ ਫੇਜ਼-7 ਦੀ ਹੈ ਜਿੱਥੇ ਇੱਕ ਆਈ ਟੀ ਕੰਪਨੀ ਵਿੱਚ ਚੱਲਦੀ ਕੰਟੀਨ ਵਿੱਚ ਦੋ ਸਲਿੰਡਰ ਬਲਾਸਟ ਹੋ ਗਏ| ਇਸ ਘਟਨਾ ਵਿੱਚ ਕਰਮਚਾਰੀਆਂ ਦਾ ਵਾਲ ਵਾਲ ਬਚਾਅ ਹੋ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹੀਮਾਜਰਾ ਵਿਖੇ ਹੋਏ ਬਲਸਾਟ ਵਿੱਚ ਜਖਮੀ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀ ਜੀ ਆਈ ਦਾਖਿਲ ਕਰਵਾਇਆ ਗਿਆ ਹੈ| ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਧਮਾਕੇ ਤੋਂ ਬਾਅਦ ਚੌਥੀ ਮੰਜਿਲ ਤੋਂ ਹੇਠਾਂ ਡਿਗ ਪਿਆ ਜਿਸ ਕਾਰਨ ਉਸਦੇ ਸਿਰ ਤੇ ਵੀ ਗੰਭੀਰ ਸੱਟ ਆਈ ਹੈ| ਇਸ ਤੋਂ ਇਲਾਵਾ ਇਸ ਘਰ ਦੇ ਸਾਮ੍ਹਣੇ ਰਹਿੰਦੇ ਇੱਕ ਲੜਕੀ ਦੇ ਸਿਰ ਦੇ ਕੁੱਝ ਵਾਲ ਵੀ ਲਪਟ ਨਾਲ ਸੜ ਗਏ ਅਤੇ ਉਸਦੀ ਬਾਂਹ ਤੇ ਵੀ ਮਾਮੂਲੀ ਜਖਮ ਆਇਆ ਹੈ|
ਪਿੰਡ ਸ਼ਾਹੀਮਾਜਰਾ ਦੇ ਮਕਾਨ ਨੰ: 46 ਦੇ ਕਮਰਾ ਨੰ: 402 ਵਿੱਚ ਕੁੱਝ ਨੌਜਵਾਨ ਰਹਿੰਦੇ ਹਨ ਜੋ ਕਾਲ ਸੈਂਟਰ ਵਿੱਚ ਕੰਮ ਕਰਦੇ ਹਨ| ਰਾਤ 12.15 ਵਜੇ ਦੇ ਕਰੀਬ ਇਨ੍ਹਾਂ ਨੇ ਛੋਟੇ ਸਲੰਡਰ ਵਿੱਚ ਅੱਗ ਲੱਗੀ ਦੇਖੀ| ਉਨ੍ਹਾਂ ਨੇ ਇਸਨੂੰ ਬੁਝਾਉਣ ਦਾ ਯਤਨ ਕੀਤਾ ਪਰ ਇਸ ਦੌਰਾਨ ਸਲੰਡਰ ਫਟ ਗਿਆ| ਇਸਦੀਆਂ ਲਪਟਾਂ ਸਾਮ੍ਹਣੇ ਵਾਲੇ ਮਕਾਨਾਂ ਤੱਕ ਗਈਆਂ| ਇਸ ਦੌਰਾਨ  5 ਨੌਜਵਾਨ ਇਸਦੀ ਚਪੇਟ ਵਿੱਚ ਆ ਗਏ ਜਿਨ੍ਹਾਂ ਵਿੱਚੋਂ ਸੰਦੀਪ ਨਾਂ ਦਾ ਇੱਕ ਨੌਜਵਾਨ ਚੌਥੀ ਮੰਜਿਲ ਤੋਂ ਹੇਠਾਂ ਆ ਡਿਗਿਆ| ਇੱਕ ਹੋਰ ਨੌਜਵਾਨ ਜਿਸਦਾ ਨਾਂ ਵੀ ਸੰਦੀਪ ਹੀ ਦੱਸਿਆ ਗਿਆ ਹੈ ਇਸ ਹਾਦਸੇ ਵਿੱਚ ਝੁਲਸ ਕੇ ਬੁਰੀ ਤਰ੍ਹਾਂ ਜਖਮੀ ਹੋ ਗਿਆ| ਇਨ੍ਹਾਂ ਦੋਹਾਂ ਨੂੰ ਪੀ ਜੀ ਆਈ ਭੇਜਿਆ ਗਿਆ ਜਦੋਂ ਕਿ ਆਸ਼ੀਸ਼, ਪ੍ਰਤੀਕ ਅਤੇ ਬਰਿੰਦਰ ਨੂੰ ਸਿਵਲ ਹਸਪਤਾਲ ਫੇਜ਼-6 ਵਿੱਚ ਦਾਖਿਲ ਕਰਵਾਇਆ ਗਿਆ ਹੈ| ਇਨ੍ਹਾਂ ਵਿੱਚੋਂ ਬਰਿੰਦਰ  36 ਫੀਸਦੀ ਸੜਿਆ ਹੋਇਆ ਹੈ|
ਇੱਥੇ ਜਿਕਰਯੋਗ ਹੈ ਕਿ ਸ਼ਾਹੀਮਾਜਰਾ ਦੇ ਨਾਲ ਨਾਲ ਪਿੰਡ ਮੁਹਾਲੀ, ਬਲੌਂਗੀ, ਜਗਤਪੁਰਾ ਅਤੇ ਹੋਰਨਾਂ ਪਿੰਡਾਂ ਵਿੱਚ ਵੱਡੇ ਗੈਸ ਸਲੰਡਰ ਤੋਂ ਛੋਟੇ ਗੈਸ ਸਲੰਡਰਾਂ ਵਿੱਚ ਗੈਸ ਭਰ ਕੇ ਵੇਚਣ ਦਾ ਗੈਰਕਾਨੂੰਨੀ ਧੰਦਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਸਬੰਧਤ ਵਿਭਾਗ ਦੇ ਅਧਿਕਾਰੀ ਸੁੱਤੇ ਪਏ ਹਨ| ਪਿਛਲੇ ਦਿਨੀਂ ਸਨਅਤੀ ਖੇਤਰ ਵਿੱਚ ਈ ਐਸ ਆਈ ਹਸਪਤਾਲ ਦੇ ਸਾਮ੍ਹਣੇ ਇੱਕ ਛੋਲੇ ਵੇਚਣ ਵਾਲੇ ਦਾ ਛੋਟਾ ਸਲੰਡਰ ਫਟਣ ਦੀ ਘਟਨਾ ਵਾਪਰ ਚੁੱਕੀ ਹੈ ਪਰ ਵਿਭਾਗ ਨੇ ਇਸ ਤੋਂ ਵੀ ਕੋਈ ਸਬਕ ਨਹੀਂ ਲਿਆ ਜਿਸ ਨਾਲ ਅੱਜ ਸ਼ਾਹੀਮਾਜਰਾ ਵਿਖੇ ਇਹ ਦੂਜੀ ਵੱਡੀ ਘਟਨਾ ਵਾਪਰ ਗਈ ਹੈ|
ਇਸੇ ਦੌਰਾਨ ਅੱਜ ਸਵੇਰੇ 12 ਵਜੇ ਦੇ ਕਰੀਬ ਸਨਅਤੀ ਖੇਤਰ ਫੇਜ਼-7 ਵਿੱਚ ਸੀ-57 ਵਿੱਚ ਚੱਲਦੀ ਆਈ ਟੀ ਕੰਪਨੀ ਦੀ ਕੰਟੀਨ ਵਿੱਚ ਇੱਕ ਤੋਂ ਬਾਅਦ ਇੱਕ ਦੋ ਸਲੰਡਰ ਫਟੇ| ਕੰਟੀਨ ਦੇ ਕਰਮਚਾਰੀ ਸਲੰਡਰ ਵਿੱਚ ਅੱਗ ਲਗਣ ਤੋਂ ਬਾਅਦ ਮੌਕੇ ਤੋਂ ਭੱਜ
ਗਏ| ਕੰਪਨੀ ਦੇ ਕਰਮਚਾਰੀਆਂ ਅਨੁਸਾਰ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਪਰ ਫਾਇਰ ਬ੍ਰਿਗੇਡ ਨਾ ਪੁੱਜੀ ਅਤੇ 10 ਮਿੰਟ ਬਾਅਦ ਪਹਿਲੇ ਸਲੰਡਰ ਵਿੱਚ ਧਮਾਕਾ ਹੋ ਗਿਆ| ਇਸ ਤੋਂ 15 ਮਿੰਟ ਬਾਅਦ ਦੂਜੇ ਸਲੰਡਰ ਵਿੱਚ ਵੀ ਧਮਾਕਾ ਹੋ ਗਿਆ ਪਰ ਫਾਇਰ ਬ੍ਰਿਗੇਡ ਉਦੋਂ ਤੱਕ ਵੀ ਨਾ ਪੁੱਜੀ| ਕੰਪਨੀ ਦੇ ਕਰਮਚਾਰੀ ਬਾਹਰ ਨਿਕਲ ਆਏ ਅਤੇ ਕੰਟੀਨ ਦੇ ਨਾਲ ਲੱਗਦੇ ਕਮਰੇ ਵਿੱਚ ਅੱਗ ਨਾਲ ਸਾਰੇ ਕੰਪਿਊਟਰ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ|

Leave a Reply

Your email address will not be published. Required fields are marked *