ਸ਼ਿਮਲਾ ਵਿੱਚ ਸਾਲ ਦੀ ਪਹਿਲੀ ਬਰਫਬਾਰੀ, ਨਰਕੰਡਾ-ਰਾਮਪੁਰ ਹਾਈਵੇ ਬੰਦ



ਸ਼ਿਮਲਾ, 4 ਫਰਵਰੀ (ਸ.ਬ.) ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਅੱਜ ਸਵੇਰੇ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ। ਸ਼ਿਮਲਾ, ਕੁਫਰੀ, ਕੈਲੋਂਗ, ਕਲਪਾ ਤੇ ਸੂਬੇ ਦੇ ਕਈ ਉਚਾਈ ਵਾਲੇ ਖੇਤਰਾਂ ਵਿੱਚ ਅੱਜ ਸਵੇਰੇ ਬਰਫਬਾਰੀ ਹੋਈ। ਇਹ ਸ਼ਿਮਲਾ ਸ਼ਹਿਰ ਵਿੱਚ 2021 ਦੀ ਪਹਿਲੀ ਬਰਫਬਾਰੀ ਹੈ। ਤਾਜ਼ਾ ਬਰਫਬਾਰੀ ਕਾਰਨ ਸ਼ਿਮਲਾ ਵਿੱਚ ਆਏ ਸੈਲਾਨੀਆਂ ਦੇ ਦਿਲ ਦੀ ਮਨੋਕਾਮਨਾਵਾਂ ਪੂਰੀ ਹੋ ਗਈ ਹੈ।

ਬਰਫਬਾਰੀ ਕਾਰਨ ਸ਼ਿਮਲਾ ਦੇ 10-ਐਨ ਐਚ ਨੂੰ ਬੰਦ ਕਰ ਦਿੱਤਾ ਗਿਆ ਹੈ ਜਦੋਂਕਿ 50 ਸੰਪਰਕ ਰਸਤੇ ਬੰਦ ਹੋ ਗਏ ਹਨ। ਕਈ ਇਲਾਕਿਆਂ ਵਿੱਚ ਬਰਫਬਾਰੀ ਕਾਰਨ ਬਿਜਲੀ ਗੁਲ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ 5 ਫਰਵਰੀ ਤੱਕ ਹਿਮਾਚਲ ਵਿੱਚ ਮੌਸਮ ਖਰਾਬ ਰਹੇਗਾ। ਇਸ ਦੌਰਾਨ ਪਹਾੜਾ ਤੇ ਬਰਫਬਾਰੀ ਹੋਣ ਅਤੇ ਨੀਵੇਂ ਇਲਾਕਿਆਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਬਰਫਬਾਰੀ ਕਾਰਨ ਕਿਸਾਨਾਂ ਦੇ ਚਿਹਰੇ ਵੀ ਖਿੜ੍ਹ ਗਏ ਹਨ। ਸ਼ਿਮਲਾ ਵਿੱਚ ਜਨਵਰੀ ਵਿੱਚ ਬਰਫਬਾਰੀ ਤੇ ਮੀਂਹ ਨਹੀਂ ਪਿਆ ਸੀ, ਇਸ ਤੋਂ ਬਾਅਦ ਫਸਲਾਂ ਤੇ ਖ਼ਤਰਾ ਮੰਡਰਾ ਰਿਹਾ ਸੀ ਪਰ ਹੁਣ ਬਰਫਬਾਰੀ ਕਾਰਨ ਫਸਲਾਂ ਨੂੰ ਨਵੀਂ ਜਿੰਦਗੀ ਮਿਲ ਗਈ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਸਾਲ ਫਰਵਰੀ ਮਹੀਨੇ ਵਿੱਚ ਬਰਫਬਾਰੀ ਹੋਣ ਨਾਲ ਪਿਛਲੇ ਪੰਦਰਾਂ ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ।

ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਬਰਫਬਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਡੀਸੀ ਸ਼ਿਮਲਾ ਆਦਿੱਤਿਆ ਨੇਗੀ ਦਾ ਕਹਿਣਾ ਹੈ ਕਿ ਸੜਕਾਂ ਖੋਲ੍ਹਣ ਲਈ ਮਸ਼ੀਨਰੀ ਤੇ ਲੇਬਰ ਲਗਾਈ ਗਈ ਹੈ। ਜੇਕਰ ਇੱਥੇ ਵਧੇਰੇ ਬਰਫਬਾਰੀ ਹੋਈ ਤਾਂ ਸੈਲਾਨੀਆਂ ਨੂੰ ਵੀ ਉਪਰਲੇ ਖੇਤਰਾਂ ਵਿੱਚ ਜਾਣ ਤੋਂ ਰੋਕਿਆ ਜਾਵੇਗਾ।

ਇਸ ਦੌਰਾਨ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਵੀ ਅੱਜ ਸਵੇਰ ਤੋਂ ਹੀ ਰੁਕ ਰੁਕ ਦੇ ਬਾਰਿਸ਼ ਹੋ ਰਹੀ ਹੈ।

Leave a Reply

Your email address will not be published. Required fields are marked *