ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਅਮਿਤ ਸ਼ਰਮਾ ਤੇ ਧਮਕੀਆਂ ਦੇਣ ਅਤੇ ਜਬਰੀ ਵਸੂਲੀ ਦੇ ਕੇਸ ਹੇਠ ਮਾਮਲਾ ਦਰਜ

ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਅਮਿਤ ਸ਼ਰਮਾ ਤੇ ਧਮਕੀਆਂ ਦੇਣ ਅਤੇ ਜਬਰੀ ਵਸੂਲੀ ਦੇ ਕੇਸ ਹੇਠ ਮਾਮਲਾ ਦਰਜ, ਅਮਿਤ ਸ਼ਰਮਾ ਨੇ ਖੁਦ ਨੂੰ ਬੇਕਸੂਰ ਦਸਿਆ
ਐਸ.ਏ.ਐਸ.ਨਗਰ, 26 ਅਪ੍ਰੈਲ (ਸ.ਬ.)  ਦੋ ਮਹੀਨੇ ਪਹਿਲਾਂ ਹੋਈਆਂ ਵਿਧਾਨਸਭਾ ਚੋਣਾਂ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੀ ਟਿਕਟ ਤੇ ਮੁਹਾਲੀ ਵਿਧਾਨਸਭਾ ਹਲਕੇ ਦੀ ਚੋਣ ਲੜਣ ਵਾਲੇ ਉਮੀਦਵਾਰ ਸ੍ਰੀ ਅਮਿਤ ਸ਼ਰਮਾ ਦੇ ਖਿਲਾਫ ਖਰੜ ਪੁਲੀਸ ਵੱਲੋਂ ਛੱਜੂ ਮਾਜਰਾ ਕਾਲੋਨੀ ਖਰੜ ਦੇ ਇੱਕ ਵਸਨੀਕ ਤਰਸੇਮ ਸਿੰਘ ਦੀ ਸ਼ਿਕਾਇਤ ਤੇ ਉਸਨੂੰ ਕਬੂਤਰਬਾਜੀ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਹਰ ਮਹੀਨੇ 40 ਤੋਂ 50 ਹਜ਼ਾਰ ਰੁਪਏ ਮੰਗਣ ਅਤੇ ਉਸ ਨੂੰ ਰਾਹ ਵਿੱਚ ਰੋਕ ਕੇ ਉਸ ਤੋਂ 8700 ਰੁਪਏ ਖੋਹਣ ਸੰਬੰਧੀ ਆਈ.ਪੀ.ਸੀ. ਦੀ ਧਾਰਾ 341,384 ਅਤੇ 388 ਅਧੀਨ ਕੇਸ ਦਰਜ ਕੀਤਾ ਹੈ| ਦੂਜੇ ਪਾਸੇ ਸ੍ਰੀ ਅਮਿਤ ਸ਼ਰਮਾ ਨੇ ਖੁਦ ਨੂੰ ਬੇਕਸੂਰ ਦੱਸਦਿਆ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਉਸਦੇ ਸਿਆਸੀ  ਵਿਰੋਧੀਆਂ ਦੀ ਸ਼ਹਿ ਤੇ ਨਿੱਜੀ ਰੰਜਿਸ਼ ਦੇ ਮਾਮਲੇ ਨੂੰ ਲੁਟ ਖੋਹ ਵਿੱਚ ਤਬਦੀਲ ਕਰ ਦਿੱਤਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਬੰਧੀ ਸ਼ਿਕਾਇਤਕਰਤਾ ਸ੍ਰੀ ਤਰਸੇਮ ਸਿੰਘ ਵੱਲੋਂ ਬੀਤੀ 16 ਫਰਵਰੀ ਨੂੰ ਜਿਲ੍ਹਾ ਮੁਹਾਲੀ ਦੇ ਐਸ.ਐਸ.ਪੀ ਨੂੰ ਪੱਤਰ ਲਿਖ ਕੇ ਅਮਿਤ ਸ਼ਰਮਾ ਵੱਲੋਂ ਉਸਨੂੰ ਕਬੂਤਰਬਾਜੀ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 40 ਤੋਂ 50 ਹਜਾਰ ਰੁਪਏ ਮਹੀਨਾ ਦੇਣ ਦੀ ਮੰਗ ਕਰਨ ਅਤੇ 14 ਫਰਵਰੀ ਨੂੰ ਰਾਹ ਜਾਂਦੇ ਰੋਕ ਕੇ ਉਸਤੋਂ 8750 ਰੁਪਏ ਖੋਹਣ ਦੀ ਸ਼ਿਕਾਇਤ ਕੀਤੀ ਸੀ| ਤਰਸੇਮ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਛਜੂਮਾਜਰਾ ਕਾਲੋਨੀ ਮੁੰਡੀ ਖਰੜ ਦਾ ਵਸਨੀਕ ਹੈ ਅਤੇ ਅਮਿਤ ਸ਼ਰਮਾ ਵੱਲੋਂ ਪਿਛਲੇ ਕੁੱਝ  ਸਮੇਂ ਤੋਂ ਉਸਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਜੇਕਰ ਉਸਨੇ (ਤਰਸੇਮ ਨੇ) ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਨਾ ਹੈ ਤਾਂ ਉਸਨੂੰ (ਅਮਿਤ ਸ਼ਰਮਾ ਨੂੰ) ਹਰ ਮਹੀਨੇ 40 ਤੋਂ 50 ਹਜਾਰ ਰੁਪਏ ਦੇਣੇ ਪੈਣਗੇ| ਸ਼ਿਕਾਇਤਕਰਤਾ ਅਨੁਸਾਰ ਅਮਿਤ ਸ਼ਰਮਾ ਵੱਲੋਂ ਉਸਨੂੰ ਧਮਕਾਇਆ ਜਾਂਦਾ ਸੀ ਕਿ ਉਸਦੀ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਦੋਸਤੀ ਹੈ ਅਤੇ ਉਹ ਚਾਹੇ ਤਾਂ ਸ਼ਿਕਾਇਤਕਰਤਾ ਨੂੰ ਕਬੂਤਰਬਾਜੀ ਦੇ ਕੇਸ ਵਿੱਚ ਅੰਦਰ ਕਰਵਾ ਸਕਦਾ ਹੈ|
ਸ਼ਿਕਾਇਤਕਰਤਾ ਅਨੁਸਾਰ ਬੀਤੀ 14 ਫਰਵਰੀ ਦੀ ਰਾਤ ਨੂੰ 7.30 ਵਜੇ ਦੇ ਕਰੀਬ ਅਮਿਤ ਸ਼ਰਮਾ ਨੇ ਰਾਹ ਜਾਂਦਿਆਂ ਉਸਦੀ ਗੱਡੀ ਅੱਗੇ ਆਪਣੀ ਗੱਡੀ ਲਾ ਕੇ ਰਾਹ ਰੋਕ ਲਿਆ ਅਤੇ ਕਹਿਣ ਲੱਗਾ ਕਿ ਹੁਣ ਤੂੰ ਭੱਜ ਨਹੀਂ ਸਕਦਾ ਅਤੇ 15 ਮਿਨਟ ਵਿੱਚ ਉਸਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਜਾਵੇਗਾ| ਸ਼ਿਕਾਇਤਕਰਤਾ ਅਨੁਸਾਰ ਅਮਿਤ ਸ਼ਰਮਾ ਨੇ ਉਸਨੂੰ ਕਿਹਾ ਕਿ ਜਿੰਨੇ ਪੈਸੇ ਉਸ ਕੋਲ ਹਨ ਉਹ ਅਮਿਤ ਸ਼ਰਮਾ ਦੇ ਹਵਾਲੇ ਕਰ ਦੇਵੇ ਅਤੇ ਉਸਦੇ 8700 ਰੁਪਏ ਖੋਹ ਲਏ|
ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਐਸ.ਪੀ ਵੱਲੋਂ ਉਕਤ ਸ਼ਿਕਾਇਤ ਦੀ ਜਾਂਚ ਲਈ ਐਸ.ਐਚ.ਉ ਖਰੜ ਦੀ ਡਿਊਟੀ ਲਗਾਈ ਸੀ ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤਰਸੇਮ ਸਿੰਘ 2008 ਤੋਂ 2016 ਤੱਕ ਲੋਕਾਂ ਨੂੰ          ਵਿਦੇਸ਼ ਭੇਜਣ ਦਾ ਕੰਮ ਕਰਦਾ ਸੀ ਅਤੇ ਅਮਿਤ ਸ਼ਰਮਾ ਵੱਲੋਂ ਖੁਦ ਦੀ ਉਚ ਅਧਿਕਾਰੀਆਂ ਨਾਲ ਦੋਸਤੀ ਦੱਸ ਕੇ ਸ਼ਿਕਾਇਤਕਰਤਾ ਤੇ ਦਬਾਅ ਪਾਇਆ ਗਿਆ ਸੀ ਕਿ ਉਹ ਅਮਿਤ ਸ਼ਰਮਾ ਨੂੰ 40-50 ਹਜ਼ਾਰ ਰੁਪਏ ਮਹੀਨਾ ਅਦਾ ਕਰਿਆ ਕਰੇ| ਜਾਂਚ ਅਧਿਕਾਰੀ ਦੀ ਰਿਪੋਰਟ ਅਨੁਸਾਰ ਸ਼ਿਕਾਇਤਕਰਤਾ ਵੱਲੋਂ 14 ਫਰਵਰੀ ਦੀ ਰਾਤ ਨੂੰ ਅਮਿਤ ਸ਼ਰਮਾ ਵੱਲੋਂ ਉਸਨੂੰ ਰਾਹ ਵਿੱਚ ਘੇਰ ਕੇ  ਧਮਕਾਉਣ ਅਤੇ ਉਸ ਤੋਂ 8700 ਰੁਪਏ ਖੋਹਣ ਸਬੰਧੀ ਸ਼ਿਕਾਇਤ ਜਾਇਜ ਪਾਈ ਗਈ ਸੀ|
ਐਸ . ਐਚ. ਉ ਦੀ ਜਾਂਚ ਰਿਪੋਰਟ ਤੇ ਖਰੜ ਦੇ ਡੀ. ਐਸ. ਪੀ ਵਲੋਂ ਸਹਿਮਤੀ ਜਾਹਿਰ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਜਿਲ੍ਹਾ ਅਟਾਰਨੀ ( ਡੀ. ਏ. ਲੀਗਲ ) ਕੋਲ ਗਿਆ ਸੀ ਅਤੇ ਡੀ. ਏ. ਲੀਗਲ ਦੀ ਸਿਫਾਰਿਸ਼ ਤੇ ਖਰੜ ਪੁਲੀਸ ਵਲੋਂ ਅਮਿਤ ਸ਼ਰਮਾ ਦੇ ਖਿਲਾਫ ਤਰਮੇਸ ਸਿੰਘ ਨੂੰ ਧਮਕਾਉਣ ਅਤੇ ਉਸਤੋਂ ਜਬਰੀ ਵਸੂਲੀ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ|
ਦੂਜੇ ਪਾਸੇ ਸ੍ਰੀ ਅਮਿਤ ਸ਼ਰਮਾ ਨੇ ਖੁਦ ਨੂੰ ਬੇਕੂਸਰ ਦੱਸਦਿਆਂ ਉਸਨੂੰ ਸਿਆਸੀ ਸਾਜਿਸ਼ ਤਹਿਤ ਫਸਾਉਣ ਦਾ ਦੋਸ਼ ਲਗਾਇਆ ਹੈ| ਅਮਿਤ ਸ਼ਰਮਾ ਦਾ ਕਹਿਣਾ ਹੈ ਕਿ ਜਿਸ ਰਾਤ (14 ਫਰਵਰੀ ) ਨੂੰ ਉਸ ਉਪਰ ਤਰਸੇਮ ਸਿੰਘ ਨੂੰ ਰਾਹ ਵਿੱਚ ਰੋਕ ਕੇ ਪੈਸੇ ਖੋਹਣ ਦਾ ਇਲਜਾਮ ਲਗਾਇਆ ਗਿਆ ਉਸ ਰਾਤ ਤਰਸੇਮ ਸਿੰਘ ਸਵਾ ਸੱਤ ਵਜੇ ਤੋਂ 8 ਵਜੇ ਤਕ ਖੁਦ ਉਹਨਾਂ ਦੇ ਦਫਤਰ ਵਿੱਚ ਬੈਠਾ ਸੀ ਜਿਸਦੀ ਸੀ. ਸੀ. ਟੀ. ਵੀ ਫੁਟੇਜ ਦੀ ਸੀ. ਡੀ. ਉਹਨਾਂ ਵਲੋਂ ਖਰੜ ਦੇ ਐਸ. ਐਚ. ਉ ਦਿੱਤੀ ਗਈ ਸੀ ਪਰੰਤੂ ਇਹ ਸੀ. ਡੀ. ਐਸ. ਐਸ. ਪੀ ਤਕ ਪਹੁੰਚਾਈ ਹੀ ਨਹੀਂ ਗਈ| ਉਹਨਾਂ ਕਿਹਾ ਕਿ ਉਹਨਾਂ ਉਪਰ ਪਹਿਲਾਂ ਵੀ ਪੁਲੀਸ ਵਲੋਂ ਝੂਠੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਕਿਉਂਕਿ ਉਹ ਆਮ ਲੋਕਾਂ ਦੇ ਹੱਕਾਂ ਲਈ ਲੜਦੇ ਹਨ ਪਰੰਤੂ ਬਾਅਦ ਵਿੱਚ ਅਦਾਲਤ ਵਿੱਚ ਉਹ ਬੇਦਾਗ ਸਾਬਿਤ ਹੋਏ ਹਨ ਅਤੇ ਇਸ ਵਾਰ ਵੀ ਉਹ ਅਦਾਲਤ ਤੋਂ ਬੇਦਾਗ ਹੋ ਕੇ            ਨਿਕਲਣਗੇ|
ਸੰਪਰਕ ਕਰਨ ਤੇ ਮਾਮਲੇ ਦੇ ਜਾਂਚ ਅਧਿਕਾਰੀ ਏ.ਐਸ.ਆਈ. ਦੀਪ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਅਮਿਤ ਸ਼ਰਮਾ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *