ਸ਼ਿਵ ਸੈਨਾ ਹਿੰਦੁਸਤਾਨ ਵੱਲੋਂ 30 ਸੀਟਾਂ ਤੇ ਚੋਣ ਲੜਨ ਦਾ ਫੈਸਲਾ, 5 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਐਸ.ਏ.ਐਸ. ਨਗਰ, 24 ਦਸੰਬਰ (ਸ.ਬ.) ਸ਼ਿਵ ਸੈਨਾ ਹਿੰਦੁਸਤਾਨ ਦੀ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਅਤੇ ਅਤਿਵਾਦ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੇ ਮੁੱਦਿਆਂ ਤੇ ਪੰਜਾਬ ਵਿੱਚ 30 ਸੀਟਾਂ ਤੇ ਚੋਣ   ਲੜੇਗੀ| ਇਹ ਗੱਲ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਕੁਮਾਰ ਗੁਪਤਾ ਨੇ ਅੱਜ ਇੱਥੋਂ ਦੇ ਸੈਕਟਰ-58 ਸਥਿਤ ਸ਼ਾਹੀ ਮਾਜਰਾ ਮਾਰਕੀਟ ਵਿੱਚ ਜ਼ਿਲ੍ਹਾ ਪ੍ਰੈੱਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖੀ| ਇਸ ਮੌਕੇ ਸਿਵ ਸੈਨਾ ਨੇ 5 ਉਮੀਦਵਾਰਾਂ ਦਾ ਐਲਾਨ ਵੀ ਕੀਤਾ| ਜਿਨ੍ਹਾਂ ਵਿੱਚ ਜਥੇਬੰਦੀ ਦੇ ਪੰਜਾਬ ਯੁਵ ਵਿੰਗ ਦੇ ਸੂਬਾਈ ਪ੍ਰਧਾਨ ਅਮਿਤ ਸ਼ਰਮਾ ਨੂੰ ਮੁਹਾਲੀ ਹਲਕੇ ਤੋਂ ਚੋਣ ਲੜਾਉਣ ਦਾ ਫੈਸਲਾ ਲਿਆ ਹੈ, ਜਦੋਂ ਕਿ ਸ੍ਰੀ ਸੰਜੀਵ ਕੁਮਾਰ ਪਾਇਲਟ ਨੂੰ ਅਮਲੋਹ, ਸ੍ਰੀਮਤੀ ਕਿਰਨ ਬਾਲਾ ਨੂੰ ਪਠਾਨਕੋਟ ਸ਼ਹਿਰੀ, ਸ੍ਰੀ ਨਰਿੰਦਰ ਭਾਰਦਵਾਜ਼ ਨੂੰ ਸਾਹਨੇਵਾਲ ਦਿਹਾਤੀ ਅਤੇ ਸ੍ਰੀਮਤੀ ਰੇਖਾ ਕਪੂਰ ਨੂੰ ਮੋਗਾ ਸ਼ਹਿਰੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ|

ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 12 ਉਮੀਦਵਾਰਾਂ ਨੂੰ ਟਿਕਟਾਂ ਦੇ ਕੇ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਬਾਕੀ ਉਮੀਦਵਾਰਾਂ ਦੀ ਘੋਸ਼ਣਾ ਵੀ ਬਹੁਤ ਜਲਦੀ ਕਰ ਦਿੱਤੀ  ਜਾਵੇਗੀ| ਔਰਤਾਂ ਸਮੇਤ ਨੌਜਵਾਨਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ| ਉਨ੍ਹਾਂ ਦੱਸਿਆ ਕਿ ਲੋਹੜੀ ਤੋਂ ਪਹਿਲਾਂ 10 ਜਨਵਰੀ ਨੂੰ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ ਅਤੇ ਨਾਰੀਅਲ ਚੋਣ ਨਿਸਾਨ ‘ਤੇ ਚੋਣ ਲੜੀ ਜਾਵੇਗੀ| ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਆਪਣੀ ਕੁਰਸੀ ਬਚਾਉਣ ਲਈ ਅਤਿਵਾਦ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਦੀ ਬਜਾਏ ਬਾਦਲਾਂ ਦੀ ਗੁਲਾਮੀ ਕਬੂਲ ਲਈ ਹੈ, ਜੋ ਦੇਸ਼ ਅਤੇ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ| ਉਨ੍ਹਾਂ ਕਿਹਾ ਕਿ 35 ਹਜ਼ਾਰ ਅਤਿਵਾਦ ਪੀੜਤ ਪਰਿਵਾਰਾਂ ਨੂੰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ ਹੈ| ਪੀੜਤਾਂ ਵਿੱਚ ਹਿੰਦੂਆਂ ਸਮੇਤ ਸਿੱਖ ਅਤੇ ਹੋਰਨਾਂ ਧਰਮਾਂ ਅਤੇ ਵਰਗਾਂ ਦੇ ਲੋਕ ਸ਼ਾਮਲ ਹਨ| ਉਨ੍ਹਾਂ ਕਿਹਾ ਕਿ ਬਾਦਲਾਂ ਨੇ ਆਪਣੇ 10 ਸਾਲਾਂ ਦੇ ਰਾਜ ਵਿੱਚ ਲੋਕਾਂ ਲਈ ਕੁੱਝ ਨਹੀਂ ਕੀਤਾ ਹੈ ਹੁਣ ਜਦੋਂ ਵਿਧਾਨ ਸਭਾ ਚੋਣਾਂ ਸਿਰ ਤੇ ਹਨ ਤਾਂ ਸਰਕਾਰ ਨੇ ਵਿਕਾਸ ਕਾਰਜਾਂ ਅਤੇ ਨੌਕਰੀਆਂ ਦੇਣ ਦੀ ਝੜੀ ਲਗਾ ਦਿੱਤੀ ਹੈ| ਉਨ੍ਹਾਂ ਰਾਜ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਹ ਸਭ ਕੁੱਝ ਚੋਣ ਸਟੰਟ ਹੈ|

Leave a Reply

Your email address will not be published. Required fields are marked *