ਸ਼ੇਅਰ ਬਾਜਾਰ ਵਿੱਚ ਆਪਣੀ ਪੂੰਜੀ ਸੁਰੱਖਿਅਤ ਕਰਕੇ ਰੱਖਣ ਛੋਟੇ ਨਿਵੇਸ਼ਕ

ਸਾਡੇ ਦੇਸ਼ ਦਾ ਸ਼ੇਅਰ ਬਾਜਾਰ ਇਸ ਵੇਲੇ ਰੋਜ ਨਵੀਆਂ ਉਚਾਈਆਂ ਛੂਹ ਰਿਹਾ ਹੈ ਅਤੇ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਇਸ ਵਿੱਚ ਲਗਾਤਾਰ ਤੇਜੀ ਦਰਜ ਕੀਤੀ ਜਾ ਰਹੀ ਹੈ| ਕੁੱਝ ਦਿਨ ਪਹਿਲਾਂ 38 ਹਜਾਰ ਦੇ ਅੰਕੜੇ ਨੂੰ ਪਾਰ ਕਰਨ ਵਾਲੇ ਭਾਰਤੀ ਸ਼ੇਅਰ ਬਾਜਾਰ ਦੇ ਸੂਚਕ ਅੰਕ ਵਿੱਚ ਤੇਜੀ ਦਾ ਇਹ ਦੌਰ ਹੁਣੇ ਵੀ ਜਾਰੀ ਹੈ| ਹਾਲਾਂਕਿ ਇਹ ਬਾਜਾਰ ਹਾਲੇ ਹੋਰ ਵੀ ਉੱਪਰ ਜਾਵੇਗਾ ਜਾਂ ਫਿਰ ਇਸ ਵਿੱਚ ਗਿਰਾਵਟ ਦਾ ਦੌਰ ਆਰੰਭ ਹੋ ਜਾਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ ਪਰੰਤੂ ਬਾਜਾਰ ਵਿੱਚ ਆਈ ਇਸ ਭਾਰੀ ਤੇਜੀ ਤੋਂ ਬਾਅਦ ਨਿਵੇਸ਼ਕਾਂ ਵਲੋਂ ਸਾਵਧਾਨੀ ਵਰਤੀ ਜਾਣੀ ਜਰੂਰੀ ਹੈ ਤਾਂ ਜੋ ਅਚਾਨਕ ਆਉਣ ਵਾਲੀ ਕਿਸੇ ਵੱਡੀ ਗਿਰਾਵਟ ਕਾਰਨ ਉਹਨਾਂ ਦਾ ਮੁਨਾਫਾ ਨੁਕਸਾਨ ਵਿੱਚ ਤਬਦੀਲ ਨਾ ਹੋ ਜਾਵੇ|
ਸ਼ੇਅਰ ਬਾਜਾਰ ਦੇ ਮਾਹਿਰ ਹੁਣੇ ਇਸ ਵਿੱਚ ਹੋਰ ਤੇਜੀ ਆਉਣ ਦੀ ਪੇਸ਼ੀਨਗੋਈ ਕਰ ਰਹੇ ਹਨ ਅਤੇ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਸ਼ੇਅਰ ਬਾਜਾਰ ਨੇ ਨਵੀਂ ਉਚਾਈ ਨੂੰ ਹਾਸਿਲ ਕੀਤਾ ਹੋਵੇ ਬਲਕਿ ਸ਼ੇਅਰ ਬਾਜਾਰ ਦਾ ਹੁਣ ਤਕ ਦਾ ਇਹੀ ਇਤਿਹਾਸ ਰਿਹਾ ਹੈ ਕਿ ਇਹ ਸਮੇਂ ਸਮੇਂ ਤੇ ਪੁਰਾਣੇ ਰਿਕਾਰਡ ਤੋੜਦਾ ਰਹਿੰਦਾ ਹੈ| ਇਹ ਵੀ ਇੱਕ ਤੱਥ ਹੈ ਕਿ ਜਦੋਂ ਵੀ ਇਸ ਵਿੱਚ ਰਿਕਾਰਡ ਤੋੜ ਤੇਜੀ ਆਉਂਦੀ ਹੈ, ਫਿਰ ਕੁੱਝ ਸਮੇਂ ਬਾਅਦ ਇਸ ਵਿੱਚ ਉਸੇ ਤੇਜੀ ਨਾਲ ਗਿਰਾਵਟ ਦਾ ਦੌਰ ਵੀ ਜਰੂਰ ਆਉਂਦਾ ਹੈ| ਸਵਾ ਚਾਰ ਸਾਲ ਪਹਿਲਾਂ ਜਦੋਂ ਦੇਸ਼ ਵਿੱਚ ਸ੍ਰੀ ਨਰਿੰੰਦਰ ਮੋਦੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਹੋਂਦ ਵਿੱਚ ਆਈ ਸੀ ਉਸ ਵੇਲੇ ਵੀ ਸ਼ੇਅਰ ਬਾਜਾਰ ਨੇ ਇਸੇ ਤਰ੍ਹਾਂ ਤੇਜੀ ਦਾ ਰੁਝਾਨ ਫੜਿਆ ਸੀ ਅਤੇ 2014 ਵਿੱਚ 20 ਹਜਾਰ ਦੇ ਆਸ ਪਾਸ ਘੁੰਮਣ ਵਾਲਾ ਭਾਰਤੀ ਸ਼ੇਅਰ ਬਾਜਾਰ ਦਾ ਸੂਚਕ ਅੰਕ ਲਗਭਗ ਡੇਢ ਗੁਨਾ ਤਕ ਵੱਧ ਗਿਆ ਸੀ ਪਰੰਤੂ ਫਿਰ (ਦਸੰਬਰ 2015 ਵਿੱਚ) ਇਸ ਵਿੱਚ ਗਿਰਾਵਟ ਆਉਣੀ ਸ਼ੁਰੂ ਹੋਈ ਜਿਸ ਦੌਰਾਨ ਇਹ ਆਪਣੇ ਉੱਪਰਲੇ ਅੰਕੜੇ ਤੋਂ 25 ਫੀਸਦੀ ਦੇ ਕਰੀਬ ਡਿੱਗ ਕੇ ਮੁੜ 23 ਹਜਾਰ ਦੇ ਆਸਪਾਸ ਆ ਗਿਆ ਸੀ ਅਤੇ ਉਸ ਵੇਲੇ ਸ਼ੇਅਰ ਬਾਜਾਰ ਵਿੱਚ ਆਈ ਇਹ ਗਿਰਾਵਟ ਨਿਵੇਸ਼ਕਾਂ ਦਾ ਪੂਰਾ ਮੁਨਾਫਾ ਆਪਣੇ ਨਾਲ ਸਮੇਟ ਕੇ ਲੈ ਗਈ ਸੀ|
ਹਰ ਵਾਰ ਅਜਿਹਾ ਹੀ ਹੁੰਦਾ ਹੈ ਅਤੇ ਬਾਜਾਰ ਵਿੱਚ ਆਉਣ ਵਾਲੀ ਇਹ ਗਿਰਾਵਟ ਨਿਵੇਸ਼ਕਾਂ ਦੀ ਪੂੰਜੀ ਦਾ ਇੱਕ ਵੱਡਾ ਹਿੱਸਾ ਆਪਣੇ ਨਾਲ ਲੈ ਜਾਂਦੀ ਹੈ| ਨਿਵੇਸ਼ਕ ਹੁਣੇ ਵੀ ਸ਼ੇਅਰ ਬਾਜਾਰ ਵਿੱਚ ਸਾਲ 2008 ਵਿੱਚ ਆਈ ਭਾਰੀ ਗਿਰਾਵਟ ਨੂੰ ਭੁੱਲੇ ਨਹੀ ਹੋਣਗੇ ਜਦੋਂ ਵਿਸ਼ਵ ਦੀ ਅਰਥ ਵਿਵਸਥਾ ਤੇ ਹਾਵੀ ਹੋਈ ਭਾਰੀ ਮੰਦੀ ਦੇ ਕਾਰਨ ਭਾਰਤੀ ਸ਼ੇਅਰ ਬਾਜਾਰ ਵਿੱਚ ਭਾਰੀ ਗਿਰਾਵਟ ਆਈ ਸੀ ਅਤੇ ਇਸ ਦੌਰਾਨ ਨਿਵੇਸ਼ਕਾਂ ਦੀ ਸਾਰੀ ਕਮਾਈ ਇਸ ਗਿਰਾਵਟ ਦੀ ਭੇਂਟ ਚੜ੍ਹ ਗਈ ਸੀ| ਉਸ ਵੇਲੇ ਸ਼ੇਅਰ ਬਾਜਾਰ ਇੱਕ ਵਾਰ 21000 ਦੇ ਜਾਦੂਈ ਅੰਕੜੇ ਨੂੰ ਪਾਰ ਕਰਨ ਤੋਂ ਬਾਅਦ ਬਹੁਤ ਤੇਜੀ ਨਾਲ ਹੇਠਾਂ ਆਇਆ ਸੀ ਅਤੇ ਡਿੱਗਦਾ ਡਿੱਗਦਾ 7800 ਦੇ ਅੰਕੜੇ ਤਕ ਪਹੁੰਚ ਗਿਆ ਸੀ| ਉਸ ਵੇਲੇ ਬਾਜਾਰ ਦੀ ਗਿਰਾਵਟ ਦਾ ਕਾਰਨ ਉਹ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਬਣੇ ਸਨ ਜਿਹਨਾਂ ਵਲੋਂ ਵਿਸ਼ਵ ਭਰ ਦੇ ਸ਼ੇਅਰ ਬਾਜਾਰਾਂ ਤੋਂ ਆਪਣੀ ਪੂੰਜੀ ਸਮੇਟ ਲਈ ਗਈ ਸੀ|
ਜਾਹਿਰ ਹੈ ਕਿ ਜੇਕਰ ਵਿਸ਼ਵ ਬਾਜਾਰ ਵਿੱਚ ਮੰਦੀ ਦਾ ਪ੍ਰਭਾਵ ਜਾਰੀ ਰਿਹਾ (ਜਿਸਦੇ ਆਸਾਰ ਬਣਦੇ ਦਿਖ ਰਹੇ ਹਨ) ਤਾਂ ਅਜਿਹਾ ਇੱਕ ਵਾਰ ਫਿਰ ਵੀ ਹੋ ਸਕਦਾ ਹੈ| ਉਂਝ ਵੀ ਸ਼ੇਅਰ ਬਾਜਾਰ ਦੇ ਮਾਹਿਰਾਂ ਦੇ ਦਾਅਵੇ ਕਦੋਂ ਝੂਠੇ ਪੈ ਜਾਣਗੇ ਅਤੇ ਉੱਪਰ ਵੱਲ ਨੂੰ ਜਾਂਦਾ ਇਹ ਬਾਜਾਰ ਕਦੋਂ ਤੇਜੀ ਨਾਲ ਹੇਠਾਂ ਡਿੱਗਣਾ ਸ਼ੁਰੂ ਹੋ ਜਾਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ| ਬਾਜਾਰ ਵਿੱਚ ਆਉਣ ਵਾਲੀ ਅਜਿਹੀ ਕਿਸੇ ਵੀ ਗਿਰਾਵਟ ਦੀ ਸਭ ਤੋਂ ਵੱਧ ਮਾਰ ਛੋਟੇ ਨਿਵੇਸ਼ਕਾਂ ਨੂੰ ਹੀ ਸਹਿਣੀ ਪੈਂਦੀ ਹੈ ਇਸ ਲਈ ਨਿਵੇਸ਼ਕਾਂ ਨੂੰ ਪੂਰੀ ਤਰ੍ਹਾਂ ਚੌਕਸ ਹੋ ਜਾਣਾ ਚਾਹੀਦਾ ਹੈ ਅਤੇ ਆਪਣੀ ਪੂੰਜੀ ਨੂੰ ਸੁਰਖਿਅਤ ਕਰ ਲੈਣਾ ਚਾਹੀਦਾ ਹੈ|
ਸ਼ੇਅਰ ਬਾਜਾਰ ਵਿੱਚ ਪੈਸਾ ਲਗਾਉਣ ਵਾਲੇ ਛੋਟੇ ਨਿਵੇਸ਼ਕਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਸ਼ੇਅਰ ਬਾਜਾਰ ਦੀ ਦਸ਼ਾ ਅਤੇ ਦਿਸ਼ਾ ਬਾਜਾਰ ਦੀਆਂ ਉਹ ਤਾਕਤਾਂ ਨਿਰਧਾਰਤ ਕਰਦੀਆਂ ਹਨ ਜਿਹੜੀਆਂ ਇਸਦੇ ਕਾਰੋਬਾਰ ਵਿੱਚ ਹੋਣ ਵਾਲੇ ਉਲਟਫੇਰ ਤੋਂ ਹੀ ਮੁਨਾਫਾ ਕਮਾਉਂਦੀਆਂ ਹਨ ਅਤੇ ਬਾਜਾਰ ਵਿੱਚ ਹੋਣ ਵਾਲਾ ਇਹ ਉਲਟਫੇਰ ਛੋਟੇ ਨਿਵੇਸ਼ਕਾਂ ਲਈ ਹਮੇਸ਼ਾ ਮਾਰੂ ਸਿੱਧ ਹੁੰਦਾ ਆਇਆ ਹੈ| ਨਿਵੇਸ਼ਕਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਵੱਡੇ ਨੁਕਸਾਨ ਤੋਂ ਬਚਣ ਲਈ ਉਹ ਪੂਰੀ ਤਰ੍ਹਾਂ ਸਾਵਧਾਨੀ ਵਰਤਣ ਅਤੇ ਜਿਆਦਾ ਲਾਲਚ ਵਿੱਚ ਪੈਣ ਦੀ ਥਾਂ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਆਪਣਾ ਮੁਨਾਫਾ ਹਾਸਿਲ ਕਰਕੇ ਆਪਣੀ ਪੂੰਜੀ ਨੂੰ ਸੁਰੱਖਿਅਤ ਰੱਖਣ| ਨਿਵੇਸ਼ਕਾਂ ਨੂੰ ਸ਼ੇਅਰ ਬਾਜਾਰ ਵਿੱਚ ਆਉਣ ਵਾਲੀ ਗਿਰਾਵਟ ਦੀ ਮਾਰ ਤੋਂ ਬਚਣ ਲਈ ਸਭ ਤੋਂ ਪਹਿਲਾਂ ਆਪਣੀ ਪੁੰਜੀ ਸੁਰੱਖਿਅਤ ਕਰਨੀ ਚਾਹੀਦੀ ਹੈ ਤਾਂ ਜੋ ਬਾਜਾਰ ਵਿੱਚ ਆਉਣ ਵਾਲੀ ਗਿਰਾਵਟ ਦੌਰਾਨ ਉਹ ਕਿਸੇ ਵੱਡੇ ਨੁਕਸਾਨ ਤੋਂ ਬਚੇ ਰਹਿ ਸਕਣ|

Leave a Reply

Your email address will not be published. Required fields are marked *