ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਤੋਂ ਫਿਕਰਮੰਦ ਹਨ ਆਮ ਲੋਕ

ਐਸ ਏ ਐਸ ਨਗਰ, 24 ਜਨਵਰੀ (ਸ.ਬ.) ਸ਼ੋਸ਼ਲ ਮੀਡੀਆ ਤੇ ਅਨੇਕਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਦੀਆਂ ਹਨ, ਜਿਹਨਾਂ ਦਾ ਕੋਈ ਆਧਾਰ ਵੀ ਨਹੀਂ ਹੁੰਦਾ, ਪਰ ਲੋਕ ਇਹਨਾਂ ਅਫਵਾਹਾਂ ਨੂੰ ਅੱਗੇ ਹੋਰ ਗਰੁੱਪਾਂ ਵਿੱਚ ਫਾਰਵਰਡ ਕਰਦੇ ਰਹਿੰਦੇ ਹਨ, ਜਿਸ ਕਰਕੇ ਇਹ ਅਫਵਾਹਾਂ ਮਿੰਟਾਂ ਸਕਿੰਟਾਂ ਵਿੱਚ ਦੁਨੀਆਂ ਭਰ ਵਿੱਚ ਫੈਲ ਜਾਂਦੀਆਂ ਹਨ|
ਜਦੋਂ ਸ਼ੋਸ਼ਲ ਮੀਡੀਆ ਤੇ ਫੈਲਦੀਆਂ ਅਫਵਾਹਾਂ ਸਬੰਧੀ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਵੱਡੀ ਗਿਣਤੀ ਲੋਕਾਂ ਦਾ ਕਹਿਣਾ ਸੀ ਕਿ ਇਹਨਾਂ ਵਿਗਿਆਨਿਕ ਖੋਜਾਂ ਦੀ ਦੁਰਵਰਤੋਂ ਬਹੁਤ ਜਿਆਦਾ ਹੋ ਰਹੀ ਹੈ| ਲੋਕਾਂ ਦਾ ਕਹਿਣਾ ਸੀ ਕਿ ਲੋਕ ਸ਼ੋਸ਼ਲ ਮੀਡੀਆ ਰਾਹੀਂ ਆਮ ਜਾਣਕਾਰੀ ਘੱਟ ਸਾਂਝੀ ਕਰਦੇ ਹਨ ਪਰ ਅਫਵਾਹਾਂ ਅਤੇ ਬੇਤੁਕੇ ਮੈਸੇਜ ਜਿਆਦਾ ਸਾਂਝੇ ਕਰਦੇ ਹਨ|
ਹਾਲਾਤ ਇਹ ਹਨ ਕਿ ਕੋਈ ਕੁੱਤੇ ਦੀ ਵੀਡੀਓ ਬਣਾ ਕੇ ਅਪਲੋਡ ਕਰ ਦਿੰਦਾ ਹੈ, ਕੋਈ ਡੰਗਰਾਂ ਦੀ ਤੇ ਕੋਈ ਕਿਸੇ ਵਿਅਕਤੀ ਦੀ| ਕਈ ਵਾਰ ਤਾਂ ਕਿਸੇ ਵਿਅਕਤੀ ਨੂੰ ਬਦਨਾਮ ਕਰਨ ਲਈ ਵੀ ਉਸਦੇ ਦੁਸ਼ਮਣਾਂ ਵਲੋਂ ਉਸ ਨੂੰ ਨਿਸ਼ਾਨਾ ਬਣਾ ਕੇ ਉਸਦੀਆਂ ਅਸਲੀ ਜਾਂ ਨਕਲੀ ਤਸਵੀਰਾਂ ਸ਼ੋਸ਼ਲ ਮੀਡੀਆ ਉਪਰ ਪਾ ਦਿੱਤੀਆਂ ਜਾਂਦੀਆਂ ਹਨ, ਇਸ ਨਾਲ ਸਬੰਧਿਤ ਵਿਅਕਤੀ ਦੇ ਨਾਲ ਨਾਲ ਉਸਦੇ ਪਰਿਵਾਰ ਨੂੰ ਵੀ ਨਮੋਸ਼ੀ ਸਹਿਣੀ ਪੈਂਦੀ ਹੈ ਅਤੇ ਅਜਿਹੀਆਂ ਦੁਸ਼ਮਣੀਆਂ ਵਿੱਚ ਲੋਕਾਂ ਦੇ ਪਰਿਵਾਰ ਵੀ ਪੀਸੇ ਜਾ ਰਹੇ ਹਨ|
ਵੱਡੀ ਗਿਣਤੀ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਸ਼ੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਹਨ, ਜਿਹਨਾਂ ਵਿੱਚ ਕਿਸੇ ਅਧਿਕਾਰੀ ਨੂੰ ਰਿਸ਼ਵਤ ਲੈਂਦਿਆਂ ਦੋਸ਼ੀ ਗਰਦਾਨਿਆ ਜਾਂਦਾ ਹੈ ਜਦੋਂ ਕਿ ਕਾਨੂੰਨ ਇਹ ਕਹਿੰਦਾ ਹੈ ਕਿ ਜਦੋਂ ਤਕ ਕਿਸੇ ਵਿਅਕਤੀ ਨੂੰ ਅਦਾਲਤ ਦੋਸ਼ੀ ਨਹੀਂ ਮੰਨਦੀ, ਉਦੋਂ ਤਕ ਉਸ ਵਿਅਕਤੀ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ ਅਤੇ ਨਾ ਹੀ ਉਸਦਾ ਚਿਹਰਾ ਜਨਤਕ ਕੀਤਾ ਜਾ ਸਕਦਾ ਹੈ, ਪਰ ਅਕਸਰ ਹੀ ਸ਼ੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਵੀਡੀਓ ਵਿੱਚ ਸਬੰਧਿਤ ਵਿਅਕਤੀਆਂ ਦਾ ਚਿਹਰਾ ਚੰਗੀ ਤਰਾਂ ਦਿਖਾਇਆ ਜਾਂਦਾ ਹੈ|
ਕੁਝ ਲੋਕਾਂ ਦਾ ਕਹਿਣਾ ਹੈ ਕਿ ਹੁਣ ਵਟਸਐਪ ਨੇ ਜੋ ਇਕ ਮੈਸੇਜ ਇਕ ਵਾਰ ਵਿੱਚ ਸਿਰਫ ਪੰਜ ਲੋਕਾਂ ਨੂੰ ਹੀ ਭੇਜ ਸਕਣ ਦਾ ਨਿਯਮ ਲਾਗੂ ਕੀਤਾ ਹੈ, ਉਹ ਠੀਕ ਹੈ| ਕਿਉਂਕਿ ਪਹਿਲਾਂ ਇਕੋ ਵਾਰ ਵਿੱਚ ਸੈਂਕੜੇ ਲੋਕਾਂ ਨੂੰ ਮੈਸੇਜ ਚਲਾ ਜਾਂਦਾ ਸੀ ਅਤੇ ਅਫਵਾਹਾਂ ਬਹੁਤ ਵੱਡੇ ਪੱਧਰ ਤੇ ਫੈਲਦੀਆਂ ਸਨ| ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਵਲੋਂ ਬਣਾਏ ਹੋਏ ਕਈ ਨਿਯਮ ਲਾਗੂ ਕਰਨ ਤੋਂ ਇਹ ਸ਼ੋਸ਼ਲ ਸਾਈਟਾਂ ਅਜੇ ਇਨਕਾਰੀ ਹਨ ਪਰ ਸਮਾਜ ਦੀ ਭਲਾਈ ਲਈ ਸ਼ੋਸ਼ਲ ਮੀਡੀਆ ਤੇ ਨਿਗਰਾਨੀ ਤੇ ਪਾਬੰਦੀਆਂ ਜਰੂਰੀ ਹੋ ਗਈਆ ਹਨ| ਵੱਡੀ ਗਿਣਤੀ ਲੋਕ ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਤੋਂ ਫਿਕਰਮੰਦ ਹਨ|

Leave a Reply

Your email address will not be published. Required fields are marked *