ਸ਼ੋਸਲ ਮੀਡੀਆ ਦੀ ਲਗਾਤਾਰ ਵੱਧਦੀ ਦੁਰਵਰਤੋਂ ਚਿੰਤਾ ਦਾ ਵਿਸ਼ਾ

ਜਦੋਂ ਤੋਂ ਦੁਨੀਆਂ ਵਿੱਚ ਇੰਟਰਨੈਟ ਦੀ ਵਰਤੋਂ ਸ਼ੁਰੂ ਹੋਈ ਹੈ ਸਮਾਜ ਦੇ ਹਰੇਕ ਵਰਗ ਨੂੰ ਇਸਦਾ ਫਾਇਦਾ ਮਿਲਿਆ ਹੈ ਪਰੰਤੂ ਇਹ ਵੀ ਹਕੀਕਤ ਹੈ ਕਿ ਮਨੁੱਖ ਵਲੋਂ ਆਪਣੀ ਸਹੂਲੀਅਤ ਅਤੇ ਮਨੁੱਖਤਾ ਦੀ ਭਲਾਈ ਵਾਸਤੇ ਕੀਤੀਆਂ ਗਈਆਂ ਇਹਨਾਂ ਖੋਜਾਂ ਦੀ ਵੱਡੇ ਪੱਧਰ ਉੱਪਰ ਦੁਰਵਰਤੋਂ ਹੁੰਦੀ ਰਹੀ ਹੈ| ਅੱਜ ਦੇ ਸਮੇਂ ਵਿੱਚ ਜਦੋਂ ਸੋਸ਼ਲ ਮੀਡੀਆ ਸਾਡੀ ਸੋਚ ਨੂੰ ਨਿਰਧਾਰਿਤ ਕਰਨ ਦੇ ਨਾਲ ਨਾਲ ਸਾਡੇ ਜੀਵਨ ਨਾਲ ਜੁੜੀ ਹਰ ਚੀਜ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਰੱਖਦਾ ਹੈ ਤਾਂ ਇਸਦੀ ਦੁਰਵਰਤੋਂ ਦੀ ਸੰਭਾਵਨਾ ਵੀ ਉੰਨੀ ਜਿਆਦਾ ਵੱਧ ਜਾਂਦੀ ਹੈ ਅਤੇ ਸਾਡੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸ਼ੋਸਲ ਮੀਡੀਆ ਦੀ ਬਹੁਤ ਵੱਡੇ ਪੱਧਰ ਉੱਪਰ ਦੁਰਵਰਤੋਂ ਕੀਤੀ ਜਾ ਰਹੀ ਹੈ|
ਪਿਛਲੀ ਵਾਰ ਹੋਈਆਂ ਲੋਕਸਭਾ ਚੋਣਾਂ ਮੌਕੇ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਵਲੋਂ ਉਸ ਵੇਲੇ ਦੀ ਸਰਕਾਰ ਦੇ ਖਿਲਾਫ ਸੋਸ਼ਲ ਮੀਡੀਆ ਉੱਪਰ ਇੱਕ ਤਕੜੀ ਮੁਹਿੰਮ ਚਲਾਈ ਗਈ ਸੀ ਉਸ ਦਾ ਨਤੀਜਾ ਅਸੀਂ ਸਾਰੇ ਹੀ ਜਾਣਦੇ ਹਾਂ| ਇਸੇ ਤਰ੍ਹਾਂ ਪਿਛਲੀ ਵਾਰ ਹੋਈ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਇਹ ਦੋਸ਼ ਲਗਾਇਆ ਗਿਆ ਸੀ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਜਿੱਤ ਲਈ ਸ਼ੋਸਲ ਮੀਡੀਆ ਦੀ ਦੁਰਵਰਤੋਂ ਕਰਦਿਆਂ ਟਰੰਪ ਦੇ ਪੱਖ ਵਿੱਚ ਇੱਕ ਲਹਿਰ ਚਲਾਈ ਗਈ ਸੀ| ਇਸ ਦੌਰਾਨ ਇਹ ਵੀ ਖਬਰਾਂ ਆਈਆਂ ਸਨ ਕਿ ਇਸ ਸਭ ਪਿੱਛੇ ਰੂਸ ਦਾ ਹੱਥ ਵੀ ਹੋ ਸਕਦਾ ਹੈ|
ਸ਼ੋਸਲ ਮੀਡੀਆ ਉਪਰ ਅਫਵਾਹਾਂ ਬਹੁਤ ਵੱਡੇ ਪੱਧਰ ਉਪਰ ਫੈਲਦੀਆਂ ਹਨ ਅਤੇ ਸਮਾਜ ਵਿਰੋਧੀ ਅਨਸਰਾਂ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਅਤੇ ਵੱਖ ਵੱਖ ਭਾਈਚਾਰਿਆਂ ਵਿੱਚ ਆਪਸੀ ਦੁਸ਼ਮਨੀ ਵਧਾਉਣ ਲਈ ਸੋਸ਼ਲ ਮੀਡੀਆ ਦੀ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਂਦੀ ਹੈ| ਦੋ ਸਾਲ ਪਹਿਲਾਂ ਯੂ. ਪੀ. ਵਿੱਚ ਹੋਏ ਦੰਗਿਆਂ ਵੇਲੇ ਦੰਗਾ ਫੈਲਾਉਣ ਵਾਲਿਆਂ ਵਲੋਂ ਸੋਸ਼ਲ ਮੀਡੀਆ ਦੀ ਖੁੱਲ ਕੇ ਦੁਰਵਰਤੋਂ ਕੀਤੀ ਗਈ ਸੀ ਜਿਸ ਦੌਰਾਨ ਦੋਵਾਂ ਭਾਈਚਾਰਿਆਂ ਨਾਲ ਸੰਬੰਧਿਤ ਝੂਠੀਆਂ ਵੀਡੀਓ ਅਤੇ ਤਸਵੀਰਾਂ ਫੈਲਾ ਕੇ ਦੋਵਾਂ ਭਾਈਚਾਰਿਆਂ ਵਿੱਚ ਤਨਾਓ ਵਧਾਉਣ ਦਾ ਕੰਮ ਕੀਤਾ ਗਿਆ ਸੀ ਅਤੇ ਇਸ ਸਭ ਤੇ ਕਾਬੂ ਕਰਨ ਲਈ ਉਸ ਵੇਲੇ ਦੀ ਸੂਬਾ ਸਰਕਾਰ ਨੂੰ ਅਖੀਰਕਾਰ ਸੋਸ਼ਲ ਮੀਡੀਆ ਤੇ ਰੋਕ ਲਗਾਉਣ ਲਈ ਕੁੱਝ ਦਿਨਾਂ ਤਕ ਇੰਟਰਨੈਟ ਸੇਵਾ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀ|
ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕਾਂ ਸ਼ੋਸਲ ਮੀਡੀਆ ਉੱਪਰ ਕਿਸੇ ਨਾ ਕਿਸੇ ਅਜਿਹੇ ਹਾਦਸੇ ਦੀ ਫੋਟੋ ਪਾ ਦਿੰਦੇ ਹਨ ਜਿਹੜਾ ਤਿੰਨ ਚਾਰ ਸਾਲ ਪਹਿਲਾਂ ਦਾ ਹੁੰਦਾ ਹੈ ਪਰ ਕੁੱਝ ਲੋਕ ਜਾਣ ਬੁੱਝ ਕੇ ਹੋਰਨਾਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਅਜਿਹੀਆਂ ਫੋਟੋਆਂ ਪਾਉਂਦੇ ਰਹਿੰਦੇ ਹਨ| ਕਈ ਤਰ੍ਹਾਂ ਦੀਆਂ ਝੂਠੀਆਂ ਵੀਡੀਓ ਅਤੇ ਤਸਵੀਰਾਂ (ਜਿਹੜੀਆਂ ਕਿਸੇ ਪੁਰਾਣੀ ਘਟਨਾ ਨਾਲ ਸੰਬੰਧਿਤ ਹੁੰਦੀਆਂ ਹਨ) ਨੂੰ ਤਾਜਾ ਤਸਵੀਰਾਂ ਦੱਸ ਕੇ ਵਾਇਰਲ ਕਰ ਦਿੱਤਾ ਜਾਂਦਾ ਹੈ ਅਤੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਗੁੰਮਰਾਹ ਕੀਤਾ ਜਾਂਦਾ ਹੈ| ਅਜਿਹਾ ਆਮ ਨਜਰ ਆਉਂਦਾ ਹੈ ਕਿ ਕੁੱਝ ਸਿਰਫਿਰੇ ਜਾਣ ਬੁੱਝ ਕੇ ਸੋਸ਼ਲ ਮੀਡੀਆ ਤੇ ਦੇਵੀ ਦੇਵਤਿਆਂ ਜਾਂ ਗੁਰੂਆਂ ਦੀਆਂ ਇਤਰਾਜਯੋਗ ਤਸਵੀਰਾਂ ਪਾ ਦਿੰਦੇ ਹਨ ਅਤੇ ਅਜਿਹਾ ਕਰਕੇ ਲੋਕਾਂ ਦੀਆਂ ਭਾਵਨਾਂਵਾਂ ਨੂੰ ਭੜਕਾਇਆ ਜਾਂਦਾ ਹੈ|
ਸਿਆਸੀ ਪਾਰਟੀਆਂ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਬਦਨਾਮ ਕਰਨ ਲਈ ਉਹਨਾਂ ਦੀਆਂ ਅਜਿਹੀਆਂ ਕਈ ਝੂਠੀਆਂ ਸੱਚੀਆਂ ਤਸਵੀਰਾਂ ਵਾਇਰਲ ਕੀਤੀਆਂ ਜਾਂਦੀਆਂ ਹਨ ਜਿਸ ਨਾਂਲ ਉਹਨਾਂ ਦੀ ਸ਼ਖਸ਼ੀਅਤ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ| ਵਿਰੋਧੀ ਆਗੂਆਂ ਦਾ ਮਜਾਕ ਉੜਾਉਣ ਲਈ ਉਹਨਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਿੱਚ ਕਈ ਤਰ੍ਹਾਂ ਦਾ ਹੇਰਫੇਰ ਕਰਕੇ ਸੋਸ਼ਲ ਮੀਡੀਆ ਤੇ ਭੇਜਿਆ ਜਾਂਦਾ ਹੈ ਅਤੇ ਅਜਿਹਾ ਕਰਕੇ ਆਮ ਜਨਤਾ ਨੂੰ ਗੁੰਮਰਾਹ ਕਰਕੇ ਸਿਆਸੀ ਫਾਇਦਾ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ| ਇੰਟਰਨੈਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਆਮ ਲੋਕਾਂ ਨੂੰ ਧੋਖਾ ਦੇਣ ਦੀ ਕਾਰਵਾਈ ਵੀ ਆਮ ਹੈ ਅਤੇ ਅਜਿਹਾ ਕਰਨ ਵਾਲੇ ਸ਼ਾਤਿਰ ਠੱਗ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦੀ ਲੁੱਟ ਕਰਦੇ ਹਨ| ਅਜਿਹਾ ਅਕਸਰ ਹੁੰਦਾ ਹੈ ਕਿ ਕਿਸੇ ਮਰਦ ਵੋਂ ਕਿਸੇ ਔਰਤ ਦੀ ਝੂਠੀ ਆਈ ਡੀ ਬਣਾ ਕੇ ਹੋਰਨਾਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਜਾਂਦਾ ਹੈ|
ਸੋਸ਼ਲ ਮੀਡੀਆਂ ਦੀ ਵੱਡੇ ਪੱਧਰ ਤੇ ਹੁੰਦੀ ਦੁਰਵਰਤੋਂ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸਤੇ ਰੋਕ ਲਗਾਉਣ ਲਈ ਸੰਜੀਦਾ ਯਤਨ ਹੋਣੇ ਚਾਹੀਦੇ ਹਨ| ਇੰਟਰਨੈਟ ਅਤੇ ਸੋਸ਼ਲ ਮੀਡੀਆਂ ਦੀ ਬਣਤਰ ਲੋਕਾਂ ਦੀ ਭਲਾਈ ਲਈ ਹੋਈ ਸੀ ਅਤੇ ਇਹਨਾਂ ਦੀ ਵਰਤੋਂ ਲੋਕ ਭਲਾਈ ਲਈ ਹੀ ਹੋਣੀ ਚਾਹੀਦੀ ਹੈ ਅਤੇ ਇਸਦੀ ਦੁਰਵਰਤੋਂ ਤੇ ਸਖਤੀ ਨਾਲ ਰੋਕ ਲੱਗਣੀ ਚਾਹੀਦੀ ਹੈ|

Leave a Reply

Your email address will not be published. Required fields are marked *