ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਪੰਜਵੇਂ ਦਿਨ ਵੀ ਬੰਦ, ਫਲਾਂ-ਸਬਜ਼ੀਆਂ ਦੀ ਸਪਲਾਈ ਵਿੱਚ ਕਮੀ

ਸ਼੍ਰੀਨਗਰ, 28 ਜਨਵਰੀ (ਸ.ਬ.) ਬਰਫ ਅਤੇ ਜ਼ਮੀਨ ਖਿੱਸਕਣ ਦੇ ਕਾਰਨ ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਣ ਵਾਲੇ 300 ਕਿਲੋਮੀਟਰ ਲੰਬੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਅੱਜ ਲਗਾਤਾਰ ਪੰਜਵੇ ਦਿਨ ਵੀ ਬੰਦ ਰਖਿਆ ਗਿਆ| ਰਾਜਮਾਰਗ ਦੇ ਵੱਧ ਤੋਂ ਵੱਧ ਸਥਾਨਾਂ ਤੇ ਪਿਛਲੇ ਇਕ ਹਫਤੇ ਤੋਂ ਸੈਕੜਾਂ ਦੀ ਗਿਣਤੀ ਵਿੱਚ ਵਾਹਨ ਫਸੇ ਹੋਏ ਹਨ| ਫਸੇ ਹੋਏ ਵਾਹਨਾਂ ਵਿੱਚ ਵਧੇਰੇ ਟਰੱਕ ਅਤੇ ਤੇਲ ਦੇ ਟੈਂਕਰ ਸ਼ਾਮਲ ਹਨ| ਰਾਜਮਾਰਗ ਦੇ ਬੰਦ ਹੋਣ ਦੇ ਕਾਰਨ ਕਸ਼ਮੀਰ ਘਾਟੀ ਵਿੱਚ ਜ਼ਰੂਰੀ ਵਸਤੂਆਂ ਦੀ ਕਮੀ ਆ ਰਹੀ ਹੈ| ਚਮਨਵਾਰ, ਸ਼ੇਰ ਬੀਬੀ ਅਤੇ ਡਿਗਡੋਲ ਵਿੱਚ ਜ਼ਮੀਨ ਖਿੱਸਕਣ ਦੇ ਕਾਰਨ ਕਈ ਕਿ. ਮੀ. ਤੱਕ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ| ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਤਾਨ ਨੱਲ੍ਹਾ ਵਿੱਚ ਸੜਕਾਂ ਤੋਂ ਬਰਫ ਹਟਾਉਣ ਦਾ ਕਾਰਜ ਜੰਗੀ ਪੱਧਰ ਤੇ ਜਾਰੀ ਹੈ|
ਉਨ੍ਹਾਂ ਦੱਸਿਆ ਕਿ ਕਾਜ਼ੀਗੁੰਡ ਤੋਂ ਬਨਿਹਾਲ ਤੱਕ ਬਰਫ ਹਟਾ ਲਈ ਗਈ ਹੈ, ਜਿਸ ਤੋਂ ਬਾਅਦ ਇਕ ਪਾਸਿਓਂ ਸੜਕਾਂ ਨੂੰ ਖੋਲ੍ਹ ਦਿੱਤਾ ਗਿਆ ਹੈ| ਅਧਿਕਾਰੀ ਨੇ ਅੱਗੇ ਦੱਸਿਆ ਕਿ ਜਦਕਿ ਬਨਿਹਾਲ ਵਿੱਚ ਜ਼ਮੀਨ ਖਿੱਸਕਣ ਦੇ ਕਾਰਨ ਸੜਕਾਂ ਤੋਂ ਮਲਬੇ ਨੂੰ ਜੰਗੀ ਪੱਧਰ ਤੇ ਹਟਾਇਆ ਜਾ ਰਿਹਾ ਹੈ| ਪਿਛਲੇ ਦੋ ਦਿਨੀਂ ਮੌਸਮ ਖੁਸ਼ਕ ਬਣਿਆ ਹੋਇਆ ਸੀ, ਜਿਸ ਕਾਰਨ ਬਰਫ ਹਟਾਉਣ ਦੇ ਕੰਮ ਵਿੱਚ ਕਿਸੇ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ| ਇਸ ਵਿਚਕਾਰ ਆਵਾਜਾਈ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੀ. ਆਰ. ਓ. ਅਤੇ ਵੱਖ-ਵੱਖ ਸਥਾਨਾਂ ਤੇ ਤਾਇਨਾਤ ਆਵਾਜਾਈ ਪੁਲੀਸ ਅਧਿਕਾਰੀਆਂ ਵਲੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਰਾਜਮਾਰਗ ਤੇ ਆਵਾਜਾਈ ਦੀ ਇਜਾਜ਼ਤ ਦਿੱਤੀ ਜਾਵੇਗੀ| ਰਾਜਮਾਰਗ ਤੇ ਪਹਿਲੇ ਫਸੇ ਵਾਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ|
ਜ਼ਿਕਰਯੋਗ ਹੈ ਕਿ ਭਾਰੀ ਬਰਫਬਾਰੀ ਦੇ ਕਾਰਨ ਦੱਖਣੀ ਕਸ਼ਮੀਰ ਵਿੱਚ ਸ਼ੌਪੀਆਂ ਨੂੰ ਜੰਮੂ ਖੇਤਰ ਰਾਹੀ ਰਾਜੌਰੀ ਅਤੇ ਪੁੰਛ ਖੇਤਰ ਨਾਲ ਜੋੜਣ ਵਾਲੇ ਇਤਿਹਾਸਕ ਮੁਗਲ ਰੋਡ ਬੰਦ ਕਰ ਦਿੱਤਾ ਗਿਆ ਹੈ| ਇਸ ਤੋਂ ਇਲਾਵਾ ਕਸ਼ਮੀਰ ਤੋਂ ਲੱਦਾਖ ਖੇਤਰ ਨੂੰ ਜੋੜਣ ਵਾਲੇ ਰਾਸ਼ਟਰੀ ਰਾਜਮਾਰਗ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ|
ਇੱਥੇ ਇਹ ਵੀ ਦੱਸਣਯੋਗ ਹੈ ਕਿ ਮੁਗਲ ਰੋਡ ਦਾ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਦੇ ਇਕ ਵਿਕੱਲਪ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ| ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋਣ ਨਾਲ ਘਾਟੀ ਵਿੱਚ ਮੀਟ, ਸਬਜ਼ੀਆਂ, ਫਲਾਂ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਕਮੀ ਹੋ ਰਹੀ ਹੈ| ਰਾਜਮਾਰਗ ਦੇ ਬੰਦ ਹੋਣ ਦੇ ਕਾਰਨ ਘਾਟੀ ਵਿੱਚ ਬਾਹਰੋਂ ਆਉਣ ਵਾਲੇ ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਵਿੱਚ ਕਮੀ             ਦੇਖੀ ਜਾ ਰਹੀ ਹੈ| ਸ਼੍ਰੀਨਗਰ ਦੀ ਇਕ ਸਬਜ਼ੀ ਮੰਡੀ ਵਿੱਚ ਇਕ ਸਬਜ਼ੀ                 ਵਿਕ੍ਰੇਤਾ ਨੇ ਦੱਸਿਆ ਕਿ ਮੰਡੀ ਵਿੱਚ  ਕੇਵਲ ਆਲੂ ਅਤੇ ਪਿਆਜ਼ ਹੀ ਬਚੇ ਹੋਏ ਹਨ|

Leave a Reply

Your email address will not be published. Required fields are marked *