ਸ਼੍ਰੀਨਗਰ ਵਿੱਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਢੇਰ


ਸ਼੍ਰੀਨਗਰ, 30 ਦਸੰਬਰ (ਸ.ਬ.) ਸ਼੍ਰੀਨਗਰ ਦੇ ਲਾਵੇਪੋਰਾ ਖੇਤਰ ਵਿਚ ਬੀਤੀ ਰਾਤ ਹੋਏ ਮੁਕਾਬਲੇ ਵਿੱਚ ਇਕ ਅੱਤਵਾਦੀ ਮਾਰਿਆ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਰਾਈਫ਼ਲਜ਼ ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਸਾਂਝੇ ਆਪਰੇਸ਼ਨ ਵਿੱਚ ਇਹ ਸਫ਼ਲਤਾ ਮਿਲੀ ਹੈ। ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਨੇ ਬੀਤੀ ਸ਼ਾਮ ਲਾਵੇਪੋਰਾ ਖੇਤਰ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਤੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਘੇਰਾਬੰਦੀ ਨੂੰ ਹੋਰ ਪੁਖ਼ਤਾ ਕੀਤਾ ਗਿਆ। ਦੋਹਾਂ ਪਾਸੋਂ ਰਾਤ ਰੁੱਕ-ਰੁੱਕ ਕੇ ਗੋਲੀਬਾਰੀ ਹੁੰਦੀ ਰਹੀ। ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਇਕ ਅੱਤਵਾਦੀ ਮਾਰਿਆ ਜਾ ਚੁੱਕਾ ਹੈ।
ਸੂਤਰਾਂ ਮੁਤਾਬਕ ਮਿਲਟਰੀ ਇੰਟੈਲੀਜੈਂਸ ਨੂੰ ਇਸ ਇਲਾਕੇ ਵਿਚ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਮਗਰੋਂ ਫ਼ੌਜ ਦੀ 2, ਰਾਸ਼ਟਰੀ ਰਾਈਫ਼ਲਜ਼, ਜੰਮੂ-ਕਸ਼ਮੀਰ ਪੁਲੀਸ ਦੇ ਐਸ. ਓ. ਜੀ. ਅਤੇ ਸੀ. ਆਰ.ਪੀ.ਐਫ. ਦੇ ਜਵਾਨਾਂ ਨੇ ਇੱਥੇ ਤਲਾਸ਼ੀ ਮੁੁਹਿੰਮ ਸ਼ੁਰੂ ਕੀਤੀ। ਫੌਜ ਦੇ ਸੂਤਰਾਂ ਮੁਤਾਬਕ ਇੱਥੇ ਦੋ ਅੱਤਵਾਦੀ ਦੇ ਲੁੱਕੇ ਹੋਣ ਦੀ ਸੂਚਨਾ ਤੇ ਤਲਾਸ਼ੀ ਮੁਹਿੰਮ ਸ਼ੁਰੂ ਹੋਈ ਸੀ।
ਸਰਚ ਆਪਰੇਸ਼ਨ ਦਰਮਿਆਨ ਇਕ ਮਕਾਨ ਵਿਚ ਲੁੱਕੇ ਅੱਤਵਾਦੀਆਂ ਨੇ ਜਵਾਨਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਤੋਂ ਬਾਅਦ ਫ਼ੌਜ ਨੇ ਕਾਊਂਟਰ ਆਪਰੇਸ਼ਨ ਚਲਾਉਂਦੇ ਹੋਏ ਪੂਰਾ ਇਲਾਕਾ ਸੀਲ ਕਰ ਦਿੱਤਾ। ਇਸ ਤੋਂ ਬਾਅਦ ਦੇਰ ਰਾਤ ਮਕਾਨ ਵਿੱਚ ਰੁੱਕ-ਰੁੱਕ ਕੇ ਗੋਲੀਬਾਰੀ ਹੁੰਦੀ ਰਹੀ। ਅੱਜ ਸਵੇਰੇ ਫ਼ੌਜ ਨੇ ਇਕ ਅੱਤਵਾਦੀ ਨੂੰ ਮਾਰ ਗਿਰਾਇਆ।

Leave a Reply

Your email address will not be published. Required fields are marked *