ਸ਼੍ਰੀਸੰਥ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਲਾਈਫ ਟਾਈਮ ਪਾਬੰਦੀ ਹਟਾਈ

ਨਵੀਂ ਦਿੱਲੀ, 15 ਮਾਰਚ (ਸ.ਬ.) ਸੁਪਰੀਮ ਕੋਰਟ ਤੋਂ ਟੀਮ ਇੰਡੀਆ ਦੇ ਗੇਂਦਬਾਜ਼ ਸ਼੍ਰੀਸੰਥ ਨੂੰ ਵੱਡੀ ਰਾਹਤ ਮਿਲੀ| ਸੁਪਰੀਮ ਕੋਰਟ ਨੇ ਬੀ. ਸੀ. ਸੀ. ਆਈ. ਵੱਲੋਂ ਇਸ ਗੇਂਦਬਾਜ਼ ਤੇ ਲਗਾਏ ਗਏ ਲਾਈਫ ਟਾਈਮ ਪਾਬੰਦੀ ਨੂੰ ਖਤਮ ਕਰ ਦਿੱਤਾ ਹੈ ਭਾਵ ਸ਼੍ਰੀਸੰਥ ਹੁਣ ਫਿਰ ਤੋਂ ਕ੍ਰਿਕਟ ਖੇਡ ਸਕਣਗੇ| ਨਾਲ ਹੀ ਅਦਾਲਤ ਨੇ ਬੀ.ਸੀ.ਸੀ.ਆਈ. ਦੀ ਕਮੇਟੀ ਨੂੰ ਤਿੰਨ ਮਹੀਨਿਆਂ ਦੇ ਅੰਦਰ ਸ਼੍ਰਸੰਥ ਤੇ ਕਾਰਵਾਈ ਨੂੰ ਲੈ ਕੇ ਦੁਬਾਰਾ ਵਿਚਾਰ ਕਰਨ ਦਾ ਹੁਕਮ ਦਿੱਤਾ ਹੈ| ਇਸ ਫੈਸਲੇ ਤੋਂ ਬਾਅਦ ਸ੍ਰੀਸੰਥ ਖੁਦ ਮੀਡੀਆ ਦੇ ਸਾਹਮਣੇ ਆਏ| ਉਨ੍ਹਾਂ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ| ਸ਼੍ਰੀਸੰਥ ਨੇ ਕਿਹਾ ਕਿ ਉਹ ਮੈਦਾਨ ਤੇ ਵਾਪਸੀ ਲਈ ਤਿਆਰ ਹਨ| ਕ੍ਰਿਕਟ ਵਿੱਚ ਵਾਪਸੀ ਦੇ ਸਵਾਲਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜੇਕਰ ਲਿਏਂਡਰ ਪੇਸ 45 ਸਾਲਾਂ ਦੀ ਉਮਰ ਵਿੱਚ ਗ੍ਰੈਂਡਸਲੈਮ ਖੇਡ ਸਕਦੇ ਹਨ ਤਾਂ ਮੈਂ ਵੀ ਕ੍ਰਿਕਟ ਖੇਡ ਸਕਦਾ ਹਾਂ| ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਵੱਲੋਂ ਅਦਾਲਤ ਵੱਲੋਂ ਦਲੀਲ ਦੇ ਰਹੇ ਸੀਨੀਅਰ ਵਕੀਲ ਪਰਾਗ ਤ੍ਰਿਪਾਠੀ ਨੇ ਕਿਹਾ ਕਿ ਖੇਡ ਵਿੱਚ ਭ੍ਰਿਸ਼ਟਾਚਾਰ ਅਤੇ ਸੱਟੇਬਾਜ਼ੀ ਦੇ ਲਈ ਲਾਈਫ ਟਾਈਮ ਪਾਬੰਦੀ ਹੈ| ਤ੍ਰਿਪਾਠੀ ਨੇ ਇਸ ਮਸਲੇ ਤੇ ਬੀ. ਸੀ. ਸੀ. ਆਈ. ਦੀ ਜ਼ੀਰੋ ਟਾਲਰੇਂਸ ਨੀਤੀ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੂੰ ਦੱਸਿਆ ਸੀ ਕਿ ਸ਼੍ਰੀਸੰਥ ਨੇ ਕਦੀ ਵੀ ਬੀ. ਸੀ. ਸੀ. ਆਈ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਸਾਹਮਣੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਸੀ ਕਿ ਸੱਟੇਬਾਜ਼ਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ| ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਨੇ ਸ਼੍ਰੀਸੰਥ ਤੇ ਆਈ. ਪੀ. ਐਲ. -2013 ਵਿੱਚ ਸਪਾਟ ਫਿਕਸਿੰਗ ਦਾ ਦੋਸ਼ੀ ਪਾਏ ਜਾਣ ਤੇ ਲਾਈਫ ਟਾਈਮ ਪਾਬੰਦੀ ਲਗਾਈ ਸੀ| ਇਸ ਦੇ ਖਿਲਾਫ ਸ਼੍ਰੀਸੰਥ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ| ਇਸ ਤੋਂ ਪਹਿਲਾਂ ਬੀ.ਸੀ.ਸੀ.ਆਈ.ਨੇ ਕੋਰਟ ਵਿੱਚ ਕਿਹਾ ਸੀ ਕਿ ਸ਼੍ਰੀਸੰਥ ਤੇ ਭ੍ਰਿਸ਼ਟਾਚਾਰ ਅਤੇ ਖੇਡ ਨੂੰ ਬੇਈਜ਼ਤ (ਅਪਮਾਨ) ਕਰਨ ਦਾ ਦੋਸ਼ ਹੈ|

Leave a Reply

Your email address will not be published. Required fields are marked *