ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਦਾ ਆਯੋਜਨ 25 ਨੂੰ
ਐਸ. ਏ. ਐਸ. ਨਗਰ, 20 ਫਰਵਰੀ (ਸ.ਬ.) ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਫੇਜ਼ 7 (ਰਜਿ.) ਮੁਹਾਲੀ ਦੀ ਮੀਟਿੰਗ ਸਭਾ ਦੇ ਪ੍ਰਧਾਨ ਸ਼੍ਰੀ ਆਰ. ਏ. ਸੁਮਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 664 ਵੇਂ ਪ੍ਰਕਾਸ਼ ਪੂਰਬ ਦੇ ਸਬੰਧ ਵਿੱਚ ਨਗਰ ਕੀਰਤਨ ਅਤੇ ਕੀਰਤਨ ਦਰਬਾਰ ਕਰਵਾਉਣ ਦਾ ਫੈਸਲਾ ਲਿਆ ਗਿਆ।
ਸਭਾ ਦੇ ਜਨਰਲ ਸਕੱਤਰ ਸ਼੍ਰੀ ਬੀ. ਡੀ. ਸਵੈਨ ਅਤੇ ਪ੍ਰੈਸ ਸਕੱਤਰ ਡੀ. ਪੀ. ਹੁਸ਼ਿਆਰਪੁਰੀ ਨੇ ਦੱਸਿਆ ਕਿ 25 ਫਰਵਰੀ ਨੂੰ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ ਜਿਹੜਾ ਸ਼੍ਰੀ ਗੁਰੂ ਰਵਿਦਾਸ ਭਵਨ ਫੇਜ਼-7 ਤੋਂ ਆਰੰਭ ਹੋ ਕੇ ਫੇਜ਼ 3ਬੀ-2, 4, 5, 1, 2 ਅਤੇ 3ਬੀ-1 ਤੋਂ ਹੁੰਦਾ ਹੋਇਆ ਸ਼੍ਰੀ ਗੁਰੂ ਰਵਿਦਾਸ ਭਵਨ ਫੇਜ਼-7 ਵਿਖੇ ਸਮਾਪਤ ਹੋਵੇਗਾ। ਨਗਰ ਕੀਰਤਨ ਦੀ ਰਵਾਨਗੀ ਸ਼੍ਰੀ ਐਸ. ਆਰ. ਲੱਧੜ ਆਈ. ਏ. ਐਸ. ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸੇਵਾ ਮੁਕਤ ਦੁਪਹਿਰ 1 ਵਜੇ ਕਰਨਗੇ।
ਉਹਨਾਂ ਦੱਸਿਆ ਕਿ 27 ਫਰਵਰੀ ਨੂੰ ਸਵੇਰੇ 9.30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸਿਹਤ ਅਤੇ ਪਰਿਵਾਰ ਭਲਾਈ ਅਤੇ ਕਿਰਤ ਵਿਭਾਗ ਮੰਤਰੀ ਪੰਜਾਬ ਸz. ਬਲਵੀਰ ਸਿੱਧੂ ਹੋਣਗੇ। ਸਮਾਗਮ ਦੀ ਪ੍ਰਧਾਨਗੀ ਸ਼੍ਰੀ ਹੁਸਨ ਲਾਲ ਆਈ.ਏ.ਐਸ. ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕਰਨਗੇ। ਇਸ ਮੌਕੇ ਪ੍ਰਸਿੱਧ ਰਾਗੀ ਜਥੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲੇ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।