ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਦੀ ਪਹਿਲ ਕਰਨ : ਬਡਹੇੜੀ

ਐਸ. ਏ. ਐਸ. ਨਗਰ, 23 ਜੁਲਾਈ (ਸ.ਬ.) ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਦੇ ਪ੍ਰਧਾਨ ਸ੍ਰ. ਰਜਿੰਦਰ ਸਿੰਘ ਬਡਹੇੜੀ ਨੇ ਕਿਹਾ ਹੈ ਕਿ ਉਹ ਚੰਡੀਗੜ੍ਹ ਪੰਜਾਬ ਵਿੱਚ ਸ਼ਾਮਲ ਕਰੇ ਅਤੇ ਚੰਡੀਗੜ੍ਹ ਵਿੱਚ ਮਾਂ ਬੋਲੀ ਪੰਜਾਬ ਨੂੰ ਬਣਦਾ ਸਥਾਨ ਦਿਵਾਉਣ ਲਈ ਪਹਿਰਾ ਦਿੰਦੇ ਰਹਿਣਗੇ|
ਉਹਨਾਂ ਕਿਹਾ ਕਿ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਅਕਾਲੀ ਦਲ ਵੀ ਭਾਈਵਾਲ ਹੈ ਅਤੇ ਉਹਨਾਂ ਪਾਸ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿਵਾਉਣ ਦਾ ਵਧੀਆ ਮੌਕਾ ਹੈ| ਉਹਨਾਂ ਕਿਹਾ ਕਿ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਕੇਂਦਰੀ ਮੰਤਰੀ ਹੈ, ਦੂਜੇ ਪਾਸੇ ਹਰਿਆਣਾ ਵਿੱਚ ਵੀ ਭਾਜਪਾ ਦੀ ਸਰਕਾਰ ਹੈ| ਜਿਸ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਪੰਜਾਬੀ ਹਨ| ਤੀਸਰਾ ਚੰਡੀਗੜ੍ਹ ਦੀ ਲੋਕ ਸਭਾ ਮੈਂਬਰ ਬੀਬੀ ਕਿਰਨ ਖੇਰ ਵੀ ਪੰਜਾਬੀ ਹੈ ਜੋ ਭਾਜਪਾ ਨਾਲ ਸਬੰਧਤ ਹੈ, ਚੰਡੀਗੜ੍ਹ ਦੇ ਸਾਰੇ ਸਾਬਕਾ ਲੋਕ ਸਭਾ ਮੈਂਬਰ ਜਿਵੇਂ ਪਵਨ ਕੁਮਾਰ ਬਾਂਸਲ, ਹਰਮੋਹਣ ਧਵਨ, ਸੱਤਿਆਪਾਲ ਜੈਨ ਵੀ ਪੰਜਾਬੀ ਹਨ| ਇਸ ਤੋਂ ਅੱਗੇ ਰਾਜਸਥਾਨ ਵਿੱਚ ਵੀ ਭਾਜਪਾ ਦੀ ਸਰਕਾਰ ਹੈ| ਜਿਸ ਦੀ ਮੁੱਖ ਮੰਤਰੀ ਵਿਜੇ ਰਾਜੇ ਸਿੰਧੀਆ ਪੰਜਾਬੀ ਜੱਟ ਪਰਿਵਾਰ ਦੀ ਨੂੰਹ ਹੈ| ਇਹ ਵੀ ਇਤਫਾਕ ਦੀ ਗੱਲ ਹੈ|
ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਨੇ ਸਹੀ ਮੌਕੇ ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਤੇ ਜ਼ੋਰ ਦਿੱਤਾ ਹੈ ਕਿ ਚੰਡੀਗੜ੍ਹ ਪੰਜਾਬ ਦੀ ਪੱਕੀ ਰਾਜਧਾਨੀ ਹੈ ਉਸ ਨੂੰ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਵੇ|
ਉਹਨਾਂ ਕਿਹਾ ਕਿ 1966 ਤੋਂ ਲੈ ਕੇ ਜਿਹੜੇ ਵੀ ਲੋਕ ਸਭਾ ਦੇ ਮੈਂਬਰ ਬਣੇ ਸਾਰੇ ਪੰਜਾਬੀ ਅਤੇ ਪੰਜਾਬ ਨਾਲ ਸਬੰਧਤ ਰਹੇ ਹਨ ਜਿਵੇਂ ਸ੍ਰੀ ਚੰਦ ਗੋਇਲ, ਸ੍ਰੀ ਅਮਰ ਨਾਥ ਵਿੱਦਿਆ ਅਲੰਕਾਰ, ਕ੍ਰਿਸ਼ਨ ਕਾਂਤ, ਜਗਨ ਨਾਥ ਕੌਸ਼ਲ ਦੋ ਰਾਜ ਸਭਾ ਮੈਂਬਰ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਵਿਨੋਦ ਸ਼ਰਮਾ, ਪਵਨ ਕੁਮਾਰ ਬਾਂਸਲ ਇਸ ਤੋਂ ਇਲਾਵਾ ਅੱਜ ਤੱਕ ਜਿਹੜੇ ਵੀ ਚੰਡੀਗੜ੍ਹ ਦੀਆਂ ਸਿਆਸੀ ਪਾਰਟੀਆਂ ਦੇ ਖੇਤਰੀ ਇਕਾਈ ਪ੍ਰਧਾਨ ਬਣੇ ਅਤੇ ਅੱਜ ਵੀ ਪ੍ਰਧਾਨ ਹਨ ਸਾਰੇ ਪੰਜਾਬੀ ਅਤੇ ਪੰਜਾਬ ਨਾਲ ਸਬੰਧਤ ਹਨ ਜਿਵੇਂ ਪੰਡਿਤ ਕੇਦਾਰ ਨਾਥ ਸ਼ਰਮਾ ਕਾਂਗਰਸ, ਚੌਧਰੀ ਭੂਪਾਲ ਸਿੰਘ ਬੁੜੈਲ ਕਾਂਗਰਸ, ਸ੍ਰੀ ਰਾਮ ਸਵਰੂਪ ਸ਼ਰਮਾ ਭਾਜਪਾ, ਸ੍ਰੀ ਹਰਮੋਹਣ ਧਵਨ ਜਨਤਾ ਦਲ, ਪੰਡਿਤ ਦੌਲਤ ਰਾਮ ਸ਼ਰਮਾ ਕਾਂਗਰਸ, ਵਿਨੋਦ ਸ਼ਰਮਾ ਕਾਂਗਰਸ, ਭਾਰਤ ਭੂਸ਼ਨ ਬਹਿਲ ਕਾਂਗਰਸ, ਪਰਦੀਪ ਛਾਬੜਾ, ਮਾਤਾ ਰਾਮ ਧੀਮਾਨ ਬਸਪਾ, ਜਗੀਰ ਸਿੰਘ ਬਸਪਾ, ਧਰਮਪਾਲ ਗੁਪਤਾ ਭਾਜਪਾ, ਗਿਆਨ ਚੰਦ ਗੁਪਤਾ ਭਾਜਪਾ ਜੋ ਬਾਅਦ ਵਿੱਚ ਪੰਚਕੂਲਾ ਜਾ ਕੇ ਵਿਧਾਇਕ ਬਣੇ, ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਹੁਣ ਤੱਕ ਦੇ ਸਾਰੇ ਹੀ ਪ੍ਰਧਾਨ ਪੰਜਾਬੀ|
ਸ੍ਰੀ ਬਡਹੇੜੀ ਨੇ ਆਖਿਆ ਕਿ ਇਸ ਲਈ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨਾ ਬਿਲਕੁਲ ਸਹੀ ਫੈਸਲਾ ਹੋਵੇਗਾ ਤੱਥਾਂ ਅਤੇ ਹਾਲਾਤ ਮੁਤਾਬਿਕ ਇਹ ਸਮਾਂ ਬਿਲਕੁਲ ਢੁੱਕਵਾਂ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਜੋ ਬਾਦਲ ਦਲ ਨਾਲ ਜਾਣਿਆ ਜਾਂਦਾ ਹੈ ਅਤੇ ਭਾਜਪਾ ਜਿਸ ਦਾ ਬਾਦਲ ਨਾਲ ਬਹੁਤ ਗੂੜ੍ਹਾ ਰਿਸ਼ਤਾ ਹੈ|
ਸ੍ਰ. ਬਡਹੇੜੀ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਿੱਖ ਵੋਟਾਂ ਦੀ ਲੋੜ ਹੈ ਜੇਕਰ ਬਾਦਲ ਪਰਿਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਥੋੜ੍ਹਾ ਜਿਹਾ ਦਬਾਅ ਬਣਾ ਕੇ ਗੰਭੀਰ ਹੋ ਕੇ ਗੱਲਬਾਤ ਕਰਨ ਨਰਿੰਦਰ ਮੋਦੀ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦਾ ਇਤਿਹਾਸਕ ਫੈਸਲਾ ਕਰ ਸਕਦੀ ਹੈ|
1982-83 ਵਿੱਚ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਹੁੰਦੇ ਹੋਏ ਪ੍ਰਕਾਸ਼ ਸਿੰਘ ਬਾਦਲ,ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਅਤੇ ਚੌਧਰੀ ਭਜਨ ਲਾਲ ਦੀ ਸੌੜੀ ਸੋਚ ਕਾਰਨ ਰੁਕ ਗਏ | ਉਸ ਵਕਤ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਵੀਇੰਦਰ ਸਿੰਘ ਕ੍ਰਮਵਾਰ ਇੰਦਰਾ ਗਾਂਧੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਮਿਲ ਕੇ ਫੈਸਲੇ ਦਾ ਐਲਾਨ ਕਰਵਾਉਣ ਤੱਕ ਸਫਲਤਾ ਪ੍ਰਾਪਤ ਕਰ ਚੁੱਕੇ ਸਨ|
ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਸਾਰੀ ਯੋਜਨਾ ਭਜਨ ਲਾਲ ਨੂੰ ਦੱਸ ਦਿੱਤੀ, ਦੂਜੀ ਵਾਰ ਜਦੋਂ ਰਾਜੀਵ ਲੌਂਗੋਵਾਲ ਸਮਝੌਤੇ ਉਪਰੰਤ ਸ੍ਰ. ਬਰਨਾਲਾ ਮੁੱਖ ਮੰਤਰੀ ਬਣੇ 25-26 ਜਨਵਰੀ 1986 ਦੀ ਰਾਤ ਜਦੋਂ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਨੂੰ ਅਮਲੀ ਰੂਪ ਦੇਣਾ ਸੀ ਤਾਂ ਬਰਨਾਲਾ ਨਾ ਤਾਂ ਰਾਜੀਵ ਗਾਂਧੀ ਨਾਲ ਦੋ ਟੁੱਕ ਗੱਲ ਕਰ ਸਕੇ ਅਤੇ ਨਾ ਹੀ ਮੁੱਖ ਮੰਤਰੀ ਦੀ ਕੁਰਸੀ ਤਿਆਗ ਸਕੇ|
ਉਸ ਵਕਤ ਕੈਪਟਨ ਅਮਰਿੰਦਰ ਸਿੰਘ ਖੇਤੀਬਾੜੀ ਮੰਤਰੀ, ਰਵੀਇੰਦਰ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ, ਬਲਵੰਤ ਸਿੰਘ ਖਜ਼ਾਨਾ ਮੰਤਰੀ ਸਾਰੀ ਅਕਾਲੀ ਦਲ ਲੀਡਰਸ਼ਿਪ ਨੇ ਬਰਨਾਲਾ ਨੂੰ ਸਲਾਹ ਦਿੱਤੀ ਕਿ ਜੇਕਰ ਸਮਝੌਤੇ ਮੁਤਾਬਕ ਅੱਜ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ ਤਾਂ ਮੁੱਖ ਮੰਤਰੀ ਪੱਦ ਤੋਂ ਅਸਤੀਫ਼ਾ ਦੇ ਦੇਣ ਪਰ ਉਹ ਨਹੀਂ ਮੰਨੇ| ਉਹ ਸਪਨਾ ਹਕੀਕਤ ਵਿੱਚ ਬਦਲ ਜਾਵੇ|

Leave a Reply

Your email address will not be published. Required fields are marked *