ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਵਫਦ ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਮਿਲਿਆ

ਚੰਡੀਗੜ੍ਹ,11 ਅਪ੍ਰੈਲ (ਸ.ਬ.) ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਫਦ ਵੱਲੋਂ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਮੁੱਖ ਚੋਣ ਅਫਸਰ ਪੰਜਾਬ ਨਾਲ ਚੰਡੀਗੜ੍ਹ ਸਥਿਤ ਉਹਨਾਂ ਦੇ ਦਫਤਰ ਵਿਖੇ ਕੁੰਵਰ ਵਿਜੇ ਪ੍ਰਤਾਪ ਸਿੰਘ, ਆਈ. ਪੀ. ਐੱਸ. ਦੀ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਅਹਿਮ ਮਸਲਿਆਂ ਤੇ ਬਣੀ ਸਿਟ ਵਿੱਚੋਂ ਕੀਤੀ ਗਈ ਬਦਲੀ ਦੇ ਸਬੰਧ ਵਿੱਚ ਮੁਲਾਕਾਤ ਕੀਤੀ ਗਈ|
ਇਸ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਜਥੇਦਾਰ ਸੇਖਵਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਨਿਰਪੱਖਤਾ ਨਾਲ ਜਾਂਚ ਕਰ ਰਹੇ ਸਨ | ਹੁਣ ਜਦੋਂ ਕਿ ਸਿਟ ਆਪਣੀ ਜਾਂਚ ਦੇ ਅੰਤ ਵੱਲ ਵਧ ਰਹੀ ਸੀ ਇਸ ਮੌਕੇ ਬਾਦਲ ਪਰਿਵਾਰ ਨੂੰ ਜਾਂਚ ਦੀ ਸੂਈ ਆਪਣੇ ਵੱਲ ਆਉਂਦੀ ਲੱਗ ਰਹੀ ਸੀ| ਇਸੇ ਡਰ ਦੇ ਚਲਦੇ ਉਹਨਾਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਇਹ ਬਦਲੀ ਕਰਵਾ ਦਿੱਤੀ|
ਉਹਨਾਂ ਕਿਹਾ ਕਿ ਸਿਟ ਚੋਣ ਜਾਬਤਾ ਲੱਗਣ ਤੋਂ ਕਾਫੀ ਸਮਾਂ ਪਹਿਲਾਂ ਸਰਕਾਰ ਵੱਲੋਂ ਬਣਾਈ ਗਈ ਸੀ ਇਸ ਦਾ ਮੌਜੂਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ| ਚੋਣ ਜਾਬਤਾ ਲੱਗਣ ਤੋਂ ਬਾਅਦ ਵੀ ਸਰਕਾਰ ਦੇ ਸਾਰੇ ਲੋਕ ਹਿੱਤ ਵਿੱਚ ਹੋਣ ਵਾਲੇ ਕੰਮ ਆਮ ਵਾਂਗ ਚਲਦੇ ਰਹਿੰਦੇ ਹਨ ਜਿਹਨਾਂ ਤੇ ਕਿਸੇ ਕਿਸਮ ਦਾ ਵੀ ਚੋਣ ਜਾਬਤਾ ਲਾਗੂ ਨਹੀਂ ਹੁੰਦਾ| ਇਸ ਦਖਲ ਨਾਲ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਤੇ ਵੀ ਪ੍ਰਸ਼ਨ ਚਿੰਨ ਲਗਦੇ ਹਨ|
ਉਹਨਾਂ ਮੰਗ ਕੀਤੀ ਕਿ ਇਸ ਸਿਟ ਦੀ ਅਹਿਮੀਅਤ ਕਰਕੇ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਰੱਦ ਕੀਤੀ ਜਾਵੇ ਤਾਂ ਕਿ ਪੰਜਾਬ ਵਾਸੀਆਂ ਤੇ ਸਮੂਹ ਸਿੱਖਾਂ ਨੂੰ ਚਿਰਾਂ ਤੋਂ ਲਟਕਦਾ ਹੋਇਆ ਇਨਸਾਫ ਮਿਲ ਸਕੇ| ਇਸ ਵਫਦ ਵਿੱਚ ਸ. ਕਰਨੈਲ ਸਿੰਘ ਪੀਰ ਮੁਹੰਮਦ, ਜਰਨਲ ਸਕੱਤਰ ਤੇ ਬੁਲਾਰਾ, ਸ. ਹਰਸੁਖਿੰਦਰ ਸਿੰਘ ਬੱਬੀ ਬਾਦਲ ਅਤੇ ਸ. ਗੁਰਪ੍ਰਤਾਪ ਸਿੰਘ ਰਿਆੜ, ਸੀਨੀਅਰ ਲੀਡਰ ਅਕਾਲੀ ਦਲ ਟਕਸਾਲੀ ਵੀ ਸ਼ਾਮਲ ਸਨ|

Leave a Reply

Your email address will not be published. Required fields are marked *