ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਜਾਵੇਗਾ ਬਲਵੀਰ ਸਿੱਧੂ ਨੂੰ ਕਰਾਰਾ ਜਵਾਬ : ਅਕਾਲੀ ਆਗੂ
ਐਸ.ਏ.ਐਸ.ਨਗਰ,10 ਫਰਵਰੀ (ਸ.ਬ.) ਅਕਾਲੀ ਦਲ ਨੇ ਕਿਹਾ ਹੈ ਕਿ ਨਗਰ ਨਿਗਮ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਇਹ ਕਹਿ ਕੇ ਖੁਦ ਹੀ ਆਪਣੀ ਕਮਜ਼ੋਰੀ ਸਾਬਿਤ ਕਰ ਦਿੱਤੀ ਹੈ ਕਿ ਬਲਬੀਰ ਸਿੰਘ ਸਿੱਧੂ ਉਨ੍ਹਾਂ ਉੱਤੇ ਦਬਾਅ ਬਣਾਉਂਦੇ ਸਨ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਬਣਦੇ ਸਨ। ਇੱਥੇ ਜਾਰੀ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਆਲ ਇੰਡੀਆ ਯੂਥ ਅਕਾਲੀ ਦਲ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ, ਸ਼੍ਰੋਮਣੀ ਅਕਾਲੀ ਦਲ ਬੀ ਸੀ ਵਿੰਗ-ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਗੁਰਮੁਖ ਸਿੰਘ ਸੋਹਲ ਅਤੇ ਸੀਨੀਅਰ ਅਕਾਲੀ ਨੇਤਾ ਗੁਰਮੀਤ ਸਿੰਘ ਸ਼ਾਮਪੁਰ ਨੇ ਕਿਹਾ ਕਿ ਉਹ ਵੀ ਇਹੀ ਗੱਲ ਕਹਿੰਦੇ ਹਨ ਕਿ ਜਿਹੜਾ ਵਿਅਕਤੀ ਵਿਰੋਧੀਆਂ ਦੇ ਆਖੇ ਲੱਗਦਾ ਹੈ, ਉਨ੍ਹਾਂ ਦੇ ਦਬਾਅ ਹੇਠ ਆਉਂਦਾ ਹੈ ਅਤੇ ਖੁਦ ਨੂੰ ਕਾਨੂੰਨ ਦੇ ਦਾਇਰੇ ਵਿੱਚ ਰੱਖ ਕੇ ਕੰਮ ਨਹੀਂ ਕਰ ਸਕਦਾ, ਅਜਿਹੇ ਵਿਅਕਤੀ ਨੂੰ ਦੁਬਾਰਾ ਮੌਕਾ ਦੇਣ ਜਾਂ ਲੈਣ ਦਾ ਕੋਈ ਹੱਕ ਨਹੀਂ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਇਸ ਮਾਮਲੇ ਵਿੱਚ ਸਪੱਸ਼ਟ ਕਿਹਾ ਸੀ ਕਿ ਜਿਹੜਾ ਬੰਦਾ ਕਿਸੇ ਦੇ ਦਬਾਅ ਹੇਠ ਚੱਲਦਾ ਹੋਵੇ ਉਸ ਕੋਲੋਂ ਨਾ ਵੋਟਰ, ਨਾ ਹੀ ਪਾਰਟੀ ਅਤੇ ਨਾ ਹੀ ਉਸਦੇ ਸਮਰਥਕ ਕੋਈ ਵੀ ਉਮੀਦ ਰੱਖ ਸਕਦੇ ਹਨ। ਅਕਾਲੀ ਨੇਤਾਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇਜੇਤੂ ਕੌਂਸਲਰ ਨਾ ਹੀ ਕਿਸੇ ਅੱਗੇ ਝੁਕਣਗੇ ਅਤੇ ਨਾ ਹੀ ਬਲਬੀਰ ਸਿੰਘ ਸਿੱਧੂ ਦਾ ਦਬਾਅ ਝੱਲਣਗੇ ਸਗੋਂ ਸਰਬਪੱਖੀ ਵਿਕਾਸ ਨੂੰ ਹੀ ਆਪਣੀ ਪ੍ਰਾਥਮਿਕਤਾ ਸਮਝਣਗੇ।