ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਨਿਗਮ ਮੁਹਾਲੀ ਦੀ ਚੋਣ ਲਈ ਪੰਜ ਹੋਰ ਉਮੀਦਵਾਰਾਂ ਦਾ ਐਲਾਨ
ਐਸ ਏ ਐਸ ਨਗਰ, 15 ਜਨਵਰੀ (ਸ.ਬ.) ਨਗਰ ਨਿਗਮ ਮੁਹਾਲੀ ਦੀ ਆਉਣ ਵਾਲੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਆਪਣੇ ਪੰਜ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਨਗਰ ਨਿਗਮ ਦੀ ਚੋਣ ਸੰਬੰਧੀ ਅਕਾਲੀ ਦਲ ਵਲੋਂ ਬਣਾਈ ਗਈ ਕਮੇਟੀ ਦੇ ਚੇਅਰਮੈਨ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਵਾਰਡ ਨੰ: 4 ਤੋਂ ਇੰਜ: ਜਸਪਾਲ ਸਿੰਘ, ਵਾਰਡ ਨੰਬਰ 12 ਤੋਂ ਸਰਬਜੀਤ ਸਿੰਘ ਪਾਰਸ, 14 ਤੋਂ ਇੰਜ: ਕਮਲਜੀਤ ਸਿੰਘ ਰੂਬੀ, 30 ਤੋਂ ਕੈਪਟਨ ਰਮਨਦੀਪ ਸਿੰਘ ਬਾਵਾ ਅਤੇ ਵਾਰਡ ਨੰਬਰ 38 ਤੋਂ ਅਜੈਪਾਲ ਸਿੰਘ ਮਿੱਡੂਖੇੜਾ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਗਿਆ। ਇਹ ਸਾਰੇ ਉਮੀਦਵਾਰ ਚੋਣ ਨਿਸ਼ਾਨ ਤੱਕੜੀ ਤੇ ਹੀ ਚੋਣ ਲੜਨਗੇ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਸਿੱਖਿਆ ਅਤੇ ਸਮਾਜ ਪੱਖੋਂ ਯੋਗ ਤੇ ਸੂਝਵਾਨ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਇਸ ਮੌਕੇ ਐਲਾਨੇ ਗਏ ਉਮੀਦਵਾਰਾਂ ਨੇ ਕਿਹਾ ਕਿ ਉਹ ਚੋਣ ਜਿੱਤ ਕੇ ਮੁਹਾਲੀ ਦੇ ਵਿਕਾਸ ਅਤੇ ਤਰੱਕੀ ਲਈ ਹਰ ਪੱਖ ਤੋਂ ਦਿਨ ਰਾਤ ਮਿਹਨਤ ਕਰਕੇ ਸ਼ਹਿਰ ਵਾਸੀਆਂ ਦੀ ਸੇਵਾ ਲਈ ਹਾਜ਼ਰ ਰਹਿਣਗੇ। ਇਸ ਮੌਕੇ ਚਰਨਜੀਤ ਸਿੰਘ ਬਰਾੜ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ ਆਦਿ ਅਕਾਲੀ ਆਗੂ ਮੌਜੂਦ ਸਨ।