ਸ਼੍ਰੋਮਣੀ ਭਗਤ ਧੰਨਾ ਜੱਟ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ

ਐਸ ਏ ਐਸ ਨਗਰ, 22 ਅਪ੍ਰੈਲ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ਼੍ਰੋਮਣੀ ਭਗਤ ਧੰਨਾ ਜੱਟ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ| ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਈ ਪ੍ਰਿਤਪਾਲ ਸਿੰਘ ਦੇ ਪੰਥਕ ਜੱਥੇ ਨੇ ਸ਼੍ਰੋਮਣੀ ਭਗਤ ਧੰਨਾ ਜੀ ਦਾ ਪੂਰਾ ਜੀਵਨ ਬ੍ਰਿਤਾਂਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਨ੍ਹਾਂ ਦੁਆਰਾ ਉਚਾਰਣ ਕੀਤੀ ਧੁਰ ਕੀ ਬਾਣੀ ਬਾਰੇ ਸੰਗਤਾਂ ਨੂੰ ਵਿਸਥਾਰ ਵਿੱਚ ਜਾਣੂੰ ਕਰਵਾਇਆ|
ਭਾਈ ਸੰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਨੇ ਸ਼੍ਰੋਮਣੀ ਭਗਤ ਧੰਨਾ ਜੀ ਦੇ ਜੀਵਨ ਬ੍ਰਿਤਾਂਤ, ਭਗਤ ਜੀ ਦੁਆਰਾ ਰਚਿਤ ਬਾਣੀ ਅਤੇ ਉਨ੍ਹਾਂ ਦੁਆਰਾ ਪਰਮਾਤਮਾ ਤੋਂ ਆਪਣੀ ਭਗਤੀ ਨਾਲ ਸਾਰੇ ਕੰਮ ਕਰਵਾਉਣ ਬਾਰੇ ਸੰਗਤਾਂ ਨੂੰ ਵਿਸਥਾਰ ਵਿੱਚ ਦੱਸਿਆ| ਭਾਈ ਗੁਰਵਿੰਦਰ ਸਿੰਘ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ| ਇਸ ਤੋਂ ਇਲਾਵਾ ਸ਼ੇਰ ਏ ਪੰਜਾਬ ਕਵੀਸ਼ਰੀ ਜੱਥਾ, ਭਾਈ ਸੁਰਜੀਤ ਸਿੰਘ ਦਾ ਕਵੀਸ਼ਰੀ ਜੱਥਾ, ਭਾਈ ਗੁਰਦੇਵ ਸਿੰਘ, ਭਾਈ ਅਮਰਜੀਤ ਸਿੰਘ ਖਾਲਸਾ, ਭਾਈ ਕੁਲਦੀਪ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਜਤਿੰਦਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਹਰਬਖਸ਼ ਸਿੰਘ, ਭਾਈ ਗੁਰਮੀਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ| ਮੰਚ ਸੰਚਾਲਕ ਦੀ ਸੇਵਾ ਨੂੰ ਭਾਈ ਧੰਨਾ ਸਿੰਘ ਨੇ ਬੜੀ ਬਾਖੂਬੀ ਨਾਲ ਨਿਭਾਇਆ| ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਗਿਆ|
ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ 28 ਅਪਰੈਲ ਨੂੰ ਸੱਚ ਖੰਡ ਵਾਸੀ, ਕਾਰ ਸੇਵਾ ਦੇ ਪੁੰਜ ਬਾਬਾ ਹਰਬੰਸ ਸਿੰਘ ਦਾ ਬਰਸੀ ਸਮਾਗਮ ਸ਼ਰਧਾ ਨਾਲ ਮਨਾਇਆ ਜਾਵੇਗਾ| ਇਸ ਦਿਨ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਉਚ ਕੋਟੀ ਦੇ ਰਾਗੀ, ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਅਤੇ ਪੰਥ ਪ੍ਰਸਿੱਧ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ| ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ|

Leave a Reply

Your email address will not be published. Required fields are marked *