ਸਕੂਲਾਂ ਦੇ ਬਾਹਰ ਤੰਬਾਕੂ ਵੇਚਣ ਵਾਲਿਆਂ ਤੇ ਪੁਲਿਸ ਛਾਪੇ

ਐਸ ਏ ਐਸ ਨਗਰ, 19 ਅਪ੍ਰੈਲ (ਸ.ਬ.)  ਸਕੂਲਾਂ ਦੇ ਇਰਦ-ਗਿਰਦ ਤੰਬਾਕੂ ਵੇਚਣ ਵਾਲਿਆਂ ਖਿਲਾਫ ਮੁਹਿੰਮ ਚਲਾਉਂਦਿਆਂ ਥਾਣਾ ਫੇਜ਼-11 ਦੇ ਐਚਐਚਓ ਸ. ਅਮਰਪ੍ਰੀਤ ਸਿੰਘ ਨੇ  ‘ਐਂਟੀ ਟੋਬੈਕੋ ਸਕੂਐਡ’ ਦਾ ਗਠਨ ਕੀਤਾ| ਇਹ ਪੁਲਿਸ ਟੀਮ      ਸਮੇਂ-ਸਮੇਂ ‘ਤੇ ਖੇਤਰ ਵਿੱਚ ਵਿੱਦਿਅਕ ਅਦਾਰਿਆਂ, ਦੁਕਾਨਾਂ ਅਤੇ ਜਨਤਕ ਥਾਵਾਂ ਦੀ ਜਾਂਚ ਕਰੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਜ਼ੁਰਮਾਨਾ ਕਰੇਗੀ| ਅੱਜ ਇਸ ਟੀਮ ਨੇ ਅੱਜ ਤੰਬਾਕੂ ਵਿਰੁੱਧ ਸਰਗਰਮ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਮਦਦ ਨਾਲ ਸਕੂਲਾਂ ਦੇ ਨੇੜੇ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ| ਮੁਹਿੰਮ ਦੌਰਾਨ ਦੁਕਾਨਦਾਰਾਂ ਨੂੰ ਮੌਕੇ ‘ਤੇ ਜ਼ੁਰਮਾਨਾ ਕੀਤਾ ਗਿਆ ਅਤੇ ਤੰਬਾਕੂ ਉਤਪਾਦਾਂ ਨੂੰ ਤਤਕਾਲ ਪ੍ਰਭਾਵ ਅਧੀਨ ਹਟਾਇਆ ਗਿਆ| ਇਸ ਮੌਕੇ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ| ਜਨਰੇਸ਼ਨ ਸੇਵੀਅਰ         ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰਪ੍ਰੀਤ ਕੌਰ ਅਤੇ ਡਵੀਜਨਲ ਕੁਆਰਡੀਨੇਟਰ ਹਰਪ੍ਰੀਤ ਸਿੰਘ ਨੇ ਪੁਲਿਸ ਟੀਮ ਨਾਲ ਮਿਲ ਕੇ ਮਾਪਿਆਂ ਨੂੰ ਜਾਗਰੂਕ ਕੀਤਾ ਅਤੇ ਪਰਚੇ ਵੰਡੇ|
ਇਸ ਮੌਕੇ ਗੱਲਬਾਤ ਕਰਦਿਆਂ ਐਚਐਚਓ ਸ. ਅਮਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਥਾਣੇ ਅਧੀਨ ਆਉਂਦੇ ਖੇਤਰ ਵਿੱਚ ‘ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ, 2003’ ਯਾਨੀ ‘ਕੋਟਪਾ’ ਨੂੰੰ ਸਖਤੀ ਨਾਲ ਲਾਗੂ ਕਰਵਾਉਣਗੇ| ਉਹਨਾਂ ਕਿਹਾ ਕਿ ਮੁਹਿੰਮ ਦੇ ਪਹਿਲੇ ਪੜਾਅ ਅਧੀਨ ਵਿਦਿਆਰਥੀਆਂ ਨੂੰੰ ਇਸ ਅਲਾਮਤ ਤੋਂ ਬਚਾਉਣ ਲਈ ਇਸ ਕਾਨੂੰਨ ਦੀ ਧਾਰਾ 6ਬੀ ਨੂੰ ਸਮੁੱਚੇ ਖੇਤਰ ਵਿੱਚ ਲਾਗੂ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਇਸ ਮੁਤਾਬਕ ਕਿਸੇ ਵੀ ਵਿੱਦਿਅਕ ਅਦਾਰੇ ਦੇ 100 ਗਜ਼ ਦੇ ਘੇਰੇ ਵਿੱਚ ਕੋਈ ਵੀ ਤੰਬਾਕੂ ਉਤਪਾਦ ਨਹੀਂ ਵੇਚਿਆ ਜਾ ਸਕਦਾ| ਜੇਕਰ ਕੋਈ ਅਜਿਹਾ ਕਰਦਾ ਹੈ ਕਿ ਪੁਲਿਸ ਉਸ ਨੂੰ ਜ਼ੁਰਮਾਨਾ ਕਰੇਗੀ| ਉਹਨਾਂ ਕਿਹਾ ਅੱਜ ਦੀ ਮੁਹਿੰਮ ਵਿੱਚ ਉਹਨਾਂ ਨੇ ਕਰੀਬ 10 ਦੁਕਾਨਾਂ ਦੀ ਜਾਂਚ ਕੀਤੀ ਜਿਸ ਵਿੱਚ 3 ਦੁਕਾਨਦਾਰ ਤੰਬਾਕੂ ਉਤਪਾਦ ਵੇਚਦੇ ਪਾਏ ਗਏ| ਉਹਨਾਂ ਕਿਹਾ ਕਿ ਇੱਕ ਦੁਕਾਨਦਾਰ ਤਾਂ ਇੱਕ ਕਾਨਵੈਂਟ ਸਕੂਲ ਦੇ ਮੁੱਖ ਗੇਟ ਦੇ ਬਿਲਕੁਲ ਸਾਹਮਣੇ ਤੰਬਾਕੂ ਵੇਚ ਰਿਹਾ ਸੀ|

Leave a Reply

Your email address will not be published. Required fields are marked *