ਸਕੂਲਾਂ ਵਿੱਚ ਵੀ ਦਿੱਤੀ ਜਾਵੇ ਪੰਜਾਬੀ ਸਭਿਆਚਾਰ ਦੀ ਜਾਣਕਾਰੀ

ਸਾਡੇ ਸ਼ਹਿਰ ਅਤੇ ਸੂਬੇ ਵਿੱਚ ਇਸ ਸਮੇਂ ਵੱਖ ਵੱਖ ਤਰ੍ਹਾਂ ਦੇ ਨਿੱਜੀ ਸਕੂਲ ਮੌਜੂਦ ਹਨ ਜਿਹਨਾਂ ਵਿੱਚੋਂ ਵੱਡੀ ਗਿਣਤੀ ਸਕੂਲ ਜਿਥੇ ਅੰਗ੍ਰੇਜੀ ਮੀਡੀਅਮ ਵਾਲੇ ਹਨ, ਉਥੇ ਪੂਰੇ ਪੰਜਾਬ ਵਿੱਚ ਅਜਿਹੇ ਸਕੂਲਾਂ ਦੀ ਵੀ ਵੱਡੀ ਗਿਣਤੀ ਹੈ, ਜਿਹਨਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਆਪਸ ਵਿੱਚ ਸਿਰਫ ਅੰਗਰੇਜ਼ੀ ਵਿੱਚ ਹੀ ਗੱਲਬਾਤ ਕਰਨੀ ਜਰੂਰੀ ਹੈ| ਇਹਨਾਂ ਸਕੂਲਾਂ ਵਿੱਚ ਜੇ ਕੋਈ ਵਿਦਿਆਰਥੀ ਪੰਜਾਬੀ (ਜਾਂ ਕੋਈ ਹੋਰ ਭਾਸ਼ਾ) ਬੋਲਦਾ ਹੈ ਤਾਂ ਉਸ ਨੂੰ ਜੁਰਮਾਨਾ ਤਕ ਕੀਤਾ ਜਾਂਦਾ ਹੈ ਅਤੇ ਇਹਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਰੀ ਸਿਖਿਆ ਹੀ ਅੰਗਰੇਜ਼ੀ ਵਿੱਚ ਦਿੱਤੀ ਜਾਂਦੀ ਹੈ| ਇਹ ਵੀ ਇੱਕ ਦੁਖਦ ਹਕੀਕਤ ਹੈ ਕਿ ਇਹਨਾਂ ਸਕੂਲਾਂ ਵਿੱਚ ਜਿਹੜੇ ਤਿਉਹਾਰ ਅਤੇ ਦਿਵਸ ਮਨਾਏ ਜਾਂਦੇ ਹਨ ਉਹ ਵੀ ਅੰਗਰੇਜ਼ਾਂ ਵਾਲੇ ਹੀ ਮਨਾਏ ਜਾਂਦੇ ਹਨ| ਅਜਿਹਾ ਹੋਣ ਕਾਰਨ ਇਹਨਾਂ ਸਕੂਲਾਂ ਵਿੱਚ ਪੜਦੇ ਪੰਜਾਬੀਆਂ ਅਤੇ ਸਿੱਖਾਂ ਦੇ ਬੱਚਿਆਂ ਨੂੰ ਕ੍ਰਿਸਮਿਸ ਅਤੇ ਵੈਲਨਟਾਈਨ ਡੇ ਬਾਰੇ ਤਾਂ ਪੂਰੀ ਜਾਣਕਾਰੀ ਹੁੰਦੀ ਹੈ ਪਰ ਸ਼ਹੀਦੀ ਜੋੜ ਮੇਲਿਆਂ ਅਤੇ ਵਿਸਾਖੀ ਵਰਗੇ ਤਿਉਹਾਰਾਂ ਬਾਰੇ ਉਹ ਕੁੱਝ ਨਹੀਂ ਜਾਣਦੇ| ਹਾਲਾਤ ਇਹ ਹਨ ਕਿ ਸਾਡੇ ਬੱਚੇ ਆਪਣੇ ਸਭਿਆਚਾਰ ਅਤੇ ਧਰਮ ਤੋਂ ਦੂਰ ਹੋ ਰਹੇ ਹਨ ਅਤੇ ਅੰਗਰੇਜ਼ਾਂ ਦੇ ਪਿਛਲੱਗੂ ਬਣਨ ਜੋਗੇ ਹੀ ਰਹਿ ਗਏ ਹਨ|
ਇਹਨਾਂ ਅੰਗ੍ਰੇਜੀ ਸਕੂਲਾਂ ਵਿੱਚ ਪੜਣ ਵਾਲੇ ਬੱਚੇ ਆਪਣੇ ਘਰ ਆ ਕੇ ਵੀ ਅੰਗਰੇਜ਼ੀ ਵਿੱਚ ਹੀ ਗੱਲਬਾਤ ਕਰਦੇ ਹਨ| ਮਾਪੇ ਵੀ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਬੋਲਦਾ ਵੇਖ ਕੇ ਖੁਸ਼ ਹੁੰਦੇ ਹਨ ਅਤੇ(ਇਸ ਕਾਰਨ ਵੀ) ਸਾਡੇ ਬੱਚੇ ਆਪਣੀ ਮਾਤ ਭਾਸ਼ਾ ਤੋਂ ਵੀ ਦੂਰ ਹੋ ਰਹੇ ਹਨ| ਇਹਨਾਂ ਬੱਚਿਆਂ ਦੀ ਹਾਲਤ ਉਸ ਸਮੇਂ ਹਾਸੋ ਹੀਣੀ ਹੋ ਜਾਂਦੀ ਹੈ ਜਦੋਂ ਉਹ ਮਾਰਕੀਟ ਦੀ ਕਿਸੇ ਆਮ ਦੁਕਾਨ ਤੋਂ ਸਮਾਨ ਲੈਣ ਜਾਂਦੇ ਹਨ ਅਤੇ ਦੁਕਾਨਦਾਰ ਪੰਜਾਬੀ ਵਿੱਚ ਉਹਨਾਂ ਨੂੰ 42 ਜਾਂ 43 ਜਾਂ ਕੁਝ ਹੋਰ ਰੁਪਏ ਉਸ ਚੀਜ਼ ਦਾ ਮੁੱਲ ਅਨੁਸਾਰ ਦੱਸ ਦਿੰਦਾ ਹੈ ਪਰ ਇਹਨਾਂ ਬੱਚਿਆਂ ਨੂੰ ਪੰਜਾਬੀ ਵਿੱਚ 42 ਤੇ 43 ਦੀ ਸਮਝ ਹੀ ਨਹੀਂ ਆਉਂਦੀ ਅਤੇ ਇਹ ਬੱਚੇ ਮੁੜ ਉਸ ਦੁਕਾਨਦਾਰ ਤੋਂ ਖਰੀਦੇ ਗਏ ਸਮਾਨ ਦਾ ਰੇਟ ਪੁੱਛਦੇ ਹਨ| ਜੇ ਦੁਕਾਨਦਾਰ ਸਿਆਣਾ ਹੋਵੇ ਤਾਂ ਉਹ ਤੁਰੰਤ ਇਹਨਾਂ ਬੱਚਿਆਂ ਨੂੰ ਅੰਗਰੇਜੀ ਵਿੱਚ ਵੇਚੇ ਗਏ ਸਮਾਨ ਦਾ ਮੁੱਲ ਦੱਸ ਦਿੰਦਾ ਹੈ, ਕਈ ਵਾਰ ਦੁਕਾਨਦਾਰ ਦਾ ਇਸ ਪਾਸੇ ਧਿਆਨ ਨਹੀਂ ਜਾਂਦਾ ਤੇ ਉਹ ਮੁੜ ਪੰਜਾਬੀ ਵਿੱਚ ਹੀ ਰੁਪਏ ਦੱਸ ਕੇ ਪੈਸੇ ਦੀ ਮੰਗ ਕਰਦਾ ਹੈ ਤਾਂ ਇਹ ਅੰਗਰੇਜ਼ੀ ਸਕੂਲਾਂ ਵਿੱਚ ਪੜਦੇ ਬੱਚੇ ਹੈਰਾਨ ਜਿਹੇ ਹੋ ਕੇ ਇਧਰ ਉਧਰ ਦੇਖਣ ਲੱਗਦੇ ਹਨ ਅਤੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਾਡੇ ਬੱਚੇ ਪੰਜਾਬ ਵਿਚ ਰਹਿੰਦੇ ਹੋਏ ਵੀ ਆਪਣੇ ਸਭਿਆਚਾਰ ਦੇ ਨਾਲ ਨਾਲ ਆਪਣੀ ਮਾਤ ਬੋਲੀ ਤੋਂ ਵੀ ਦੂਰ ਹੋ ਰਹੇ ਹਨ|
ਵਿਦਿਅਕ ਮਾਹਿਰ ਵੀ ਕਹਿੰਦੇ ਹਨ ਕਿ ਹਰ ਬੱਚਾ ਆਪਣੀ ਮਾਂ ਬੋਲੀ ਵਿੱਚ ਹੀ ਚੰਗੀ ਸਿਖਿਆ ਗ੍ਰਹਿਣ ਕਰਦਾ ਹੈ| ਇਸ ਲਈ ਬੱਚਿਆ ਨੂੰ ਮੁੱਢਲੀ ਸਿਖਿਆ ਮਾਂ ਬੋਲੀ ਵਿੱਚ ਹੀ ਦੇਣੀ ਚਾਹੀਦੀ ਹੈ ਪਰ ਪੰਜਾਬ ਵਿੱਚ ਵੱਡੀ ਗਿਣਤੀ ਮਾਪੇ ਬਿਲਕੁਲ ਇਸਦੇ ਉਲਟ ਹਨ| ਉਹ ਆਪਣੇ ਬੱਚੇ ਨੂੰ ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਘਰ ਵਿੱਚ ਜੋ ਤਿਆਰੀ ਕਰਵਾਉਂਦੇ ਹਨ ਉਸ ਵਿੱਚ ਵੀ ਅੰਗਰੇਜ਼ੀ ਉੱਪਰ ਹੀ ਜ਼ੋਰ ਦਿੱਤਾ ਜਾਂਦਾ ਹੈ| ਉਸ ਤੋਂ ਬਾਅਦ ਸਕੂਲ ਵਿੱਚ ਪੰਜਾਬੀ ਪੜਾਈ ਹੀ ਨਹੀਂ ਜਾਂਦੀ ਜਿਸ ਕਰਕੇ ਇਹ ਬੱਚੇ ਆਪਣੀ ਮਾਤ ਭਾਸ਼ਾ ਤੋਂ ਕੋਰੇ ਰਹਿ ਜਾਂਦੇ ਹਨ| ਮਾਤ ਭਾਸ਼ਾ ਦੀ ਜਾਣਕਾਰੀ ਨਾ ਹੋਣ ਕਾਰਨ ਇਹਨਾਂ ਬੱਚਿਆਂ ਦਾ ਪੂਰੀ ਤਰ੍ਹਾਂ ਬੌਧਿਕ ਵਿਕਾਸ ਨਹੀਂ ਹੁੰਦਾ ਤੇ ਉਹ ਜ਼ਿੰਦਗੀ ਦੇ ਕਈ ਮੌਕਿਆਂ ਉਪਰ ਪਿਛੜ ਜਾਂਦੇ ਹਨ| ਸਾਡੇ ਇਹ ਬੱਚੇ ਸੋਚਦੇ ਤਾਂ ਪੰਜਾਬੀ ਵਿੱਚ ਹਨ ਪਰ ਉਹਨਾਂ ਨੂੰ ਬੋਲਣਾਂ ਤੇ ਕੰਮ ਕਾਜ ਅੰਗਰੇਜੀ ਵਿੱਚ ਕਰਨਾ ਪੈਂਦਾ ਹੈ, ਜਿਸ ਕਾਰਨ ਉਹ ਹਰ ਸਮੇਂ ਕਿਸੇ ਬੋਝ ਜਿਹੇ ਹੇਠ ਦਬੇ ਨਜ਼ਰ ਆਉਂਦੇ ਹਨ|
ਯੁੱਗ ਕਵੀ ਰਵਿੰਦਰ ਨਾਥ ਟੈਗੋਰ ਆਪਣੇ ਜੀਵਨਕਾਲ ਦੌਰਾਨ ਮਾਤ ਭਾਸ਼ਾ ਨੂੰ ਬਹੁਤ ਮਹੱਤਵ ਦਿੰਦੇ ਸਨ| ਜਦੋਂ ਪੰਜਾਬੀ ਦਾ ਪ੍ਰਸਿੱਧ ਲੇਖਕ ਬਲਵੰਤ ਗਾਰਗੀ ਆਪਣੀ ਕੋਈ ਰਚਨਾ ਅੰਗਰੇਜ਼ੀ ਵਿੱਚ ਲਿਖ ਕੇ ਟੈਗੋਰ ਕੋਲ ਗਿਆ ਤਾਂ ਟੈਗੋਰ ਨੇ ਗਾਰਗੀ ਨੂੰ ਪੁੱਛਿਆ ਕਿ ਉਸਦੀ ਮਾਤ ਭਾਸ਼ਾ ਕਿਹੜੀ ਹੈ| ਜਦੋਂ ਗਾਰਗੀ ਨੇ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ ਦਸਿਆ ਤਾਂ ਟੈਗੋਰ ਨੇ ਕਿਹਾ ਕਿ ਉਹ ਆਪਣੀ ਰਚਨਾ ਨੂੰ ਆਪਣੀ ਮਾਤ ਭਾਸ਼ਾ ਵਿੱਚ ਹੀ ਲਿਖ ਕੇ ਲਿਆਵੇ| ਇਸਦੇ ਨਾਲ ਹੀ ਉਹਨਾਂ ਇਹ ਸੰਦੇਸ਼ ਵੀ ਦਿੱਤਾ ਕਿ ਹਰ ਲੇਖਕ ਆਪਣੀ ਮਾਤ ਭਾਸ਼ਾ ਵਿੱਚ ਹੀ ਵਧੀਆ ਰਚਨਾ ਰਚ ਸਕਦਾ ਹੈ ਨਾ ਕਿ ਕਿਸੇ ਹੋਰ ਭਾਸ਼ਾ ਵਿੱਚ|
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਮੁਕਾਬਲੇਬਾਜ਼ੀ ਦੇ ਯੁੱਗ ਵਿੱਚ ਬੱਚਿਆਂ ਵਾਸਤੇ ਅੰਗਰੇਜੀ ਸਿੱਖਣੀ ਬਹੁਤ ਜਰੂਰੀ ਹੈ ਅਤੇ ਬੱਚਿਆਂ ਨੂੰ ਅੰਗਰੇਜ਼ੀ ਵਿੱਚ ਸਿਖਿਆ ਵੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਅੰਤਰਰਾਸ਼ਟਰੀ ਪੱਧਰ ਉਪਰ ਆਪਣੀ ਯੋਗਤਾ ਦਾ ਪ੍ਰਗਟਾਵਾ ਕਰ ਸਕਣ ਪਰ ਇਸਦੇ ਨਾਲ ਹੀ ਬੱਚਿਆਂ ਨੂੰ ਮਾਤ ਭਾਸ਼ਾ, ਧਰਮ ਅਤੇ ਸਭਿਆਚਾਰ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਇਹ ਬੱਚੇ ਆਪਣੇ ਸਭਿਆਚਾਰ ਅਤੇ ਮਾਤ ਭਾਸ਼ਾ ਨਾਲ ਵੀ ਜੁੜੇ ਰਹਿ ਸਕਣ ਅਤੇ ਬੱਚਿਆਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਆਪਣੇ ਸਭਿਆਚਾਰ, ਧਰਮ ਅਤੇ ਮਾਤਭਾਸ਼ਾ ਦੀ ਸਿਖਿਆ ਦਾ ਵੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *