ਸਕੂਲੀ ਬੱਚਿਆਂ ਵਿੱਚ ਵੱਧਦਾ ਹਿੰਸਾ ਦਾ ਰੁਝਾਨ ਚਿੰਤਾ ਦਾ ਵਿਸ਼ਾ

ਪਹਿਲਾਂ ਅਮਰੀਕਾ ਸਮੇਤ ਕੁੱਝ ਹੋਰਨਾਂ ਵਿਕਸਿਤ ਦੇਸ਼ਾਂ ਵਿੱਚ ਇਹ ਗੱਲ ਸਾਮ੍ਹਣੇ ਆਉਂਦੀ ਸੀ ਕਿ ਉੱਥੇ ਸਕੂਲ ਪੜਦੇ ਬੱਚਿਆਂ ਨੇ ਆਪਣੇ ਹੀ ਸਕੂਲ ਦੇ ਵਿਦਿਆਰਥੀਆਂ ਜਾਂ ਅਧਿਆਪਕਾਂ ਤੇ ਗੋਲੀਬਾਰੀ ਅਤੇ ਚਾਕੂਬਾਜੀ ਕੀਤੀ ਪਰੰਤੂ ਹੁਣ ਅਜਿਹੀਆਂ ਘਟਨਾਵਾਂ ਭਾਰਤ ਵਿਚ ਵੀ ਵਾਪਰਨ ਲੱਗ ਗਈਆਂ ਹਨ| ਦੇਸ਼ ਵਿੱਚ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਬੱਚਿਆਂ ਵਿੱਚ ਹਿੰਸਕ ਘਟਨਾਂਵਾਂ ਨੂੰ ਅੰਜਾਮ ਦੇਣ ਦੀ ਹੋੜ ਲੱਗੀ ਹੈ, ਉਹ ਸਾਡੇ ਬੱਚਿਆਂ ਦੇ ਦਿਲੋ ਦਿਮਾਗ ਤੇ ਹਾਵੀ ਹੁੰਦੇ ਜਾ ਰਹੇ ਹਿੰਸਕ ਰੁਝਾਨ ਨੂੰ ਜਾਹਿਰ ਕਰਦੀ ਹੈ| ਸੋਚਣ ਵਾਲੀ ਗੱਲ ਇਹ ਹੈ ਕਿ ਜੇ ਭਾਰਤੀ ਬੱਚੇ ਇਸੇ ਤਰ੍ਹਾਂ ਹਿੰਸਕ ਹੁੰਦੇ ਰਹੇ ਤਾਂ ਉਹਨਾਂ ਦੇ ਭਵਿੱਖ ਅਤੇ ਸਾਡੇ ਸਮਾਜ ਦਾ ਕੀ ਬਣੇਗਾ|
ਕੁਝ ਸਮਾਂ ਪਹਿਲਾਂ ਹਰਿਆਣਾ ਦੇ ਯਮੁਨਾਨਗਰ ਵਿੱਚ ਇਕ ਵਿਦਿਆਰਥੀ ਨੇ ਆਪਣੀ ਪ੍ਰਿੰਸੀਪਲ ਨੂੰ ਗੋਲੀਆਂ ਮਾਰ ਕੇ ਉਸਦੀ ਜਾਨ ਲੈ ਲਈ ਸੀ| ਉਸ ਦਿਨ ਸਕੂਲ ਵਿਚ ਮਾਪੇ ਅਧਿਆਪਕ ਮੀਟਿੰਗ ਸੀ| ਇਹ ਵਿਦਿਆਰਥੀ ਇਸ ਮੀਟਿੰਗ ਤੋਂ ਬਚਣਾ ਚਾਹੁੰਦਾ ਸੀ ਇਸ ਲਈ ਉਸਨੇ ਆਪਣੀ ਪ੍ਰਿੰਸੀਪਲ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ| ਇਸ ਤੋਂ ਪਹਿਲਾਂ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਪ੍ਰਦੁਮਨ ਠਾਕੁਰ ਹਤਿਆਕਾਂਡ ਹੋਇਆ ਸੀ ਜਿਸ ਦਾ ਦੋਸ਼ੀ ਇਸੇ ਸਕੂਲ ਦਾ ਵਿਦਿਆਰਥੀ ਨਿਕਲਿਆ ਸੀ| ਇਸ ਮਾਮਲੇ ਵਿਚ ਪਹਿਲਾਂ ਸਕੂਲ ਬੱਸ ਦੇ ਕੰਡਕਟਰ ਉਪਰ ਸ਼ੱਕ ਕੀਤਾ ਗਿਆ ਸੀ ਪਰ ਬਾਅਦ ਵਿੱਚ ਸਕੂਲ ਦਾ ਇੱਕ ਵਿਦਿਆਰਥੀ ਹੀ ਮੁਜਰਿਮ ਨਿਕਲਿਆ ਸੀ| ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਲਖਨਊ ਵਿੱਚ ਵੀ ਇੱਕ 11 ਸਾਲ ਦੀ ਲੜਕੀ ਨੇ ਸੱਤ ਸਾਲ ਦੇ ਬੱਚੇ ਦੇ ਚਾਕੂ ਮਾਰ ਦਿੱਤਾ ਸੀ|
ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਦੇ ਵੱਡੀ ਗਿਣਤੀ ਬੱਚੇ ਮਾਨਸਿਕ ਤਨਾਓ ਦਾ ਸ਼ਿਕਾਰ ਹਨ ਅਤੇ ਇਸ ਕਾਰਨ ਉਹ ਹਿੰਸਕ ਹੋ ਜਾਂਦੇ ਹਨ| ਮਾਪੇ ਆਪਣੇ ਬੱਚਿਆਂ ਨੂੰ ਦਿਨ ਰਾਤ ਪੜਾਈ ਕਰਕੇ ਜਿਆਦਾ ਨੰਬਰ ਲਿਆਉਣ, ਕੈਰੀਅਰ ਬਣਾਉਣ, ਜਲਦੀ ਹੀ ਕੁਝ ਬਣਨ ਅਤੇ ਕੁਝ ਹਾਸਿਲ ਕਰਨ ਵਾਸਤੇ ਲਗਾਤਾਰ ਦਬਾਓ ਬਣਾ ਕੇ ਰੱਖਦੇ ਹਨ ਜਿਸ ਕਾਰਨ ਬੱਚਿਆਂ ਵਿੱਚ ਮਾਨਸਿਕ ਤਨਾਓ, ਡਰ ਅਤੇ ਸਹਿਮ ਵੱਧਦਾ ਹੈ| ਇਸਦੇ ਨਤੀਜੇ ਵਜੋਂ ਜਿੱਥੇ ਜਿਆਦਾਤਰ ਬੱਚੇ ਦੱਬੂ ਕਿਸਮ ਦੇ ਹੋ ਜਾਂਦੇ ਹਨ ਉੱਥੇ ਕਈ ਬੱਚੇ ਬਾਗੀ ਹੋ ਕੇ ਹਿੰਸਕ ਹੋ ਜਾਂਦੇ ਹਨ|
ਅੱਜਕੱਲ ਬੱਚੇ ਟੀ ਵੀ ਸੀਰੀਅਲਾਂ ਅਤੇ ਇੰਟਰਨੈਟ ਕਾਰਨ ਵੀ ਗੁੰਮਰਾਹ ਹੋ ਰਹੇ ਹਨ| ਟੀ ਵੀ ਸੀਰੀਅਲਾਂ ਵਿੱਚ ਜਿਹੜੀ ਜਿੰਦਗੀ ਦਿਖਾਈ ਜਾਂਦੀ ਹੈ, ਬੱਚੇ ਅਸਲ ਜਿੰਦਗੀ ਵਿੱਚ ਉਸੇ ਤਰ੍ਹਾਂ ਕਰਨਾ ਚਾਹੁੰਦੇ ਹਨ| ਹੁਣ ਤਾਂ ਬ ੱਚੇ ਆਪਣੀਆਂ ਸਮੱਸਿਆਵਾਂ ਦਾ ਹਲ ਵੀ ਇੰਟਰਨੈਟ ਤੇ ਹੀ ਲੱਭਦੇ ਹਨ ਅਤੇ ਉਹਨਾਂ ਵਿਚ ਇੱਕਲੇ ਰਹਿਣ ਦੀ ਭਾਵਨਾ ਲਗਾਤਾਰ ਵੱਧਦੀ ਜਾਂਦੀ ਹੈ| ਕੁਝ ਬੱਚੇ ਬਚਪਨ ਤੋਂ ਹੀ ਲੜਾਕੂ ਕਿਸਮ ਦੇ ਹੁੰਦੇ ਹਨ ਅਤੇ ਉਹ ਦੂਜੇ ਬੱਚਿਆਂ ਨੂੰ ਕੁੱਟਦੇ-ਮਾਰਦੇ ਰਹਿੰਦੇ ਹਨ| ਦੂਜੇ ਬੱਚੇ ਵੀ ਬਦਲਾ ਲੈਣ ਲਈ ਚਾਕੂ ਆਦਿ ਦਾ ਸਹਾਰਾ ਲੈਂਦੇ ਹਨ| ਕਾਲਜਾਂ ਵਾਂਗ ਹੁਣ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਦੇ ਗਰੁੱਪ ਬਣ ਜਾਂਦੇ ਹਨ ਅਤੇ ਇਹਨਾ ਗਰੁੱਪਾਂ ਵਿੱਚ ਅਕਸਰ ਲੜਾਈ ਝਗੜੇ ਵੀ ਹੁੰਦੇ ਹਨ ਅਤੇ ਇਹ ਬੱਚੇ ਬਚਪਨ ਵਿੱਚ ਹੀ ਹਿੰਸਕ ਹੋਣ ਲੱਗ ਜਾਂਦੇ ਹਨ|
ਸਕੂਲੀ ਬੱਚਿਆਂ ਵਿੱਚ ਮਾਪੇ ਅਧਿਆਪਕ ਮੀਟਿੰਗ ਦਾ ਵੀ ਕਾਫੀ ਡਰ ਹੁੰਦਾ ਹੈ| ਬੱਚਿਆਂ ਨੂੰ ਲੱਗਦਾ ਹੈ ਕਿ ਇਸ ਮੀਟਿੰਗ ਦੌਰਾਨ ਅਧਿਆਪਕ ਉਹਨਾਂ ਦੇ ਮਾਪਿਆਂ ਕੋਲ ਉਹਨਾਂ ਦੀ ਸ਼ਿਕਾਇਤ ਕਰਨਗੇ ਅਤੇ ਇਸ ਕਾਰਨ ਵੀ ਕੁੱਝ ਬੱਚੇ ਆਪਣੇ ਅਧਿਆਪਕਾਂ ਦੇ ਖਿਲਾਫ ਹੋ ਜਾਂਦੇ ਹਨ| ਸਕੂਲ ਵਿੱਚ ਪੜਾਈ ਦੌਰਾਨ ਸ਼ਰਾਰਤਾਂ ਕਰਨ ਜਾਂ ਕਿਸੇ ਹੋਰ ਕਾਰਨ ਜੇ ਕੋਈ ਅਧਿਆਪਕ ਕਿਸੇ ਬੱਚੇ ਦੇ ਥੱਪੜ ਆਦਿ ਮਾਰ ਦੇਵੇ ਤਾਂ ਵੀ ਬੱਚੇ (ਅਤੇ ਉਹਨਾਂ ਦੇ ਮਾਪੇ) ਬਰਦਾਸ਼ਤ ਨਹੀਂ ਕਰਦੇ| ਅਜਿਹੇ ਮਾਮਲੇ ਵੀ ਸਾਮ੍ਹਣੇ ਆਉਂਦੇ ਹਨ ਜਿਹਨਾਂ ਵਿੱਚ ਬੱਚੇ ਨੂੰ ਇਹ ਲੱਗਦਾ ਹੈ ਕਿ ਆਪਣੇ ਮਾਪਿਆਂ ਦੀ ਉੱਚੀ ਪਹੁੰਚ ਕਾਰਨ ਕੋਈ ਉਸਦਾ ਕੁੱਝ ਵਿਗਾੜ ਨਹੀਂ ਪਾਏਗਾ ਅਤੇ ਉਹ ਬੇਲਗਾਮ ਜਿਹੇ ਹੋ ਕੇ ਹਿੰਸਾ ਦੇ ਰਾਹ ਪੈ ਜਾਂਦੇ ਹਨ|
ਸਕੂਲੀ ਬੱਚਿਆਂ ਵਿੱਚ ਹਿੰਸਾ ਦੀ ਪ੍ਰਵਿਰਤੀ ਦਾ ਵਧੱਦਾ ਰੁਝਾਨ ਭਾਰੀ ਚਿੰਤਾ ਦਾ ਵਿਸ਼ਾ ਹੈ ਅਤੇ ਇਸਤੇ ਰੋਕ ਲਗਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ| ਇਸ ਸੰਬੰਧੀ ਜਿੱਥੇ ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਨੂੰ ਅਜਿਹੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਿਹਨਾਂ ਵਿੱਚ ਹਿੰਸਕ ਪ੍ਰਵ੍ਰਿਤੀ ਵੱਧਦੀ ਦਿਖਦੀ ਹੈ ਉੱਥੇ ਮਾਂਪਿਆਂ ਨੂੰ ਵੀ ਆਪਣੇ ਬੱਚਿਆਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ| ਇਹ ਬੱਚੇ ਹੀ ਦੇਸ਼ ਦਾ ਭਵਿੱਖ ਹਨ| ਉਹਨਾਂ ਨੂੰ ਇੱਕ ਸਹਿਜ ਅਤੇ ਤਨਾਓ ਮੁਕਤ ਵਾਤਾਵਰਨ ਦੇ ਕੇ ਹੀ ਉਹਨਾਂ ਨੂੰ ਹਿੰਸਾ ਵੱਲ ਜਾਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਇਸ ਵਾਸਤੇ ਸਾਰਿਆਂ ਨੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ|

Leave a Reply

Your email address will not be published. Required fields are marked *