ਸਕੂਲ ਟ੍ਰਿਪ ਦੌਰਾਨ ਕੈਦੀ ਪਿਤਾ ਨਾਲ ਹੋਈ ਬੱਚੇ ਦੀ ਮੁਲਾਕਾਤ

ਬੈਂਕਾਕ, 5 ਸਤੰਬਰ (ਸ.ਬ.) ਥਾਈਲੈਂਡ ਵਿਚ ਸਕੂਲ ਟ੍ਰਿਪ ਦੌਰਾਨ ਬੱਚਿਆਂ ਨੂੰ ਜੇਲ ਲਿਜਾਇਆ ਗਿਆ ਤਾਂ ਜੋ ਉਹ ਉਥੋਂ ਦੇ ਹਾਲਾਤਾਂ ਨੂੰ ਸਮਝ ਸਕਣ| ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਇਹ ਟ੍ਰਿਪ ਸਾਰੇ ਬੱਚਿਆਂ ਅਤੇ ਸਕੂਲ ਸਟਾਫ ਦੇ ਨਾਲ-ਨਾਲ ਜੇਲ ਦੇ ਕੈਦੀਆਂ ਲਈ ਵੀ ਯਾਦਗਾਰ ਬਣ ਗਿਆ| ਅਸਲ ਵਿਚ ਟ੍ਰਿਪ ਉਤੇ ਗਏੇ ਇਕ ਬੱਚੇ ਦੀ ਮੁਲਾਕਾਤ ਜੇਲ ਵਿਚ ਬੰਦ ਆਪਣੇ ਕੈਦੀ ਪਿਤਾ ਨਾਲ ਹੋਈ| ਪਿਓ-ਪੁੱਤ ਦੇ ਮਿਲਾਪ ਨੂੰ ਦੇਖ ਕੇ ਉਥੇ ਮੌਜੂਦ ਕੋਈ ਵੀ ਆਪਣੇ ਹੰਝੂ ਨਾ ਰੋਕ ਸਕਿਆ|
ਪਿਓ-ਪੁੱਤ ਦਾ ਅਜਿਹਾ ਮਿਲਾਪ ਦੇਖ ਕੇ ਉਥੇ ਮੌਜੂਦ ਸਾਰੇ ਲੋਕ ਭਾਵੁਕ ਹੋ ਗਏ| ਇਸ ਟ੍ਰਿਪ ਦੇ ਆਯੋਜਕ ਅਰੋਮ ਖੂਨਮੌਂਗ ਸਨ, ਜੋ ਇਕ ਸੰਸਥਾ ਲਈ ਕੰਮ ਕਰਦੇ ਹਨ| ਇਹ ਸੰਸਥਾ ਬੱਚਿਆਂ ਲਈ ਵਿਦਿਅਕ ਯਾਤਰਾ ਦਾ ਆਯੋਜਨ ਕਰਦੀ ਹੈ| ਥਾਈਲੈਂਡ ਦੇ ਰੇਯਾਂਗ ਸੂਬੇ ਦੀ ਇਕ ਜੇਲ ਵਿਚ ਬੱਚਿਆਂ ਲਈ ਅਜਿਹੇ ਹੀ ਇਕ ਟ੍ਰਿਪ ਦਾ ਆਯੋਜਨ ਕੀਤਾ ਗਿਆ ਸੀ| ਅਰੋਮ ਨੇ ਫੇਸਬੁੱਕ ਪੋਸਟ ਉਤੇ ਇਸ ਘਟਨਾ ਦਾ ਜ਼ਿਕਰ ਕੀਤਾ|
ਬੱਚੇ ਨੇ ਆਪਣੇ ਪਿਤਾ ਨੂੰ ਦੇਖਿਆ ਤਾਂ ਉਹ ਰੋਣ ਲੱਗਾ ਅਤੇ ਉਸ ਨੇ ਅਧਿਆਪਕਾਂ ਨੂੰ ਦੱਸਿਆ ਕਿ ਉਸ ਦੇ ਪਿਤਾ ਜੇਲ ਵਿਚ ਬੰਦ ਕੈਦੀ ਹਨ| ਇਸ ਮਗਰੋਂ ਰਵਾਇਤੀ ਥਾਈ ਅੰਦਾਜ ਵਿਚ ਬੱਚੇ ਨੇ ਆਪਣੇ ਪਿਤਾ ਦੇ ਪੈਰ ਛੂਹੇ| ਕੈਦੀ ਪਿਤਾ ਵੀ ਆਪਣੀਆਂ ਭਾਵਨਾਵਾਂ ਉਤੇ ਕਾਬੂ ਨਾ ਰੱਖ ਸਕਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗਾ| ਰੋਂਦੇ ਹੋਏ ਪਿਤਾ ਨੇ ਆਪਣੇ ਬੇਟੇ ਨੂੰ ਚੁੰਮਿਆ| ਉਸ ਨੇ ਬੇਟੇ ਨੂੰ ਕਿਹਾ ਕਿ ਮੈਨੂੰ ਮੁਆਫ ਕਰ ਦੇ| ਮੈਂ ਤੈਨੂੰ ਬਹੁਤ ਯਾਦ ਕਰਦਾ ਹਾਂ ਅਤੇ ਸਜ਼ਾ ਖਤਮ ਹੋਣ ਮਗਰੋਂ ਮੈਂ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਾਂਗਾ| ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬੇਟੇ ਨੂੰ ਚੰਗੀ ਤਰ੍ਹਾਂ ਪੜ੍ਹਾਈ ਕਰਨ ਅਤੇ ਇਕ ਬਿਹਤਰ ਇਨਸਾਨ ਬਣਨ ਦੀ ਸਲਾਹ ਦਿੱਤੀ|
ਅਰੋਮ ਨੇ ਆਪਣੀ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਬੇਟੇ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਕੈਦੀ ਪਿਤਾ ਫੁੱਟ-ਫੁੱਟ ਕੇ ਰੋ ਰਿਹਾ ਸੀ| ਉਹ ਬਾਰ-ਬਾਰ ਆਪਣੇ ਬੇਟੇ ਨੂੰ ਪੁੱਛ ਰਿਹਾ ਸੀ ਕਿ ਮੇਰੇ ਕਾਰਨ ਤੈਨੂੰ ਆਪਣੇ ਦੋਸਤਾਂ ਵਿਚ ਸ਼ਰਮਿੰਦਗੀ ਤਾਂ ਨਹੀਂ ਹੋਵੇਗੀ? ਕੀ ਤੈਨੂੰ ਮੇਰੇ ਕਾਰਨ ਸ਼ਰਮ ਤਾਂ ਨਹੀਂ ਆ ਰਹੀ? ਬੇਟੇ ਨੇ ਆਪਣੇ ਪਿਤਾ ਨੂੰ ਗਲੇ ਲਗਾਇਆ ਅਤੇ ਕਿਹਾ ਕਿ ਉਸ ਨੂੰ ਕੋਈ ਸ਼ਰਮ ਨਹੀਂ ਆ ਰਹੀ|

Leave a Reply

Your email address will not be published. Required fields are marked *