ਸਕੂਲ ਬਸ ਆਪਰੇਟਰਾਂ ਵਲੋਂ ਲਾਕਡਾਊਨ ਦੇ ਸਾਰੇ ਟੈਕਸ ਮੁਆਫ ਕਰਨ ਦੀ ਮੰਗ

ਐਸ.ਏ.ਐਸ ਨਗਰ, 2 ਅਕਤੂਬਰ (ਸ.ਬ.)  ਪੰਜਾਬ ਸਕੂਲ ਅਤੇ ਕਾਲਜ ਬਸ ਆਪਰੇਟਰ ਐਸੋਸੀਏਸ਼ਨਾਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਰੇ ਟੈਕਸ ਮੁਆਫ ਕਰਨ ਦੀ ਮੰਗ ਕਰਦਿਆਂ ਐਲਾਨ ਕੀਤਾ ਹੈ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਨ੍ਹਾਂ ਵਲੋਂ  ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ|   ਅਤੇ ਇਸਦੇ ਨਾਲ ਹੀ ਉਹ ਆਪਣੀਆਂ ਬੱਸਾਂ ਦੀਆਂ ਚਾਬੀਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਰੱਖਣਗੇ|
ਸਕੂਲ ਅਤੇ ਕਾਲਜ ਬਸ ਆਪਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ, ਉਪ ਪ੍ਰਧਾਨ ਜਸਮੀਤ ਸਿੰਘ ਅਤੇ ਜਨਰਲ ਸਕੱਤਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਲਾਕਡਾਊਨ ਵਿੱਚ ਸਭ ਵਰਗਾਂ ਨੂੰ ਰਾਹਤ ਦਿੱਤੀ ਪਰੰਤੂ ਸਕੂਲ ਕਾਲਜ ਬਸ ਆਪਰੇਟਰਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਹੈ| ਉਨ੍ਹਾਂ ਕਿਹਾ ਕਿ  ਮਾਰਚ ਮਹੀਨੇ ਤੋਂ ਸਕੂਲ-ਕਾਲਜ ਬੰਦ ਹਨ ਅਤੇ ਬੱਸਾਂ ਨਹੀਂ ਚਲ ਰਹੀਆਂ| ਜਿਸ ਕਾਰਨ ਉਨ੍ਹਾਂ ਦੀ ਆਮਦਨ ਦੇ ਸਾਧਨ ਖਤਮ ਹੋ ਚੁੱਕੇ ਹਨ| ਉਨ੍ਹਾਂ ਕਿਹਾ ਕਿ ਖੜ੍ਹੀਆਂ ਬੱਸਾਂ ਦੇ ਟੈਕਸ, ਕਿਸ਼ਤ, ਪਾਸਿੰਗ, ਬੀਮਾ ਆਦਿ ਲਗਾਤਾਰ ਵੱਧ ਰਿਹਾ ਹੈ|
ਉਹਨਾਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਬੈਂਕਾਂ ਦੇ ਫਾਇਨੈਂਸਰਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ| ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਦੋਂ ਤੱਕ ਸਕੂਲ ਕਾਲਜ ਪੂਰੀ ਤਰ੍ਹਾਂ ਨਾਲ ਨਹੀਂ ਖੁੱਲਦੇ ਉਦੋਂ ਤੱਕ ਟੈਕਸ, ਬੀਮਾ, ਪਾਸਿੰਗ ਅਤੇ ਕਿਸ਼ਤਾਂ ਤੇ ਰੋਕ ਲਗਾਈ ਜਾਵੇ| ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬੈਂਕਾਂ ਨੂੰ ਨਿਰਦੇਸ਼ ਜਾਰੀ ਕਰਕੇ ਕਿਹਾ ਜਾਵੇ ਕਿ ਉਹਨਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ| 
ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਧੀਰਾ ਸਿੰਘ ਅਤੇ ਬਲਵਿੰਦਰ ਸਿੰਘ ਸਮੇਤ ਹੋਰ ਆਪਰੇਟਰ ਮੌਜੂਦ ਸਨ|

Leave a Reply

Your email address will not be published. Required fields are marked *