ਸਕੂਲ ਵਿੱਚ ਬੱਚਿਆਂ ਦਾ 70 ਫੀਸਦੀ ਪ੍ਰਦਰਸ਼ਨ ਹੁੰਦਾ ਹੈ ਜੀਨ ਤੋਂ ਤੈਅ : ਅਧਿਐਨ

ਲੰਡਨ, 11 ਸਤੰਬਰ (ਸ.ਬ.) ਹਾਲ ਹੀ ਵਿਚ ਲੰਡਨ ਦੇ ਕਿੰਗਸ ਕਾਲਜ ਵਿਚ ਇਕ ਅਧਿਐਨ ਕੀਤਾ ਗਿਆ| ਜਿਸ ਮੁਤਾਬਕ ਜੇ ਬੱਚਾ ਸਕੂਲ ਵਿਚ ਚੰਗੇ ਨੰਬਰ ਨਹੀਂ ਲਿਆ ਪਾ ਰਿਹਾ ਤਾਂ ਸੰਭਵ ਹੈ ਕਿ ਉਹ ਜੈਨੇਟਿਕ ਸਮੱਸਿਆ ਦਾ ਸ਼ਿਕਾਰ ਹੈ| ਅਧਿਐਨ ਦੇ ਨਤੀਜੇ ਮੁਤਾਬਕ ਸਕੂਲ ਵਿਚ ਬੱਚਿਆਂ ਦਾ 70 ਫੀਸਦੀ ਤੱਕ ਪ੍ਰਦਰਸ਼ਨ ਉਨ੍ਹਾਂ ਦੇ ਜੀਨ ਨਾਲ ਹੀ ਤੈਅ ਹੋ ਜਾਂਦਾ ਹੈ, ਜੋ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਤੋਂ ਮਿਲੇ ਹੁੰਦੇ ਹਨ| ਬਾਕੀ 30 ਫੀਸਦੀ ਪ੍ਰਦਰਸ਼ਨ ਉਨ੍ਹਾਂ ਦੀ ਆਪਣੀ ਮਿਹਨਤ ਅਤੇ ਆਲੇ-ਦੁਆਲੇ ਦੇ ਲੋਕਾਂ ਨਾਲ ਤੈਅ ਹੁੰਦਾ ਹੈ|
ਕਿੰਗਸ ਕਾਲਜ ਦੇ ਅਧਿਐਨ ਦਾ ਅਸਲੀ ਵਿਸ਼ਾ ਸੀ- ‘ਜੋੜੇ ਬੱਚਿਆਂ ਦਾ ਸਕੂਲ ਵਿਚ ਪ੍ਰਦਰਸ਼ਨ’| ਇਸ ਲਈ ਉਨ੍ਹਾਂ ਨੇ ਜੋੜੇ ਬੱਚਿਆਂ ਦੇ ਕਰੀਬ 6 ਹਜ਼ਾਰ ਜੋੜਿਆਂ ਨੂੰ ਸੱਦਿਆ ਮਤਲਬ 12 ਹਜ਼ਾਰ ਬੱਚੇ| ਪਰ ਇਸ ਅਧਿਐਨ ਦੌਰਾਨ ਉਨ੍ਹਾਂ ਨੂੰ ਬੱਚਿਆਂ ਦੇ ਸਕੂਲ ਵਿਚ ਪ੍ਰਦਰਸ਼ਨ ਦਾ ਉਨ੍ਹਾਂ ਦੇ ਜੀਨ ਨਾਲ ਸਬੰਧ ਮਿਲ ਗਿਆ| ਇਸੇ ਆਧਾਰ ਉਤੇ ਨਾਲ-ਨਾਲ ਨਵਾਂ ਅਧਿਐਨ ਵੀ ਸ਼ੁਰੂ ਕੀਤਾ ਗਿਆ, ਜਿਸ ਵਿਚ ਨਤੀਜਾ ਨਿਕਲਿਆ ਕਿ ਪ੍ਰਾਇਮਰੀ ਪੱਧਰ ਤੋਂ ਲੈ ਕੇ ਕਾਲਜ ਪੱਧਰ ਤੱਕ ਬੱਚਿਆਂ ਦੀ ਯੋਗਤਾ ਬਣਦੀ-ਵਿਗੜਦੀ ਰਹਿੰਦੀ ਹੈ ਅਤੇ ਇਹ ਪ੍ਰਕਿਰਿਆ ਜੀਨਸ ਨਾਲ ਤੈਅ ਹੁੰਦੀ ਹੈ| ਇਸ ਦਾ ਅਸਰ ਬੱਚੇ ਦੇ ਨੰਬਰਾਂ ਉਤੇ ਵੀ ਪੈਂਦਾ ਹੈ| ਇੱਥੇ ਜੀਨਸ ਦੇ ਅਸਰ ਦਾ ਮਤਲਬ ਇਸ ਗੱਲ ਨਾਲ ਨਹੀਂ ਹੈ ਕਿ ਮਾਤਾ-ਪਿਤਾ ਕਿੰਨੇ ਪੜ੍ਹੇ-ਲਿਖੇ ਹਨ ਸਗੋਂ ਉਨ੍ਹਾਂ ਦੀ ਯੋਗਤਾ ਨਾਲ ਹੈ| ਮਾਤਾ-ਪਿਤਾ ਘੱਟ ਪੜ੍ਹੇ-ਲਿਖੇ ਪਰ ਬਿਹਤਰ ਯੋਗਤਾ ਵਾਲੇ ਹੋਣ ਤਾਂ ਵੀ ਸੰਭਵ ਹੈ ਕਿ ਬੱਚਾ ਸਕੂਲ ਵਿਚ ਬਿਹਤਰ ਪ੍ਰਦਰਸ਼ਨ ਕਰੇਗਾ|
ਜੀਨ ਅਤੇ ਬੱਚਿਆਂ ਦੇ ਪ੍ਰਦਰਸ਼ਨ ਵਿਚ ਸਬੰਧ ਦੇ ਅਧਿਐਨ ਨੂੰ ਖੋਜਕਰਤਾਵਾਂ ਨੇ ‘ਜੇਨੋਮ ਵਾਈਡ ਐਸੋਸੀਏਸ਼ਨ’ ਸਟੱਡੀ ਦਾ ਨਾਮ ਦਿੱਤਾ| ਇਸ ਸਟੱਡੀ ਨਾਲ ਇਹ ਵੀ ਪਤਾ ਚੱਲਿਆ ਕਿ ਬੱਚਿਆਂ ਦੇ ਪ੍ਰਦਰਸ਼ਨ ਉਤੇ ਜੀਨ ਦਾ ਅਸਰ ਹੌਲੀ-ਹੌਲੀ ਵੱਧਦਾ ਜਾਂਦਾ ਹੈ| ਪ੍ਰਾਇਮਰੀ ਪੱਧਰ ਤੱਕ ਇਹ ਅਸਰ 4 ਤੋਂ 10 ਫੀਸਦੀ ਤੱਕ ਰਹਿੰਦਾ ਹੈ, ਮਿਡਲ ਸਕੂਲ ਦੇ ਪੱਧਰ ਤੱਕ ਵੱਧ ਕੇ 30 ਤੋਂ 40 ਫੀਸਦੀ ਅਤੇ ਕਾਲਜ ਤੱਕ ਵੱਧਦੇ-ਵੱਧਦੇ 70 ਫੀਸਦੀ ਤੱਕ ਹੋ ਜਾਂਦਾ ਹੈ| ਅਧਿਐਨ ਵਿਚ ਇਸ ਨੂੰ’ਪੌਲੀਜੇਨਿਕ ਸਕੋਰ’ ਦਾ ਨਾਮ ਦਿੱਤਾ ਗਿਆ|
ਅਧਿਐਨ ਵਿਚ ਇਹ ਵੀ ਪਤਾ ਚੱਲਿਆ ਕਿ ਜੀਨ ਹੀ ਕਿਸੇ ਇਨਸਾਨ ਦੇ ਅੰਦਰ ਦੀ ਅਪਰਾਧਕ ਪ੍ਰਵਿਤੀ ਦਾ ਨਿਰਧਾਰਨ ਕਰਦਾ ਹੈ| ਇਸ ਗੱਲ ਨੂੰ ਸਾਬਤ ਕਰਨ ਲਈ ਖੋਜਕਰਤਾ ਨੇ ਅਮਰੀਕਾ ਦੇ ਸਾਲ 2012 ਦੇ ਇਕ ਕਤਲ ਕੇਸ ਦਾ ਜ਼ਿਕਰ ਕੀਤਾ| ਵਾਲਡ੍ਰਪ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਅਤੇ ਉਸ ਦੀ ਦੋਸਤ ਦਾ ਕਤਲ ਕੀਤਾ ਸੀ| ਮਾਮਲਾ ਅਦਾਲਤ ਵਿਚ ਪਹੁੰਚਿਆ| ਇੱਥੇ ਵਾਲਡ੍ਰਪ ਦੇ ਵਕੀਲ ਨੇ ਕਿਹਾ ਕਿ ਉਸ ਦੇ ਕਲਾਈਂਟ ਦੇ ਸਰੀਰ ਵਿਚ ਮੋਨੋਅਮੀਨ ਆਕਸੀਡੇਸ-ਏ ਜੀਨ ਹਨ, ਜਿਨ੍ਹਾਂ ਨੂੰ ਵੌਰੀਅਰ ਜੀਨ ਵੀ ਕਿਹਾ ਜਾਂਦਾ ਹੈ| ਇਸ ਕਾਰਨ ਇਨਸਾਨ ਆਪਣੇ ਆਪ ਹੀ ਜ਼ਿਆਦਾ ਹਮਲਵਾਰ ਹੋ ਜਾਂਦਾ ਹੈ ਮਤਲਬ ਵਾਲਡ੍ਰਪ ਨੇ ਇਹ ਕਤਲ ਤਾਂ ਕੀਤਾ ਹੈ ਪਰ ਇਹ ਪੂਰੀ ਤਰ੍ਹਾਂ ਨਾਲ ਯੋਜਨਾਬੱਧ ਨਹੀਂ ਸੀ| ਉਹ ਜੀਨ ਕਾਰਨ ਮਜਬੂਰ ਹੋ ਗਿਆ ਸੀ| ਇਸ ਲਈ ਘਟਨਾ ਵਿਚ ਵਾਲਡ੍ਰਪ ਨੂੰ ਸਖਤ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ| ਅਦਾਲਤ ਨੇ ਲੰਬੇ ਸਮੇਂ ਤੱਕ ਚੱਲੇ ਕੇਸ ਵਿਚ ਵਾਲਡ੍ਰਪ ਦੇ ਪੱਖ ਨੂੰ ਮੰਨਿਆ ਅਤੇ ਉਸ ਦੀ ਸਜ਼ਾ ਵੀ ਘੱਟ ਕਰ ਦਿੱਤੀ|

Leave a Reply

Your email address will not be published. Required fields are marked *