ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਗੈਂਗਸਟਰ ਦਿਲਪ੍ਰੀਤ ਦਾ ਆਪਰੇਸ਼ਨ

ਚੰਡੀਗੜ੍ਹ, 10 ਜੁਲਾਈ (ਸ.ਬ.) ਕਈ ਸੂਬਿਆਂ ਦੀ ਪੁਲੀਸ ਲਈ ਸਿਰਦਰਦੀ ਬਣੇ ਪੰਜਾਬ ਦੇ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਆਖਿਰਕਾਰ ਬੀਤੇ ਦਿਨੀਂ ਪੁਲੀਸ ਨੇ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ| ਪੱਟ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਦਿਲਪ੍ਰੀਤ ਨੂੰ ਅੱਜ ਆਪਰੇਸ਼ਨ ਤੋਂ ਬਾਅਦ ਟਰਾਮਾ ਸੈਂਟਰ ਵਿੱਚ ਭੇਜ ਦਿੱਤਾ ਗਿਆ| ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਦਿਲਪ੍ਰੀਤ ਦੀਆਂ ਆਪਣੀ ਪ੍ਰੇਮਿਕਾ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ| ਜਿਸ ਵਿਚ ਦਿਲਪ੍ਰੀਤ ਆਪਣੇ ਅਸਲ ਚਿਹਰੇ ਵਿਚ ਨਜ਼ਰ ਆ ਰਿਹਾ ਹੈ|
ਦਿਲਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਪੁਲੀਸ ਨੇ ਉਸ ਦੀ ਕਾਰ ਵਿੱਚੋਂ ਹਥਿਆਰਾਂ ਸਣੇ ਨਕਲੀ ਦਾੜ੍ਹੀ ਵੀ ਬਰਾਮਦ ਕੀਤੀ ਸੀ| ਪੁਲੀਸ ਮੁਤਾਬਕ ਦਿਲਪ੍ਰੀਤ ਭੇਸ ਬਦਲ ਕੇ ਫੇਸਬੁਕ ਤੇ ਤਸਵੀਰਾਂ ਅਪਲੋਡ ਕਰਦਾ ਸੀ ਤਾਂ ਜੋ ਉਸ ਨੂੰ ਕੋਈ ਪਛਾਣ ਨਾ ਸਕੇ|
ਜ਼ਿਕਰਯੋਗ ਹੈ ਕਿ ਦਿਲਪ੍ਰੀਤ ਸਿੰਘ ਉਰਫ ਬਾਬਾ ਚੰਡੀਗੜ੍ਹ ਵਿਚ ਸਰਪੰਚ ਸਤਨਾਮ ਸਿੰਘ ਕਤਲ ਕੇਸ ਅਤੇ ਗਾਇਕ ਪਰਮੀਸ਼ ਵਰਮਾ ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਚਰਚਾ ਵਿਚ ਆਇਆ ਸੀ| ਦਿਲਪ੍ਰੀਤ ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ ਕਤਲ ਦੇ 5 ਕੇਸਾਂ ਸਮੇਤ ਫਿਰੌਤੀ, ਕਤਲ ਦਾ ਯਤਨ ਅਤੇ ਲੁੱਟ ਦੇ ਲਗਭਗ 33 ਮਾਮਲੇ ਦਰਜ ਹਨ| ਮੁੱਢਲੀ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦਿਲਪ੍ਰੀਤ ਆਪਣੇ ਹਥਿਆਰ ਅਤੇ ਗੋਲੀ ਸਿੱਕਾ, ਹੈਰੋਇਨ ਅਤੇ ਨਸ਼ੀਲੇ ਪਦਾਰਥ ਦਾ ਨੈਟਵਰਕ ਚੰਡੀਗੜ੍ਹ ਵਿੱਚ ਰਹਿਣ ਵਾਲੀ ਆਪਣੀ ਗਰਲਫਰੈਂਡ ਦੇ ਘਰੋਂ ਚਲਾ ਰਿਹਾ ਸੀ| ਫਿਲਹਾਲ ਪੁਲੀਸ ਵਲੋਂ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *