ਸਟਡੀ ਵੀਜਾ ਤੇ ਵਿਦੇਸ਼ ਭੇਜਣ ਦਾ ਕੰਮ ਕਰਦੀ ਮਸ਼ਹੂਰ ਕੰਪਨੀ ਵਿਨੈ ਹਰੀ ਐਜੂਕੇਸ਼ਨ ਕੰਸਲਟੈਂਟ ਦੇ ਖਿਲਾਫ ਠੱਗੀ ਦਾ ਮਾਮਲਾ ਦਰਜ਼

ਐਸ ਏ ਐਸ ਨਗਰ, 30 ਮਾਰਚ (ਸ.ਬ.) ਮੁਹਾਲੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਨਾਲ ਠੱਗੀ ਮਾਰਨ ਵਾਲੀਆਂ ਕੰਪਨੀਆਂ ਦੇ ਖਿਲਾਫ ਕਾਰਵਾਈ ਦੇ ਤਹਿਤ ਇਸ ਖੇਤਰ ਦਾ ਵੱਡਾ ਨਾਮ ਮੰਨੀ ਜਾਂਦੀ ਅਤੇ ਵਿਦਿਆਰਥੀਆਂ ਨੂੰ ਸਟਡੀ ਵੀਜਾ ਤੇ ਵੱਖ ਵੱਖ ਵਿਦੇਸ਼ੀ ਮੁਲਕਾਂ ਵਿੱਚ ਭੇਜਣ ਵਾਲੀ ਮਸ਼ਹੂਰ ਕੰਪਨੀ ਵਿਨੈ ਹਰੀ ਐਜੂਕੇਸ਼ਨ ਕੰਸਲਟੈਂਟ (ਜਿਸਦਾ ਚੰਡੀਗੜ੍ਹ ਦੇ ਸੈਕਟਰ 17 ਦੇ ਨਾਲ ਨਾਲ ਸਥਾਨਕ ਫੇਜ਼ 3 ਬੀ 2 ਵਿੱਚ ਵੀ ਦਫਤਰ ਹੈ) ਦੇ ਪ੍ਰੰਬਧਕ ਅਤੇ ਕੰਪਨੀ ਦੀ ਇੱਕ ਮਹਿਲਾ ਕਰਮਚਾਰੀ ਦੇ ਖਿਲਾਫ ਆਈ ਪੀ ਸੀ ਦੀ ਧਾਰਾ 420, 465, 468, 471 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ| ਇਸ ਮਾਮਲੇ ਵਿੱਚ ਹਾਲਾਂਕਿ ਹੁਣੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰੰਤੂ ਪੁਲੀਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਨਾਮਜਦ ਵਿਅਕਤੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ|
ਥਾਣਾ ਮਟੌਰ ਦੇ ਐਸ ਐਸ ਉ. ਸ੍ਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਇਸ ਸੰਬੰਧੀ ਕੁਰਾਲੀ ਦੀ ਵਸਨੀਕ ਇੱਕ ਨੜਕੀ ਅਮਨਜੋਤ ਕੌਰ ਵਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਉਕਤ ਕੰਪਨੀ ਦੇ ਫੇਜ਼-3 ਬੀ 2 ਵਿਚਲੇ ਦਫਤਰ ਵਿੱਚ ਲੀਗਲ ਅਸਿਸਟੈਂਟ ਡਿਪਲੋਮਾ ਸਬੰਧੀ ਕੈਨੇਡਾ ਦਾ ਸਟੱਡੀ ਵੀਜਾ ਲਗਵਾਉਣ ਲਈ ਗਈ ਸੀ| ਇਸ ਦਫਤਰ ਵਿੱਚ ਉਸ ਨੂੰ ਮਿਸ ਅਲਕਾ ਨਾਂ ਦੀ ਲੜਕੀ ਮਿਲੀ| ਉਕਤ ਕੰਪਨੀ ਪ੍ਰਬੰਧਕਾਂ ਨੇ ਉਸ ਦਾ ਅਸਲ ਪਾਸਪੋਰਟ ਅਤੇ ਸਰਟੀਫਿਕੇਟ ਆਪਣੇ ਕੋਲ ਰੱਖ ਲਏ| ਕੰਪਨੀ ਪ੍ਰਬੰਧਕਾਂ ਵਲੋਂ ਉਸ ਨੂੰ ਵੀਜਾ ਲਗਵਾਉਣ ਦਾ ਪੂਰਾ ਭਰੋਸਾ ਦਿੱਤਾ ਅਤੇ ਟਿਊਸ਼ਨ ਫੀਸ ਸਮੇਤ 15 ਲੱਖ ਰੁਪਏ ਦਾ ਖਰਚਾ ਦੱਸਿਆ ਜੋ ਕਿ ਕੈਨੇਡਾ ਦਾ ਸਟੱਡੀ ਵੀਜਾ ਮਿਲਣ ਸਮੇਂ ਦੇਣੇ ਸਨ| ਕੰਪਨੀ ਪ੍ਰਬੰਧਕਾਂ ਵਲੋਂ ਉਸ ਦੀ ਇੱਕ ਵੀਡੀਉ ਬਣਾਈ ਗਈ ਕਿ ਜੇਕਰ ਉਹ ਆਫਰ ਲੈਟਰ ਆਉਣ ਤੋਂ ਬਾਅਦ ਆਪਣੀ ਫਾਈਲ ਰਿਜੈਕਟ ਕਰਦੀ ਹੈ ਤਾਂ ਉਹ 50 ਹਜਾਰ ਰੁਪਏ ਦੇਣ ਦੀ ਪਾਬੰਦ ਹੋਵੇਗੀ| ਸ਼ਿਕਾਇਤਕਰਤਾ ਮੁਤਾਬਕ ਕੰਪਨੀ ਪ੍ਰਬੰਧਕਾਂ ਵਲੋਂ ਉਸ ਨੂੰ ਆਫਰ ਲੈਟਰ ਦੇ ਦਿੱਤਾ ਅਤੇ ਕੁਝ ਸਮੇਂ ਬਾਅਦ ਉਸ ਨੂੰ ਹਾਈ ਕਮਿਸ਼ਨ ਆਫ ਕੈਨੇਡਾ ਤੋਂ ਈ-ਮੇਲ ਮਿਲੀ ਕਿ ਉਸ ਦੇ ਸਟੱਡੀ ਵੀਜੇ ਦੀ ਅਰਜ਼ੀ ਰਿਜੈਕਟ ਕਰ ਦਿੱਤੀ ਗਈ ਹੈ| ਉਨ੍ਹਾਂ ਕੈਨੇਡਾ ਦੀ ਹਾਈ ਕਮਿਸ਼ਨ ਤੋਂ ਪਤਾ ਕੀਤਾ ਤਾਂ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਕੰਪਨੀ ਪ੍ਰਬੰਧਕਾਂ ਨੇ ਉਸ ਦੇ ਜਾਅਲੀ ਦਸਤਖਤ ਕਰਕੇ ਗਲਤ ਜਾਣਕਾਰੀ ਭੇਜ ਦਿੱਤੀ ਸੀ, ਜਿਸ ਕਾਰਨ ਉਸ ਦਾ ਸਟੱਡੀ ਵੀਜਾ ਰਿਜੈਕਟ ਹੋ ਗਿਆ|
ਉਹਨਾਂ ਦੱਸਿਆ ਕਿ ਮਟੌਰ ਪੁਲੀਸ ਵਲੋਂ ਉਕਤ ਲੜਕੀ ਦੀ ਸ਼ਿਕਾਇਤ ਤੇ ਕੰਪਨੀ ਦੇ ਪ੍ਰਬੰਧਕ ਵਿਨੈ ਹਰੀ ਅਤੇ ਮਿਸ ਅਲਕਾ ਦੇ ਖਿਲਾਫ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਕਰਨ ਦਾ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ| ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਅਤੇ ਇਸ ਸਬੰਧੀ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ|
ਇਸ ਦੌਰਾਨ ਫੇਜ਼ 3 ਬੀ 2 ਵਿਚਲੇ ਕੰਪਨੀ ਦੇ ਦਫਤਰ ਵਿੱਚ ਕੰਪਨੀ ਦਾ ਕੰਮ ਆਮ ਵਾਂਗ ਚਲ ਰਿਹਾ ਸੀ| ਉੱਥੇ ਮੌਜੂਦ ਸੰਜੀਵ ਨਾਮ ਦੇ ਇੱਕ ਵਿਅਕਤੀ ਨੇ ਕਿਹਾ ਕਿ ਉਹਨਾਂ ਨੂੰ ਕੰਪਨੀ ਦੇ ਖਿਲਾਫ ਪੁਲੀਸ ਮਾਮਲਾ ਦਰਜ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਆਮ ਵਾਂਗ ਆਪਣਾ ਕੰਮ ਕਰ ਰਹੇ ਹਨ|

Leave a Reply

Your email address will not be published. Required fields are marked *