ਸਤਿਲੁੱਜ -ਯਮੁਨਾ ਲਿੰਕ ਨਹਿਰ ਮਾਮਲੇ ਤੇ ਇਨੈਲੋ ਵਲੋਂ ਵੱਖ-ਵੱਖ ਥਾਵਾਂ ਤੇ ਚੱਕਾ ਜਾਮ

ਸਤਿਲੁੱਜ -ਯਮੁਨਾ ਲਿੰਕ ਨਹਿਰ ਮਾਮਲੇ ਤੇ ਇਨੈਲੋ ਵਲੋਂ ਵੱਖ-ਵੱਖ ਥਾਵਾਂ ਤੇ ਚੱਕਾ ਜਾਮ
ਪੰਜਾਬ ਦੇ ਵਾਹਨਾਂ ਨੂੰ ਹਰਿਆਣਾ ਵਿਚ ਦਾਖਲ ਨਾ ਹੋਣ ਦਿਤਾ, ਲੋਕ ਹੋਏ ਖੱਜਲ ਖੁਆਰ
ਚੰਡੀਗੜ੍ਹ,10  ਜੁਲਾਈ (ਸ.ਬ.)  ਸਤਲੁਜ-ਯਮੁਨਾ ਲਿੰਕ ਨਹਿਰ  ਮਾਮਲੇ ਤੇ ਹਰਿਆਣਾ  ਵਿਚ ਸ਼੍ਰੋਮਣੀ ਅਕਾਲੀ ਦਲ ਦੇ ਭਾਈਵਾਲ ਇੰਡੀਅਨ ਨੈਸ਼ਨਲ ਲੋਕ ਦਲ ਨੇ ਪੰਜਾਬ ਖਿਲਾਫ ਫਿਰ ਜੰਗ  ਸ਼ੁਰੂ ਕਰ  ਦਿੱਤੀ ਹੈ| ਅੱਜ ਇਨੈਲੋ ਵਲੋਂ ਜਬਰਦਸਤੀ ਸ਼ੰਭੂ ਟੋਲ ਪਲਾਜਾ  ਨੂੰ ਬੰਦ ਕਰ ਦਿਤਾ ਗਿਆ ਅਤੇ ਪੰਜਾਬ ਦੇ ਕਿਸੇ ਵੀ ਵਾਹਨ ਨੂੰ ਹਰਿਆਣਾ ਵਿਚ ਦਾਖਲ ਨਹੀਂ ਹੋਣ ਦਿਤਾ| ਇਨੈਲੋ ਵਲੋਂ ਦਿਤੇ ਬੰਦ ਦੇ ਸੱਦੇ ਦਾ ਸਭ ਤੋਂ ਜਿਆਦਾ ਅਸਰ ਅੰਬਾਲਾ- ਸ਼ੰਭੂ,  ਲਾਲੜੂ- ਚੰਡੀਗੜ੍ਹ ਰੋਡ, ਨਰਵਾਣਾ- ਘਨੌਰੀ ਰੋਡ, ਰਤੀਆ – ਬੁਢਲਾਡਾ ਰੋਡ ਅਤੇ ਡੱਬਵਾਲੀ ਵਿਚ ਵੇਖਣ ਨੂੰ ਮਿਲਿਆ| ਇਸ ਮੌਕੇ ਇਨੈਲੋ ਵਰਕਰਾਂ ਨੇ ਸੜਕਾਂ ਉਪਰ ਟਾਇਰ ਰੱਖਕੇ, ਵਾਹਨ ਟੇਢੇ ਖੜਾ ਕੇ ਅਤੇ ਟ੍ਰੈਕਟਰ ਖੜੇ ਕਰਕੇ ਰਸਤੇ ਜਾਮ ਕਰ ਦਿਤੇ ਅਤੇ ਪੰਜਾਬ ਦੇ ਕਿਸੇ ਵੀ ਵਾਹਨ ਨੂੰ ਹਰਿਆਣਾ ਵਿਚ ਦਾਖਲ ਨਹੀਂ ਹੋਣ ਦਿਤਾ| ਇਸ ਮੌਕੇ ਇਨੈਲੋ ਵਰਕਰਾਂ ਵਲੋਂ ਪੰਜਾਬ ਵੱਲੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਫੁੱਲ ਵੀ ਵੰਡੇ ਗਏ|
ਇਨੈਲੋ ਵਰਕਰਾਂ ਦੇ ਰੋਸ ਪ੍ਰਦਰਸ਼ਨ ਸਵੇਰੇ 9 ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਚਲੇ| ਇਸੇ ਦੌਰਾਨ ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ ਨੇ ਇਨੈਲੋ ਦੇ ਰੋਸ ਪ੍ਰਦਰਸ਼ਨਾਂ ਨੂੰ ਵੇਖਦਿਆਂ ਆਪਣੀਆਂ ਬੱਸਾਂ ਨੂੰ ਹਰਿਆਣਾ ਵਿਚ ਹੀ ਨਹੀਂ ਭੇਜਿਆ| ਇਸ ਮੌਕੇ ਹਰਿਆਣਾਂ ਪ੍ਰਸ਼ਾਸਨ ਵਲੋ ਆਵਾਜਾਈ ਨੂੰ ਬਹਾਲ ਰੱਖਣ ਲਈ ਉਚੇਚੇ ਪ੍ਰਬੰਧ ਕਰਦਿਆਂ ਬਦਲਵੇਂ ਰੂਟਾਂ ਰਾਹੀਂ ਵਾਹਨਾਂ ਨੂੰ ਭੇਜਿਆ ਗਿਆ| ਇਸ ਮੌਕੇ ਪੁਲੀਸ ਵਲੋਂ ਸਖਤ ਸੁਰਖਿਆ ਪ੍ਰਬੰਧ ਕੀਤੇ ਹੋਏ ਸਨ|
ਹਰਿਆਣਾ ਦੇ ਡੀ ਜੀ ਪੀ ਸ੍ਰੀ ਬੀ ਐਸ ਸੰਧੂ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਪੈਰਾ ਮਿਲਟਰੀ ਫੌਜ ਦੀਆਂ ਚਾਰ ਕੰਪਨੀਆਂ ਵੀ ਤੈਨਾਤ ਕੀਤੀਆਂ ਗਈਆਂ ਹਨ| ਉਹਨਾਂ ਕਿਹਾ ਕਿ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ|
ਵੱਖ ਵੱਖ ਥਾਵਾਂ ਉਪਰ ਇਨੈਲੋ ਵਰਕਰਾਂ ਨੂੰ ਗਰਮੀ ਵਿਚ ਵੀ ਡਟੇ ਰਹਿਣ ਅਤੇ ਸੰਘਰਸ਼ ਕਰਦੇ ਰਹਿਣ ਲਈ ਹੌਂਸਲਾ ਦਿੰਦਿਆਂ ਇਨੈਲੋ ਆਗੂ ਅਭੈ ਚੌਟਾਲਾ ਨੇ ਕਿਹਾ ਕਿ ਹਰਿਆਣਾ ਪਿਛਲੇ 50 ਸਾਲਾਂ ਤੋਂ ਪੰਜਾਬ ਤੋਂ ਪਾਣੀ ਸਬੰਧੀ ਆਪਣਾ ਹਿਸਾ ਮੰਗ ਰਿਹਾ ਹੈ ਪਰ ਹਰਿਆਣਾ ਨੂੰ ਉਸਦਾ ਬਣਦਾ ਹਿਸਾ ਨਹੀਂ ਦਿਤਾ ਜਾ ਰਿਹਾ|  ਉਹਨਾਂ ਕਿਹਾ ਕਿ ਉਹ ਪੰਜਾਬੀ ਲੋਕਾਂ ਦੇ ਵਿਰੁੱਧ ਨਹੀਂ ਪਰ ਹਰਿਆਣਾ ਦੇ ਲੋਕਾਂ ਲਈ ਆਪਣਾ ਸੰਘਰਸ ਜਾਰੀ ਰੱਖਣਗੇ| ਉਹਨਾਂ ਕਿਹਾ ਕਿ ਪੰਜਾਬ ਵਿਚ ਵਿਚਰ ਰਹੀਆਂ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਪਾਣੀਆਂ ਦੇ ਮੁੱਦੇ ਤੇ ਸਿਰਫ ਪੰਜਾਬ ਦਾ ਹੀ ਸਮਰਥਣ ਕਰ ਰਹੀਆਂ ਹਨ ਪਰ ਦੁਖ ਦੀ ਗਲ ਹੈ ਕਿ ਹਰਿਆਣਾ ਵਿਚ ਕਾਂਗਰਸ ਅਤੇ ਸੱਤਾਧਾਰੀ ਪਾਰਟੀ ਸਿਰਫ ਰਾਜਨੀਤੀ ਖੇਡ ਰਹੀਆਂ ਹਨ| ਉਹਨਾਂ ਕਿਹਾ ਕਿ ਉਹ ਪੰਜਾਬ ਦੇ ਪਾਣੀਆਂ ਵਿਚ ਹਰਿਆਣਾ ਦਾ ਹਿਸਾ ਲੈ ਕੇ ਹੀ ਦਮ ਲੈਣਗੇ|
ਡੱਬਵਾਲੀ ਵਿਚ ਇਨੈਲੋ ਵਰਕਰਾਂ ਦੀ ਅਗਵਾਈ ਇਨੈਲੋ ਦੇ ਐਮ ਪੀ ਸ੍ਰੀ ਚਰਨਜੀਤ ਸਿੰਘ ਰੋੜੀ ਨੇ ਕੀਤੀ| ਸ੍ਰੀ ਰੋੜੀ ਦੀ ਅਗਵਾਈ ਵਿਚ ਇਕਠੇ ਹੋਏ ਇਨੈਲੋ ਵਰਕਰਾਂ ਨੇ ਡੱਬਵਾਲੀ ਵਿਚ ਵੀ ਸੜਕਾਂ ਜਾਮ ਕਰ ਦਿਤੀਆਂ, ਜਿਸ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ|
ਇਨੈਲੋ ਵੱਲੋਂ ਵਾਹਨਾਂ ਨੂੰ ਹਰਿਆਣਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਕਰਕੇ ਪੰਜਾਬ ਸਰਕਾਰ ਨੇ ਵੀ ਅਤਿਹਾਤੀ ਕਦਮ ਚੁੱਕੇ ਹਨ| ਇਨ੍ਹਾਂ ਰੂਟਾਂ ਤੇ ਆਉਣ ਵਾਲੇ ਸਾਰੇ ਵਾਹਨਾਂ ਨੂੰ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਅੰਤਲੇ ਹਿੱਸੇ ਤੱਕ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ| ਇਨ੍ਹਾਂ ਨੂੰ ਹਰਿਆਣਾ ਵਿੱਚ ਪ੍ਰਵੇਸ਼ ਕਰਵਾਉਣ ਦਾ ਮਾਮਲਾ ਹਰਿਆਣਾ ਸਰਕਾਰ ਤੇ ਛੱਡਿਆ ਗਿਆ | ਅੱਜ ਸਾਰਾ  ਦਿਨ ਤਿੰਨ ਐਸ.ਐਸ.ਪੀਜ਼. ਦੀ ਅਗਵਾਈ ਹੇਠ ਪਟਿਆਲਾ, ਸੰਗਰੂਰ ਤੇ ਮੁਹਾਲੀ ਦੇ ਹਰਿਆਣਾ ਨਾਲ ਲੱਗਦੇ ਖੇਤਰਾਂ ਵਿੱਚ ਇੱਕ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਰਹੇ|
ਜਿਕਰਯੋਗ  ਹੈ ਕਿ  ਇਨੈਲੋ ਨੇ          ਕੇਂਦਰ ਤੇ ਸੂਬਾ ਸਰਕਾਰ ਤੋਂ ਨਹਿਰ ਦੀ ਉਸਾਰੀ ਸਬੰਧੀ ਤੁਰੰਤ ਐਲਾਨ ਕਰਨ ਦੀ ਮੰਗ ਕੀਤੀ ਹੈ| ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ਤੇ ਹਾਲਾਤ ਖਰਾਬ ਹੋ ਸਕਦੇ ਹਨ| ਇਨੈਲੋ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਨ੍ਹਾਂ ਦੀ ਕੈਬਨਿਟ ਤੇ ਭੇਤਭਰੀ ਚੁੱਪ ਧਾਰਨ ਦਾ ਦੋਸ਼ ਲਾਇਆ| ਇਥੇ ਇਹ ਵਰਨਣ ਯੋਗ ਹੈ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ| ਇਸ ਦੇ ਬਾਵਜੂਦ ਇਨੈਲੋ ਇਸ ਮੁੱਦੇ ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ|

Leave a Reply

Your email address will not be published. Required fields are marked *