ਸਥਾਨਕ ਅਦਾਰੇ ਚੋਣਾਂ : ਵੋਟਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਰਿਹਾ ਅਕਾਲੀ ਦਲ

ਐਸ ਏ ਐਸ ਨਗਰ, 21 ਦਸੰਬਰ (ਸ.ਬ.) ਪਿਛਲੇ ਦਿਨਾਂ ਦੌਰਾਨ ਹੋਈਆਂ ਨਗਰ ਨਿਗਮ ਤੇ ਕੌਂਸਲ ਚੋਣਾਂ ਵਿਚ ਭਾਵੇਂ ਕਿ ਕਾਂਗਰਸ ਦੀ ਜਿੱਤ ਹੋਈ ਹੈ ਪਰ ਇਹਨਾਂ ਚੋਣਾਂ ਦੀ ਖਾਸ ਗੱਲ ਇਹ ਰਹੀ ਕਿ ਇਹਨਾਂ ਚੋਣਾਂ ਦੌਰਾਨ ਅਕਾਲੀ ਦਲ ਮੁੜ ਤਾਕਤਵਰ ਹੋਣਾ ਸ਼ੁਰੂ ਹੋ ਗਿਆ ਹੈ| ਇਹਨਾਂ ਚੋਣਾਂ ਦੌਰਾਨ ਅਕਾਲੀ ਦਲ ਮੁੱਖ ਵਿਰੋਧੀ ਧਿਰ ਵਜੋਂ ਉਭਰ ਕੇ ਸਾਹਮਣੇ ਆਇਆ ਹੈ ਜਦੋਂ ਕਿ ਪੰਜਾਬ ਦੀ ਸੱਤਾ ਸੰਭਾਲਣ ਦਾ ਸੁਪਨਾ ਵੇਖਣ ਵਾਲੀ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ ਵਿਚ ਸਿਰਫ ਇਕ ਹੀ ਸੀਟ ਮਿਲੀ ਹੈ| ਇਹ ਹੀ ਕਾਰਨ ਹੈ ਕਿ ਆਪ ਦੀ ਕਮਾਂਡ ਇਕ ਵਾਰ ਮੁੜ ਦਿੱਲੀ ਵਾਲਿਆਂ ਦੇ ਹੱਥ ਆ ਗਈ ਹੈ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆਂ ਪੰਜਾਬ ਇਕਾਈ ਦੇ ਇੰਚਾਰਜ ਬਣਾ ਦਿਤੇ ਗਏ ਹਨ|
ਪੰਜਾਬ ਵਿਚ ਕਾਂਗਰਸ ਸਰਕਾਰ ਹੋਣ ਕਰਕੇ ਇਹ ਪਹਿਲਾਂ ਹੀ ਆਸ ਬਣ ਗਈ ਸੀ ਕਿ ਪੰਜਾਬ ਦੀਆਂ ਨਿਗਮ ਚੋਣਾਂ ਅਤੇ ਕੌਂਸਲ ਚੋਣਾਂ ਵਿਚ ਕਾਂਗਰਸ ਦੀ ਹੀ ਜਿਤ ਹੋਵੇਗੀ| ਆਮ ਤੌਰ ਤੇ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ, ਉਸ ਪਾਰਟੀ ਦੀ ਹੀ ਨਿਗਮ ਚੋਣਾਂ ਅਤੇ ਕੌਂਸਲ ਚੋਣਾਂ ਵਿਚ ਜਿੱਤ ਹੁੰਦੀ ਹੈ| ਇਹ ਸਭ ਕੁਝ ਹੀ ਕੌਂਸਲ ਚੋਣਾਂ ਵੇਲੇ ਪੰਜਾਬ ਵਿਚ ਹੋਇਆ| ਇਹਨਾਂ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਹੋਈ ਹੈ| ਇਸ ਤਰ੍ਹਾਂ ਕਾਂਗਰਸੀਆਂ ਦੇ ਹੌਂਸਲੇ ਬਹੁਤ ਬੁਲੰਦ ਹਨ|
ਦੂਜੇ ਪਾਸੇ ਜੇ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਅਕਾਲੀ ਦਲ ਬਿਲਕੁਲ ਹੀ ਖੁਡੇ ਲੱਗ ਗਿਆ ਸੀ ਤੇ ਉਹ ਪੰਜਾਬ ਵਿਚ ਵਿਰੋਧੀ ਪਾਰਟੀ ਦਾ ਰੁਤਬਾ ਵੀ ਪ੍ਰਾਪਤ ਨਹੀਂ ਸੀ ਕਰ ਸਕਿਆ| ਪੰਜਾਬ ਵਿੱਚ ਆਮ ਆਦਮੀ ਪਾਰਟੀ ਉਸ ਸਮੇਂ ਸਰਕਾਰ ਬਣਾਉਣ ਦਾ ਸੁਪਨਾ ਵੇਖ ਰਹੀ ਸੀ ਪਰ ਉਸਨੂੰ ਵਿਰੋਧੀ ਧਿਰ ਬਣਨ ਤਕ ਹੀ ਸੀਮਿਤ ਹੋਣਾ ਪਿਆ| ਹੁਣ ਨਿਗਮ ਤੇ ਕੌਂਸਲ ਚੋਣਾਂ ਵਿਚ ਤਾਂ ਆਮ ਆਦਮੀ ਪਾਰਟੀ ਬਿਲਕੁਲ ਹੀ ਨੁਕਰੇ ਲਗ ਗਈ ਹੈ ਅਤੇ ਅਕਾਲੀ ਦਲ ਮੁੜ ਪਹਿਲਾਂ ਵਾਲੀ ਸਥਿਤੀ ਵਿਚ ਆ ਗਿਆ ਹੈ| ਨਿਗਮ ਚੋਣਾਂ ਵਿਚ ਅਕਾਲੀ ਦਲ ਦੀ ਚੰਗੀ ਕਾਰਗੁਜਾਰੀ ਵੇਖ ਕੇ ਅਕਾਲੀ ਆਗੂਆਂ ਨੇ ਦਾਅਵਾ ਕਰਨਾ ਵੀ ਸ਼ੁਰੂ ਕਰ ਦਿਤਾ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਅਕਾਲੀ ਦਲ ਦੀ ਹੀ ਬਣੇਗੀ|
ਅਕਾਲੀ ਦਲ ਨੇ ਆਪਣੀ ਕਾਰਜਸੈਲੀ ਵਿਚ ਵੀ ਬਦਲਾਓ ਲਿਆਂਦਾ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਦਾ ਮੁੱਖ ਦਫਤਰ ਅੰਮ੍ਰਿਤਸਰ ਵਿਖੇ ਖੋਲਿਆ ਜਾਵੇਗਾ| ਇਸ ਸਮੇਂ ਅਕਾਲੀ ਦਲ ਦਾ ਮੁੱਖ ਦਫਤਰ ਚੰਡੀਗੜ੍ਹ ਵਿਖੇ ਹੈ| ਹੁਣ ਪਾਰਟੀ ਨੂੰ ਪਤਾ ਚਲ ਗਿਆ ਹੈ ਕਿ ਜੇ ਪੰਜਾਬ ਵਿਚ ਅਕਾਲੀ ਦਲ ਨੇ ਮੁੜ ਸਰਕਾਰ ਬਣਾਉਣੀ ਹੈ ਤਾਂ ਇਸ ਨੂੰ ਅੰਮ੍ਰਿਤਸਰ ਨੂੰ ਤਰਜੀਹ ਦੇਣੀ ਪਵੇਗੀ| ਇਸ ਤੋਂ ਇਲਾਵਾ ਅਕਾਲੀ ਦਲ ਵਲੋਂ ਧਰਨੇ ਦੇਣ ਦੀ ਨੀਤੀ ਵੀ ਸ਼ੁਰੂ ਕਰ ਦਿਤੀ ਗਈ ਹੈ| ਧਰਨੇ ਦੇਣ ਵਿਚ ਅਕਾਲੀ ਦਲ ਦੇ ਆਗੂ ਮਾਹਿਰ ਮੰਨੇ ਜਾਂਦੇ ਹਨ ਇਹ ਹੀ ਕਾਰਨ ਹੈ ਕਿ ਉਹ ਧਰਨਿਆਂ ਵਿਚ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ|
ਕਹਿਣ ਦਾ ਭਾਵ ਇਹ ਹੈ ਕਿ ਨਿਗਮ ਤੇ ਕੌਂਸਲ ਚੋਣਾਂ ਵਿਚ ਭਾਵੇਂ ਕਾਂਗਰਸ ਜੇਤੂ ਰਹੀ ਹੈ ਪਰ ਅਕਾਲੀ ਦਲ ਵੀ ਕਾਫੀ ਤਕੜਾ ਹੋ ਕੇ ਇਹਨਾਂ ਚੋਣਾਂ ਵਿਚ ਨਿਕਲਿਆ ਹੈ| ਰਹੀ ਗੱਲ ਆਮ ਆਦਮੀ ਪਾਰਟੀ ਦੀ ਤਾਂ ਇਸ ਪਾਰਟੀ ਦੇ ਭਵਿੱਖ ਅੱਗੇ ਸਵਾਲੀਆ ਨਿਸ਼ਾਨ ਹੀ ਲਗਦੇ ਜਾ ਰਹੇ ਹਨ|

Leave a Reply

Your email address will not be published. Required fields are marked *