ਸਥਾਨਕ ਸਰਕਾਰ ਵਿਭਾਗ ਵੱਲੋਂ ਰੋਕੇ ਮਤਿਆਂ ਨੂੰ ਪਾਸ ਕਰਵਾਉਣ ਲਈ 3 ਜੁਲਾਈ ਨੂੰ ਨਿਗਮ ਦੀ ਮੀਟਿੰਗ ਵਿੱਚ ਆਏਗਾ ਮਤਾ

ਸਥਾਨਕ ਸਰਕਾਰ ਵਿਭਾਗ ਵੱਲੋਂ ਰੋਕੇ ਮਤਿਆਂ ਨੂੰ ਪਾਸ ਕਰਵਾਉਣ ਲਈ 3 ਜੁਲਾਈ ਨੂੰ ਨਿਗਮ ਦੀ ਮੀਟਿੰਗ ਵਿੱਚ ਆਏਗਾ ਮਤਾ
ਅਡਾਨੀ ਕੰਪਨੀ ਵਲੋਂ ਸ਼ਹਿਰ ਵਿਚ ਗੈਸ ਪਾਈਪ ਲਾਈਨ ਪਾ ਕੇ ਦਿੱਤੀ ਜਾਵੇਗੀ ਘਰੋਂ ਘਰੀ ਰਸੋਈ ਗੈਸ ਦੀ ਸਪਲਾਈ
ਐਸ. ਏ. ਐਸ ਨਗਰ, 30 ਜੂਨ (ਸ.ਬ.) 3 ਜੁਲਾਈ ਨੂੰ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਨਿਗਮ ਦੀ ਮੀਟਿੰਗ ਵਿੱਚ ਸਥਾਨਕ ਸਰਕਾਰ ਵਿਭਾਗ ਵੱਲੋਂ ਰੋਕੇ ਗਏ ਸ਼ਹਿਰ ਦੇ ਵਿਕਾਸ ਦੇ ਮਤਿਆਂ (18-09-2015 ਤੋਂ 27-04-2018 ਤਕ) ਨੂੰ ਮੁੜ ਪਾਸ ਕਰਵਾਉਣ ਲਈ ਵਿਚਾਰ ਕੀਤਾ ਜਾਵੇਗਾ| ਇਸ ਸੰਬੰਧੀ ਨਿਗਮ ਦੀ ਮੀਟਿੰਗ ਵਿੱਚ ਬਾਕਾਇਦਾ ਮਤਾ ਪੇਸ਼ ਕਰਕੇ ਹਾਉਸ ਦੇ ਵਿਚਾਰ ਲਈ ਵੱਖ ਵੱਖ ਸ਼ਾਖਾਵਾਂ ਦੇ ਕੁਲ 55 ਮਤਿਆਂ ਦਾ ਵੇਰਵਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਸਮੇਂ ਸਮੇਂ ਤੇ ਪਾਸ ਕਰਕੇ ਸਰਕਾਰ ਦੀ ਮੰਜੂਰੀ ਲਈ ਭੇਜਿਆ ਗਿਆ ਸੀ ਪਰੰਤੂ ਸਰਕਾਰ ਵੱਲੋਂ ਇਨ੍ਹਾਂ ਮਤਿਆਂ ਨੂੰ ਮੰਜੂਰੀ ਨਾ ਦਿੱਤੇ ਜਾਣ ਕਾਰਨ ਇਸ ਸੰਬੰਧੀ ਕੰਮ ਲਮਕ ਰਿਹਾ ਹੈ|
ਇੱਥੇ ਇਹ ਜਿਕਰ ਕਰਨਾ ਬਣਦਾ ਹੈ ਕਿ ਨਗਮ ਨਿਗਮ ਦੀਆਂ ਲਗਭਗ ਸਾਰੀਆਂ ਹੀ ਮੀਟਿੰਗਾਂ ਵਿੱਚ ਸਥਾਨਕ ਸਰਕਾਰ ਵਿਭਾਗ ਵੱਲੋਂ ਰੋਕੇ ਗਏ ਮਤਿਆਂ ਦਾ ਮੁੱਦਾ ਉਠਦਾ ਹੈ ਪਰੰਤੂ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਨਿਗਮ ਦੀ ਮੀਟਿੰਗ ਵਿੱਚ ਸਥਾਨਕ ਸਰਕਾਰ ਵਿਭਾਗ ਵਲੋਂ ਰੋਕੇ ਗਏ ਮਤਿਆਂ ਦਾ ਵੇਰਵਾ ਦੇ ਕੇ ਇਹਨਾਂ ਮਤਿਆਂ ਨੂੰ ਪਾਸ ਕਰਵਾਉਣ ਲਈ ਨਿਗਮ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾ ਰਿਹਾ ਹੈ|
ਸਰਕਾਰ ਵੱਲੋਂ ਰੋਕ ਕੇ ਰੱਖੇ ਗਏ ਇਹਨਾਂ ਮਤਿਆਂ ਵਿੱਚ ਸ਼ਹਿਰ ਵਿੱਚ ਸਿਟੀ ਬਸ ਸਰਵਿਸ ਚਲਾਉਣ, ਪਿੰਡ ਸੌਹਾਣਾ ਵਿੱਚ ਡਿਸਪੈਂਸਰੀ ਦੀ ਉਸਾਰੀ ਕਰਨ, ਨਗਰ ਨਿਗਮ ਦੇ ਸਾਲਿਡ ਵੇਸਟ ਨੂੰ ਪ੍ਰਾਸੈਸ ਕਰਨ, ਸ਼ਹਿਰ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਲੋੜੀਂਦੀਆਂ ਉਸਾਰੀਆਂ ਕਰਨ, ਸ਼ਹਿਰ ਦੀਆਂ ਤਿੰਨ ਮੁੱਖ ਸੜਕਾਂ ਨੂੰ ਚੋੜਾ ਕਰਨ, ਪੀ. ਜੀ. ਤੋਂ ਪ੍ਰਾਪਰਟੀ ਟੈਕਸ ਲੈਣ, ਨਿਗਮ ਵਿੱਚ ਪੈਂਦੇ ਪਿੰਡਾਂ ਵਿੱਚ ਪ੍ਰਾਪਰਟੀ ਟੈਕਸ ਮਾਫ ਕਰਨ ਆਦਿ ਮਤੇ ਸ਼ਾਮਿਲ ਹਨ|
ਇਸ ਦੇ ਨਾਲ ਹੀ 3 ਜੁਲਾਈ ਦੀ ਮੀਟਿੰਗ ਵਿੱਚ ਇੰਡੀਅਨ ਆਇਲ ਅਡਾਨੀ ਗੈਸ ਪ੍ਰਾਈਵੇਟ ਲਿਮਟਿਡ ਵਲੋਂ ਸ਼ਹਿਰ ਦੇ ਫੇਜ਼ 10 ਅਤੇ 11 ਦੇ ਖੇਤਰ ਵਿੱਚ ਗੈਸ ਦੀ ਪਾਈਪ ਲਾਈਨ ( ਐਸ. ਡੀ. ਪੀ. ਈ. ਪਾਈਪਲਾਈਨ) ਵਿਛਾਉਣ ਲਈ ਮੰਗੀ ਗਈ ਪ੍ਰਵਾਨਗੀ ਤੇ ਵਿਚਾਰ ਕਰਨ ਲਈ ਵੀ ਮਤਾ ਪੇਸ਼ ਕੀਤਾ ਜਾਵੇਗਾ| ਮਤੇ ਅਨੁਸਾਰ ਕੰਪਨੀ ਵਲੋਂ ਫੇਜ਼-10 ਅਤੇ ਫੇਜ਼-11 ਵਿੱਚ ਅੰਡਰ ਗਾਊਂਡ ਗੈਸ ਪਾਈਪ ਲਾਈਨ ਪਾਉਣ ਵਾਸਤੇ ਨਿਗਮ ਤੋਂ ਪ੍ਰਵਾਨਗੀ ਦੀ ਮੰਗ ਕੀਤੀ ਹੈ| ਇਸ ਰੂਟ ਦੀ ਕੁਲ ਲੰਬਾਈ 221949 ਮੀਟਰ ਹੈ ਜਿਸ ਵਿੱਚ ਕੁਲ 11 ਚੈਂਬਰ ਹੋਣਗੇ|
ਮਤੇ ਵਿੱਚ ਕਿਹਾ ਗਿਆ ਹੈ ਕਿ ਇਸ ਪ੍ਰੋਜੈਕਟ ਦੌਰਾਨ ਸ਼ਹਿਰ ਵਿੱਚ ਕਈ ਥਾਂ ਖੁਦਾਈ ਅਤੇ ਰੋਡ ਕਟਿੰਗ ਦਾ ਕੰਮ ਹੋਵੇਗਾ| ਜਿਸ ਨਾਲ ਆਮ ਲੋਕਾਂ ਨੂੰ ਥੋੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ| ਇਸ ਲਈ ਇਸਦੀ ਜਾਣਕਾਰੀ ਲੋਕਾਂ ਵਲੋਂ ਚੁਣੇ ਨੁਮਾਇੰਦਿਆਂ ਦੇ ਧਿਆਨ ਵਿੱਚ ਲਿਆਉਣਾ ਜਰੂਰੀ ਹੈ|

Leave a Reply

Your email address will not be published. Required fields are marked *