ਸਦਭਾਵਨਾ ਦਿਵਸ ਦੇ ਪ੍ਰੋਗਰਾਮ ਤੋਂ ਸਾਬਕਾ ਪ੍ਰਧਾਨ ਮੰਤਰੀਆਂ ਦੇ ਨਾਂ ਨਾ ਹਟਾਏ ਸਰਕਾਰ : ਕਾਂਗਰਸ

ਨਵੀਂ ਦਿੱਲੀ, 3 ਫਰਵਰੀ (ਸ.ਬ) ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ 20 ਅਗਸਤ ਤੇ ਮਨਾਏ ਜਾ ਰਹੇ ਸਦਭਾਵਨਾ ਦਿਵਸ ਤੋਂ ਉਨ੍ਹਾਂ ਦੇ ਨਾਂ ਹਟਾਏ ਜਾਣ ਦਾ ਮੁੱਦਾ ਕਾਂਗਰਸ ਮੈਂਬਰਾਂ ਨੇ ਅੱਜ ਰਾਜਸਭਾ ਵਿੱਚ ਚੁੱਕਿਆ ਅਤੇ ਮੋਦੀ ਸਰਕਾਰ ਤੋਂ ਕਾਂਗਰਸ ਨੇਤਾਵਾਂ ਦੇ ਨਾਂ ਨਾਲ ਜੁੜੇ ਪ੍ਰੋਗਰਾਮਾਂ ਦੇ ਨਾਂਵਾਂ ਵਿੱਚ ਕੀਤੀ ਗਈ ਤਬਦੀਲੀ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ|  ਕਾਂਗਰਸ ਦੀ ਛਾਇਆ ਵਰਮਾ ਨੇ ਇਸ ਮੁੱਦੇ ਨੂੰ ਚੁੱਕਿਆ ਅਤੇ ਕਿਹਾ ਕਿ 20 ਅਗਸਤ ਨੂੰ ਸਦਭਾਵਨਾ ਦਿਵਸ ਮਨਾਇਆ ਜਾਂਦਾ ਹੈ ਅਤੇ ਉਸ ਲਈ ਸਾਰੇ ਪ੍ਰੋਗਰਾਮਾਂ ਦੇ ਬੈਨਰ ਅਤੇ ਪੋਸਟਰ ਤੇ ਰਾਜੀਵ ਗਾਂਧੀ ਦਾ ਨਾਂ ਅਤੇ ਫੋਟੋ ਲਾਇਆ ਜਾਂਦਾ ਸੀ ਪਰ ਮੋਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਦਾ ਨਾਂ ਅਤੇ ਫੋਟੋ ਨੂੰ ਹਟਾ ਦਿੱਤਾ ਹੈ ਅਤੇ ਹੁਣ ਸਿਰਫ ਸਦਭਾਵਨਾ ਦਿਵਸ ਲਿਖਿਆ ਜਾਂਦਾ ਹੈ| ਇਸ ਤੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਕਾਂਗਰਸ ਮੈਂਬਰ ਆਨੰਦ ਸ਼ਰਮਾ ਨੇ ਵੀ ਸਖਤ ਨਾਰਾਜ਼ਗੀ ਜ਼ਾਹਰ ਕੀਤੀ| ਸ਼੍ਰੀ ਸ਼ਰਮਾ ਨੇ ਕਿਹਾ ਕਿ ਇਹ ਸਰਕਾਰ ਅਜਿਹੇ ਲੋਕਾਂ ਦੇ ਨਾਂਵਾਂ ਤੇ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ, ਜਿਨ੍ਹਾਂ ਦਾ ਇਸ ਦੇਸ਼ ਦੇ ਨਿਰਮਾਣ ਅਤੇ ਆਜ਼ਾਦੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ| ਸਿਰਫ ਉਨ੍ਹਾਂ ਦਾ ਸੱਤਾਧਾਰੀ ਪਾਰਟੀ ਤੋਂ ਦਰਕਾਰ ਸੀ|
ਸ਼੍ਰੀ ਆਜ਼ਾਦ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਅਤੇ ਦੇਸ਼ ਦੀ ਸੇਵਾ ਕੀਤੀ, ਉਨ੍ਹਾਂ ਦੇ ਨਾਂ ਤੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਸਨ ਪਰ ਮੋਦੀ ਸਰਕਾਰ ਨੇ ਪ੍ਰੋਗਰਾਮਾਂ ਤੋਂ ਉਨ੍ਹਾਂ ਦੇ ਨਾਂ ਹਟਾ ਦਿੱਤੇ ਹਨ| ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਨ ਤੇ ਰਾਜੀਵ ਗਾਂਧੀ ਦੀ ਜਾਨ ਗਈ ਸੀ| ਕਾਂਗਰਸ ਦੇ ਨੇਤਾਵਾਂ ਨੇ ਦੇਸ਼ ਲਈ ਬਲੀਦਾਨ ਦਿੱਤਾ ਅਤੇ ਉਨ੍ਹਾਂ ਦੇ ਨਾਂ ਰੱਖੇ ਗਏ ਪਰ ਮੋਦੀ ਸਰਕਾਰ ਦੇ ਜਾਣਬੁੱਝ ਕੇ ਪ੍ਰੋਗਰਾਮਾਂ ਤੋਂ ਉਨ੍ਹਾਂ ਦੇ ਨਾਂ ਹਟਾ ਦਿੱਤੇ ਹਨ ਅਤੇ ਅਜਿਹੇ ਲੋਕਾਂ ਦੇ ਨਾਂ ਤੇ ਪ੍ਰੋਗਰਾਮ ਕਰ ਰਹੀ ਹੈ, ਜਿਨ੍ਹਾਂ ਦਾ ਇਸ ਦੇਸ਼ ਦੀ ਆਜ਼ਾਦੀ ਅਤੇ ਨਿਰਮਾਣ ਨਾਲ ਕੋਈ ਲੈਣਾ-ਦੇਣਾ ਨਹੀਂ ਸੀ| ਇਸ ਤੇ ਸੰਸਦੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਸਰਕਾਰ ਇਸ ਨਾਲ ਇਤੇਫਾਕ ਨਹੀਂ ਰੱਖਦੀ ਹੈ| ਸਾਰੇ ਪ੍ਰੋਗਰਾਮ ਇਕ ਪਰਿਵਾਰ ਅਤੇ ਇਕ ਸਿਆਸੀ ਦਲ ਦੇ ਨੇਤਾਵਾਂ ਦੇ ਨਾਂ ਤੇ ਸ਼ੁਰੂ ਨਹੀਂ ਕੀਤੇ ਜਾ ਸਕਦੇ ਹਨ|

Leave a Reply

Your email address will not be published. Required fields are marked *