ਸਪਾ ਅਤੇ ਬਸਪਾ ਦੇ ਗਠਜੋੜ ਦੇ ਮਾਇਨੇ

ਜਿਵੇਂ ਹੀ ਨਵਾਂ ਸਾਲ ਸ਼ੁਰੂ ਹੋਇਆ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਅਗਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ| ਅਚਾਨਕ ਹੀ ਮਾਇਆਵਤੀ ਦੀ ਪਾਰਟੀ ਬਸਪਾ ਅਤੇ ਅਖਿਲੇਸ਼ ਯਾਦਵ ਦੀ ਪਾਰਟੀ ਸਪਾ ਨੇ ਹੱਥ ਮਿਲਾ ਲਿਆ ਅਤੇ ਦੋਵਾਂ ਨੇ ਅਗਲੀਆਂ ਲੋਕਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 38 – 38 ਲੋਕਸਭਾ ਸੀਟਾਂ ਤੇ ਚੋਣ ਲੜਨ ਦਾ ਫੈਸਲਾ ਕਰ ਲਿਆ| ਦੋਵਾਂ ਪਾਰਟੀਆਂ ਨੇ ਕਾਂਗਰਸ ਨੂੰ ਝਟਕੇ ਦੇ ਦਿੱਤੇ ਅਤੇ ਉਸਨੂੰ ਉਸਦੀ ਹੈਸੀਅਤ ਦੱਸਦੇ ਹੋਏ ਕਾਂਗਰਸ ਲਈ ਰਾਇਬਰੇਲੀ ਅਤੇ ਅਮੇਠੀ ਸੰਸਦੀ ਖੇਤਰਾਂ ਦੀਆਂ ਦੋ ਸੀਟਾਂ ਛੱਡ ਦਿੱਤੀਆਂ| ਕਾਂਗਰਸ ਲਈ ਇਸ ਤੋਂ ਵਧ ਬੇਇੱਜ਼ਤੀ ਦੀ ਗੱਲ ਹੋਰ ਕੁੱਝ ਨਹੀਂ ਹੋ ਸਕਦੀ ਸੀ| ਇਸ ਲਈ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਐਲਾਨ ਕੀਤਾ ਕਿ ਕਾਂਗਰਸ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 80 ਸੀਟਾਂ ਤੇ ਚੋਣ ਲੜੇਗੀ| ਆਪਣੇ ਤਜਰਬੇ ਤੋਂ ਮਾਇਆਵਤੀ ਅਤੇ ਅਖਿਲੇਸ਼ ਯਾਦਵ ਨੇ ਸਿੱਖਿਆ ਹੈ ਕਿ ਜੇਕਰ ਉਹ ਪਹਿਲਾਂ ਦੀ ਤਰ੍ਹਾਂ ਹੀ ਇੱਕ ਦੂਜੇ ਦੇ ਕੱਟੜ ਦੁਸ਼ਮਨ ਬਣੇ ਰਹੇ ਤਾਂ ਕਦੇ ਸੱਤਾ ਵਿੱਚ ਨਹੀਂ ਆ ਸਕਣਗੇ| ਇਸ ਲਈ ਉਨ੍ਹਾਂ ਨੇ ਹਾਲਾਤ ਨਾਲ ਸਮੱਝੌਤਾ ਕਰ ਲਿਆ| ਮਾਇਆਵਤੀ ਪਿਛਲੀਆਂ ਤਿੰਨ ਚੋਣਾਂ ਬੁਰੀ ਤਰ੍ਹਾਂ ਹਾਰ ਗਈ ਸੀ| ਉਹ ਉੱਤਰ ਪ੍ਰਦੇਸ਼ ਵਿੱਚ 2012 ਅਤੇ 2017 ਵਿੱਚ ਵਿਧਾਨਸਭਾ ਚੋਣਾਂ ਬੁਰੀ ਤਰ੍ਹਾਂ ਹਾਰੀ ਅਤੇ 2014 ਵਿੱਚ ਲੋਕਸਭਾ ਦੀਆਂ ਆਮ ਚੋਣਾਂ ਵੀ ਹਾਰ ਗਈ ਸੀ| ਲੋਕਸਭਾ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ| ਉਸੇ ਤਰ੍ਹਾਂ ਅਖਿਲੇਸ਼ ਯਾਦਵ ਨੂੰ ਵੀ 2014 ਅਤੇ 2017 ਵਿੱਚ ਬੁਰੀ ਤਰ੍ਹਾਂ ਹਾਰ ਮਿਲੀ ਸੀ| ਦੋਵਾਂ ਨੇ ਤਜਰਬੇ ਤੋਂ ਸਿੱਖ ਲਿਆ ਸੀ ਕਿ ਵੱਖ-ਵੱਖ ਚੋਣ ਲੜਨ ਨਾਲ ਬਸਪਾ ਅਤੇ ਸਪਾ ਖ਼ਤਮ ਹੋ ਜਾਣਗੇ| ਇਸ ਲਈ ਦੋਵਾਂ ਪਾਰਟੀਆਂ ਨੇ ਗੁਪਚੁਪ ਹੱਥ ਮਿਲਾ ਲਿਆ ਅਤੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਇਕੱਠੇ ਖੜੇ ਹੋਣ ਵਿੱਚ ਹੀ ਉਨ੍ਹਾਂ ਦਾ ਭਲਾ ਹੈ| ਦੋਵਾਂ ਪਾਰਟੀਆਂ ਦਾ ਇੱਕ ਸੂਤਰੀ ਪ੍ਰੋਗਰਾਮ ਹੈ ਕਿ ਕਿਸੇ ਤਰ੍ਹਾਂ ਨਰਿੰਂਦਰ ਮੋਦੀ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਤੋਂ ਹਟਾਓ ਅਤੇ ਭਾਜਪਾ ਨੂੰ ਜਬਰਦਸਤ ਹਾਰ ਦੇਣ | 2017 ਵਿੱਚ ਜੋ ਉਪਚੋਣਾਂ ਹੋਈਆਂੇ ਉਸ ਵਿੱਚ ਦੋਵਾਂ ਪਾਰਟੀਆਂ ਨੇ ਇਹ ਮਹਿਸੂਸ ਕੀਤਾ ਕਿ ਦੋਵੇਂ ਇਕੱਠੇ ਮਿਲ ਕੇ ਚੋਣ ਲੜਨ ਤਾਂ ਉਹ ਆਸਾਨੀ ਨਾਲ ਭਾਜਪਾ ਨੂੰ ਹਰਾ ਸਕਦੇ ਹਨ| ਇੱਥੇ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਕੁੱਝ ਸਾਲ ਪਹਿਲਾਂ ਗੈਸਟ ਹਾਊਸ ਕਾਂਡ ਵਿੱਚ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਮਾਇਆਵਤੀ ਦੀ ਬਹੁਤ ਬੇਇੱਜ਼ਤੀ ਕੀਤੀ ਸੀ| ਅਜਿਹੇ ਵਿੱਚ ਭਾਜਪਾ ਵਰਕਰਾਂ ਨੇ ਅੱਗੇ ਵਧ ਕੇ ਮਾਇਆਵਤੀ ਦਾ ਬਚਾਓ ਕੀਤਾ ਸੀ| ਇੱਕ ਲੰਬੇ ਅਰਸੇ ਤੱਕ ਮਾਇਆਵਤੀ ਇਸ ਬੇਇੱਜ਼ਤੀ ਦੀ ਗੱਲ ਦੁਹਰਾਉਂਦੀ ਰਹੀ| ਇਸ ਲਈ ਹਰ ਚੋਣ ਵਿੱਚ ਉਨ੍ਹਾਂ ਦੀ ਪਾਰਟੀ ਕਹਿੰਦੀ ਰਹੀ ਕਿ ਚੜ੍ਹ ਗੁੰਡਿਆਂ ਦੀ ਛਾਤੀ ਤੇ, ਮੋਹਰ ਲਗਾਓ ਹਾਥੀ ਤੇ| ਇਹ ਸਪੱਸ਼ਟ ਸੀ ਕਿ ਉਹ ਕਿਹੜੇ ਲੋਕਾਂ ਨੂੰ ਗੁੰਡਾ ਕਹਿੰਦੀ ਸੀ| ਇਹੀ ਨਹੀਂ ਸਵਰਣ ਲੋਕਾਂ ਨੂੰ ਵਾਰ ਵਾਰ ਨੀਵਾਂ ਵਿਖਾਉਣ ਲਈ ਕਹਿੰਦੀ ਰਹੀ ਟਿੱਕਾ, ਤਰਾਜੂ ਅਤੇ ਤਲਵਾਰ , ਉਨ੍ਹਾਂ ਨੂੰ ਮਾਰੋ ਜੁੱਤੇ ਚਾਰ| ਇਸ ਨਾਲ ਦਲਿਤਾਂ ਵਿੱਚ ਤਾਂ ਉਨ੍ਹਾਂ ਦਾ ਦਬਦਬਾ ਵੱਧ ਗਿਆ ਪਰ ਹੋਰ ਜਾਤੀਆਂ ਉਨ੍ਹਾਂ ਤੋਂ ਦੂਰ ਹੋ ਗਈਆਂ| ਹੁਣ ਮਾਇਆਵਤੀ ਨੇ ਆਪਣੀ ਨੀਤੀ ਬਦਲ ਦਿੱਤੀ ਹੈ ਅਤੇ ਸਵਰਣ ਜਾਤੀਆਂ ਨਾਲ ਮੇਲ ਜੋਲ ਵਧਾਉਣ ਦਾ ਯਤਨ ਕਰ ਰਹੀ ਹੈ| ਪਿਛਲੀਆਂ ਉਪ – ਚੋਣਾਂ ਵਿੱਚ ਮਾਇਆਵਤੀ ਨੇ ਇਹ ਵੇਖਿਆ ਕਿ ਦਲਿਤਾਂ ਦੇ ਵੋਟ ਤਾਂ ਸਪਾ ਨੂੰ ਮਿਲ ਜਾਂਦੇ ਹਨ, ਪਰ ਸਪਾ ਦੇ ਵੋਟ ਉਨ੍ਹਾਂ ਦੀ ਪਾਰਟੀ ਨੂੰ ਨਹੀਂ ਮਿਲਦੇ| ਅਜਿਹੇ ਵਿੱਚ ਉਨ੍ਹਾਂ ਦੇ ਕੋਲ ਸਮਾਜਵਾਦੀ ਨਾਲ ਹੱਥ ਮਿਲਾ ਕੇ ਚਲਣ ਤੋਂ ਇਲਾਵਾ ਰਸਤਾ ਨਹੀਂ ਸੀ| ਤਜਰਬੇ ਨਾਲ ਉਨ੍ਹਾਂ ਨੇ ਦੁਸ਼ਮਨ ਨੂੰ ਦੋਸਤ ਬਣਾਇਆ| ਜਿਵੇਂ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਹੜ੍ਹ ਦੇ ਦਿਨਾਂ ਵਿੱਚ ਨੇਪਾਲ ਤੋਂ ਪਾਣੀ ਵਿੱਚ ਰੁੜ੍ਹਕੇ ਜਹਿਰੀਲੇ ਸੱਪ ਆਉਂਦੇ ਹਨ ਉਹ ਰੁੱਖਾਂ ਦੇ ਉੱਪਰ ਚੜ੍ਹਕੇ ਆਪਣੀ ਜਾਨ ਬਚਾਉਂਦੇ ਹਨ | ਉਸੇ ਤਰ੍ਹਾਂ ਉਸ ਖੇਤਰ ਦੀ ਜਨਤਾ ਵੀ ਜੋ ਹੜ੍ਹ ਪੀੜਿਤ ਹੁੰਦੀ ਹੈ, ਭਿਆਨਕ ਹੜ੍ਹ ਦੇ ਸੰਤਾਪ ਤੋਂਂ ਬਚਣ ਲਈ ਰੁੱਖਾਂ ਦੀ ਦੂਜੀ ਟਹਿਣੀ ਤੇ ਚੜ੍ਹ ਜਾਂਦੀ ਹੈ| ਜਹਿਰੀਲੇ ਸੱਪ ਅਤੇ ਗਰੀਬ ਲੋਕ ਬਰਸਾਤ ਵਿੱਚ ਰੁੱਖਾਂ ਤੇ ਇਕੱਠੇ ਠਿਠੁਰਦੇ ਹੋਏ ਇੱਕ ਦੂਜੇ ਨੂੰ ਵੇਖਦੇ ਰਹਿੰਦੇ ਹਨ ਪਰ ਉਨ੍ਹਾਂ ਵਿੱਚੋਂ ਇੱਕ ਦੂਜੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ| ਦੋਵੇਂ ਹੜ੍ਹ ਦੇ ਪਾਣੀ ਦੇ ਘਟਣ ਦਾ ਇੰਤਜਾਰ ਕਰਦੇ ਰਹਿੰਦੇ ਹਨ ਕਿ ਕਦੋਂ ਹੜ੍ਹ ਦਾ ਪਾਣੀ ਘੱਟ ਹੋਵੇ ਅਤੇ ਉਹ ਹੇਠਾਂ ਉਤਰ ਕੇ ਆਪਣਾ ਰੱਸਤਾ ਫੜ੍ਹਨ ਅਤੇ ਜਿਵੇਂ ਹੀ ਪਾਣੀ ਘੱਟ ਜਾਂਦਾ ਹੈ , ਦੋਵੇਂ ਹੌਲੀ – ਹੌਲੀ ਦਰਖਤ ਤੋਂ ਉਤਰ ਕੇ ਇੱਕ ਦੂਜੇ ਨੂੰ ਨੁਕਸਾਨ ਕੀਤੇ ਬਿਨਾਂ ਆਪਣੇ ਰਸਤੇ ਚੱਲੇ ਜਾਂਦੇ ਹਨ| ਉੱਤਰ ਪ੍ਰਦੇਸ਼ ਵਿੱਚ ਇਸ ਵਾਰ ਠੀਕ ਉਹੋ ਜਿਹਾ ਹੀ ਹੋਇਆ| ਸਪਾ ਅਤੇ ਬਸਪਾ ਸਾਲਾਂ ਤੋਂ ਇੱਕ ਦੂਜੇ ਦੇ ਕੱਟੜ ਦੁਸ਼ਮਣ ਸਨ ਪਰ ਇਹ ਸੋਚ ਕੇ ਉਨ੍ਹਾਂ ਨੇ ਹੱਥ ਮਿਲਾ ਲਿਆ ਕਿ ਜੇਕਰ ਸਮਝੌਤਾ ਨਹੀਂ ਕਰਨਗੇ ਤਾਂ ਉਹ ਭਾਜਪਾ ਨਾਲ ਨਹੀਂ ਲੜ ਸਕਣਗੇ| ਹੁਣ ਤਾਂ ਲਗਭਗ ਸਪਸ਼ਟ ਹੋ ਗਿਆ ਹੈ ਕਿ ਰਾਜਨੀਤੀ ਵਿੱਚ ਦੋ ਅਤੇ ਦੋ ਹਮੇਸ਼ਾ ਚਾਰ ਨਹੀਂ ਹੁੰਦੇ ਹਨ| ਪੁਰਾਣਾ ਤਜਰਬਾ ਦੱਸਦਾ ਹੈ ਕਿ ਇੰਦਰਾ ਗਾਂਧੀ ਦੇ ਸਮੇਂ ਵਿੱਚ ਜਦੋਂ ਐਮਰਜੇਂਸੀ ਖ਼ਤਮ ਹੋਈ ਸੀ ਤਾਂ ਸਾਰੇ ਵਿਰੋਧੀ ਦਲ ਇੱਕ ਹੋ ਕੇ ਇੰਦਰਾ ਗਾਂਧੀ ਅਤੇ ਕਾਂਗਰਸ ਦੇ ਖਿਲਾਫ ਹੋ ਗਏ ਸਨ| ਚੋਣਾਂ ਵਿੱਚ ਉਨ੍ਹਾਂ ਨੂੰ ਭਾਰੀ ਸਫਲਤਾ ਮਿਲੀ| ਇੱਥੋਂ ਤਕ ਕਿ ਇੰਦਰਾ ਗਾਂਧੀ ਵੀ ਖੁਦ ਚੋਣ ਹਾਰ ਗਈ ਸੀ ਪਰ ਜਿਵੇਂ ਹੀ ਵਿਰੋਧੀ ਦਲ ਸੱਤਾ ਵਿੱਚ ਆਏ ਉਨ੍ਹਾਂ ਦੇ ਮਤਭੇਦ ਵਧਣ ਲੱਗੇ ਅਤੇ ਸਾਰੇ ਦਲਾਂ ਨੇ ਇੱਕ ਦੂਜੇ ਦੇ ਖਿਲਾਫ ਕੰਮ ਕਰਨਾ ਸ਼ੁਰੂ ਕਰ ਦਿੱਤਾ| ਇੱਥੋਂ ਤੱਕ ਕਿ ਚੌਧਰੀ ਚਰਨ ਸਿੰਘ ਤਾਂ ਪ੍ਰਧਾਨਮੰਤਰੀ ਬਨਣ ਤੋਂ ਬਾਅਦ ਲੋਕ ਸਭਾ ਦਾ ਚਿਹਰਾ ਵੀ ਨਹੀਂ ਵੇਖ ਸਕੇ ਅਤੇ ਕਾਂਗਰਸ ਦੁਆਰਾ ਉਨ੍ਹਾਂ ਨੂੰ ਸਮਰਥਨ ਦਾ ਹੱਥ ਵਾਪਸ ਖਿੱਚ ਲੈਣ ਤੋਂ ਬਾਅਦ ਚੌਧਰੀ ਚਰਨ ਸਿੰਘ ਦੀ ਸਰਕਾਰ ਵੇਖਦੇ-ਵੇਖਦੇ ਢਹਿ ਗਈ| ਇੱਕ ਗੱਲ ਤਾਂ ਮੰਨਣੀ ਪਵੇਗੀ ਕਿ ਅੱਜ ਦੀ ਤਾਰੀਖ ਵਿੱਚ ਪੂਰੇ ਭਾਰਤ ਵਿੱਚ ਜਿਆਦਾ ਗਿਣਤੀ ਨੌਜਵਾਨ ਵੋਟਰਾਂ ਦੀ ਹੈ| ਉਹ ਭਾਵਨਾ ਵਿੱਚ ਰੁੜ੍ਹਕੇ ਸਿਰਫ ਜਾਤੀ ਨੂੰ ਤਰਜੀਹ ਨਹੀਂ ਦਿੰਦੇ ਹਨ ਅਤੇ ਹਕੀਕਤ ਨੂੰ ਮਹੱਤਵ ਦਿੰਦੇ ਹਨ| ਇਹ ਤਾਂ ਹੁਣ ਆਉਣ ਵਾਲਾ ਸਮਾਂ ਦਸੇਗਾ ਕਿ ਸਪਾ ਅਤੇ ਬਸਪਾ ਦਾ ਗਠਜੋੜ ਅਗਾਮੀ ਲੋਕ ਸਭਾ ਚੋਣਾਂ ਵਿੱਚ ਕਿੰਨਾ ਕੁ ਸਫਲ ਰਹਿੰਦਾ ਹੈ|
ਗੌਰੀਸ਼ੰਕਰ ਰਾਜਹੰਸ

Leave a Reply

Your email address will not be published. Required fields are marked *