ਸਫਲ ਰਹੀ ਅਰਵਿੰਦ ਕੇਜਰੀਵਾਲ ਦੀ ਧਰਨੇ ਤੇ ਬੈਠਣ ਦੀ ਰਣਨੀਤੀ

ਪੂਰੀ ਦਿੱਲੀ ਨੇ ਸੁੱਖ ਦਾ ਸਾਹ ਲਿਆ ਹੈ| ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਮੰਤਰੀਮੰਡਲ ਦੇ ਤਿੰਨ ਹੋਰ ਸਾਥੀਆਂ ਦੇ ਨਾਲ ਜਿਸ ਤਰ੍ਹਾਂ ਉਪਰਾਜਪਾਲ ਨਿਵਾਸ ਦੇ ਅੰਦਰ ਧਰਨੇ ਤੇ ਬੈਠੇ ਸਨ ਉਸ ਨਾਲ ਦਿੱਲੀ ਸਰਕਾਰ ਠੱਪ ਹੋ ਗਈ ਸੀ| ਇਨ੍ਹਾਂ ਦੇ ਵਿਰੁੱਧ ਇੱਕ ਪਾਸੇ ਭਾਜਪਾ ਧਰਨਾ ਅਤੇ ਵਰਤ ਕਰ ਰਹੀ ਸੀ ਤੇ ਦੂਜੇ ਪਾਸੇ ਕਾਂਗਰਸ ਪ੍ਰਦਰਸ਼ਨ| ਅਜਿਹਾ ਦ੍ਰਿਸ਼ ਕਿਸੇ ਰਾਜ ਵਿੱਚ ਸ਼ਾਇਦ ਹੀ ਵੇਖਿਆ ਗਿਆ ਹੋਵੇ ਜਦੋਂ ਇਕੱਠੇ ਸਰਕਾਰ ਅਤੇ ਵਿਰੋਧੀ ਧਿਰ ਧਰਨਾ ਪ੍ਰਦਰਸ਼ਨ ਤੇ ਉਤਰ ਜਾਣ| ਕੇਜਰੀਵਾਲ ਹੁਣ ਵੀ ਕਹਿ ਰਹੇ ਹਨ ਕਿ ਆਈਏਐਸ ਅਧਿਕਾਰੀਆਂ ਦੀ ਹੜਤਾਲ ਤਾਂ ਪ੍ਰਧਾਨ ਮੰਤਰੀ ਦੇ ਇਸ਼ਾਰੇ ਤੇ ਉਪਰਾਜਪਾਲ ਨੇ ਕਰਵਾਈ ਸੀ| ਉਨ੍ਹਾਂ ਨੇ ਫੋਨ ਕੀਤਾ ਅਤੇ ਅਧਿਕਾਰੀ ਕੰਮ ਉਤੇ ਆ ਗਏ| ਸੱਚ ਇਹ ਹੈ ਕਿ ਆਈਏਐਸ ਐਸੋਸੀਏਸ਼ਨ ਨੇ ਜਦੋਂ ਪੱਤਰਕਾਰ ਸੰਮੇਲਨ ਕਰਕੇ ਆਪਣੀਆਂ ਗੱਲਾਂ ਰੱਖੀਆਂ ਤਾਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਸਾਹਮਣੇ ਇੱਕ ਹੀ ਰਾਹ ਬਚਿਆ ਸੀ ਕਿ ਕਿਸੇ ਤਰ੍ਹਾਂ ਰੇੜਕੇ ਤੋਂ ਨਿਕਲਣ ਦਾ ਰਸਤਾ ਕੱਢਿਆ ਜਾਵੇ| ਕੇਜਰੀਵਾਲ ਨੇ ਅਧਿਕਾਰੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸਨਮਾਨ ਦੀ ਰੱਖਿਆ ਦਾ ਵਾਅਦਾ ਕਰ ਕੇ ਅਪੀਲ ਜਾਰੀ ਕੀਤੀ| ਅਧਿਕਾਰੀਆਂ ਨੇ ਇਸ ਨੂੰ ਸਕਾਰਾਤਮਕ ਤਰੀਕੇ ਨਾਲ ਲਿਆ| ਹੁਣ ਸਵਾਲ ਉਠਦਾ ਹੈ ਕਿ ਅਖੀਰ, ਕੇਜਰੀਵਾਲ ਨੇ ਧਰਨਾ ਅਤੇ ਉਨ੍ਹਾਂ ਦੇ ਦੋ ਮੰਤਰੀਆਂ ਨੇ ਵਰਤ ਕਿਉਂ ਕੀਤਾ? ਉਹ ਚਾਹੁੰਦੇ ਤਾਂ ਪਹਿਲਾਂ ਵੀ ਇਸਦਾ ਰਸਤਾ ਕੱਢ ਸਕਦੇ ਸਨ| ਅਧਿਕਾਰੀਆਂ ਦੇ ਨਾਲ ਚਰਚਾ ਕਰਨ ਦੀ ਪਹਿਲ ਇਨ੍ਹਾਂ ਨੇ ਹੀ ਕਰਨੀ ਸੀ| ਜੇਕਰ ਇਨ੍ਹਾਂ ਨੇ ਪਹਿਲਾਂ ਅਜਿਹਾ ਕੀਤਾ ਹੁੰਦਾ ਤਾਂ ਇਹ ਨੌਬਤ ਆਉਂਦੀ ਹੀ ਨਹੀਂ| ਪਰ ਕੇਜਰੀਵਾਲ ਇੱਕ ਚਲਾਕ ਰਾਜਨੇਤਾ ਹੈ| ਉਨ੍ਹਾਂ ਨੇ ਧਰਨਾ ਅਤੇ ਵਰਤ ਕਰਕੇ ਇਕੱਠੇ ਜਨਤਾ ਦੀ ਹਮਦਰਦੀ, ਕੁੱਝ ਪਾਰਟੀਆਂ ਦਾ ਸਮਰਥਨ ਅਤੇ ਆਪਣਾ ਸਵਦੇਸ਼ੀ ਪ੍ਰਚਾਰ ਪਾਉਣ ਦੀ ਰਣਨੀਤੀ ਅਪਨਾਈ| ਹਮਦਰਦੀ ਲਈ ਉਨ੍ਹਾਂ ਨੇ ਇਹ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਕੰਮ ਕਰਨ ਨਹੀਂ ਦੇ ਰਹੇ, ਅਧਿਕਾਰੀਆਂ ਦੀ ਹੜਤਾਲ ਉਪ ਰਾਜਪਾਲ ਰਾਹੀਂ ਉਨ੍ਹਾਂ ਨੇ ਕਰਵਾਈ ਅਤੇ ਉਹ ਤਾਂ ਜਨਤਾ ਲਈ ਧਰਨਾ ਅਤੇ ਵਰਤ ਕਰ ਰਹੇ ਹਨ| ਇਹ ਸੱਚ ਨਹੀਂ ਸੀ, ਫਿਰ ਵੀ ਉਹ ਵਾਰ-ਵਾਰ ਇਹੀ ਕਹਿੰਦੇ ਰਹੇ| ਇਸ ਨਾਲ ਪੂਰੇ ਦੇਸ਼ ਵਿੱਚ ਕਈ ਦਿਨਾਂ ਤੱਕ ਇਹਨਾਂ ਦੀ ਹੀ ਚਰਚਾ ਚੱਲਦੀ ਰਹੀ| ਕੇਜਰੀਵਾਲ ਦੇ ਪੱਖ ਅਤੇ ਵਿਰੋਧੀ ਧਿਰ ਵਿੱਚ ਜਨਤਾ ਅਤੇ ਮੀਡੀਆ ਵਿੱਚ ਬਹਿਸ ਹੁੰਦੀ ਰਹੀ| ਇਸਦਾ ਪ੍ਰਭਾਵ ਇੰਨਾ ਹੋਇਆ ਕਿ ਚਾਰ ਮੁੱਖ ਮੰਤਰੀ ਖੁੱਲ ਕੇ ਉਨ੍ਹਾਂ ਦੇ ਪੱਖ ਵਿੱਚ ਆ ਗਏ| ਕਈ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਉਨ੍ਹਾਂ ਦੇ ਪੱਖ ਵਿੱਚ ਬਿਆਨ ਦਿੱਤੇ| ਜੇਕਰ ਕੇਜਰੀਵਾਲ ਸ਼ਾਂਤੀ ਨਾਲ ਸਮਝੌਤਾ ਕਰ ਲੈਂਦੇ ਤਾਂ ਇਹ ਸਭ ਨਹੀਂ ਹੁੰਦਾ| ਨਿਸ਼ਚੇ ਹੀ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਇਸਤੋਂ ਖੁਸ਼ ਹੋਣਗੇ ਕਿ ਉਨ੍ਹਾਂ ਦੀ ਰਣਨੀਤੀ ਸਫਲ ਰਹੀ| ਉਨ੍ਹਾਂ ਦੀ ਅਸਫਲਤਾ ਤੇ ਚਰਚਾ ਇੰਨੇ ਦਿਨਾਂ ਬੰਦ ਰਹੀ| ਪਰ ਜਿਨ੍ਹਾਂ ਲੋਕਾਂ ਵਿੱਚ ਹੁਣ ਵੀ ਕੇਜਰੀਵਾਲ ਤੋਂ ਨੈਤਿਕ ਅਤੇ ਆਦਰਸ਼ ਰਾਜਨੀਤੀ ਦੀ ਉਮੀਦ ਬਚੀ ਸੀ, ਉਨ੍ਹਾਂ ਨੂੰ ਇੱਕ ਵਾਰ ਫਿਰ ਧੱਕਾ ਲੱਗਿਆ ਹੈ|
ਰਾਜਵੀਰ

Leave a Reply

Your email address will not be published. Required fields are marked *