ਸਫਾਈ ਕਰਮਚਾਰੀਆਂ ਵੱਲੋਂ ਨਗਰ ਨਿਗਮ ਦੇ ਦਫਤਰ ਅੱਗੇ ਧਰਨਾ

ਐਸ.ਏ.ਐਸ. ਨਗਰ, 25 ਅਪ੍ਰੈਲ (ਸ.ਬ.) ਅੱਜ ਇੱਥੇ ਕਲਾਸ-ਫੌਰ ਮੁਲਾਜ਼ਮ, ਸਫਾਈ ਮਜ਼ਦੂਰਾਂ ਵੱਲੋਂ ਨਗਰ ਨਿਗਮ ਦੇ ਭਵਨ ਅੱਗੇ ਰੋਸ ਰੈਲੀ ਕੀਤੀ ਗਈ ਤੇ ਮੰਗ ਕੀਤੀ ਕਿ ਪਿਛਲੇ ਸਾਲ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਸਬੰਧੀ ਜਾਰੀ ਕੀਤੀਆਂ ਹਦਾਇਤਾਂ, ਕੈਬਨਿਟ ਦੇ ਫੈਸਲੇ ਅਤੇ ਨਗਰ ਨਿਗਮ ਨਾਲ ਹੋਏ ਫੈਸਲਿਆਂ ਨੂੰ ਤੁਰੰਤ ਲਾਗੂ ਕਰਦਿਆਂ ਠੇਕੇਦਾਰ ਤੇ ਕੰਪਨੀ ਕੋਲ ਲੱਗੇ ਮੁਲਾਜ਼ਮਾਂ, ਸਫਾਈ ਕਰਮਚਾਰੀਆਂ ਨੂੰ ਤੁਰੰਤ ਨਗਰ ਨਿਗਮ ਦੇ ਅਧੀਨ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਪੱਕੇ ਕਰਨ ਦੀ ਲਾਇਨ ਵਿੱਚ ਰੱਖਿਆ ਜਾਵੇ ਅਤੇ ਬਾਕੀ ਮੰਗਾਂ ਬਾਰੇ ਤੁਰੰਤ ਗੱਲਬਾਤ ਕਰਕੇ ਨਿਪਟਾਰਾ ਕੀਤਾ ਜਾਵੇ| ਅੱਜ ਦੀ ਰੈਲੀ ਸਮੇਂ (ਸਾਰੇ ਮੁਹਾਲੀ ਦੇ ਸਫਾਈ ਕਾਮੇ ਜੋ ਠੇਕੇਦਾਰਾਂ ਰਾਹੀਂ ਨਗਰ ਨਿਗਮ ਅਧੀਨ ਕੰਮ ਕਰਦੇ ਹਨ) ਵੱਡੀ ਗਿਣਤੀ ਵਿੱਚ ਮਿਊਂਸੀਪਲ ਭਵਨ ਸੈਕਟਰ-68 ਐਸ.ਏ.ਐਸ. ਨਗਰ ਵਿਖੇ ਇਕੱਠੇ ਹੋਏ ਅਤੇ ਜ਼ੋਰਦਾਰ ਰੈਲੀ ਕੀਤੀ| ਇਸ ਰੈਲੀ ਦਾ ਸੱਦਾ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਦਿੱਤਾ ਗਿਆ ਸੀ| ਇਸ ਰੈਲੀ ਨੂੰ ਸੱਜਨ ਸਿੰਘ, ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਮੋਹਣ ਸਿੰਘ (ਸਰਪੰਚ), ਸਕੱਤਰ ਪਵਨ ਗੋਡਯਾਲ, ਨਗਰ ਨਿਗਮ ਮੁਹਾਲੀ ਦੇ ਸਫਾਈ ਕਾਮਿਆਂ ਦੇ ਪ੍ਰਧਾਨ ਸੋਭਾ ਰਾਮ, ਵਾਇਸ ਪ੍ਰਧਾਨ ਮਹੀਪਾਲ, ਠੇਕੇਦਾਰ ਰਾਹੀਂ ਕੰਮ ਕਰਦੇ ਸਫਾਈ ਮਜ਼ਦੂਰਾਂ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਸੁਭਰਾਮਨੀਅਮ  ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ਇਹ ਫੈਸਲੇ ਅਨੇਕਾਂ ਵਾਰ ਨਗਰ ਨਿਗਮ ਨਾਲ ਮੀਟਿੰਗਾਂ ਵਿੱਚ ਹੋ ਚੁੱਕੇ ਹਨ ਕਿ ਠੇਕੇਦਾਰ ਕੰਪਨੀਆਂ ਨੂੰ ਬਾਹਰ ਕੱਢ ਕੇ ਸਫਾਈ ਕਾਮਿਆਂ ਅਤੇ ਹੋਰ ਮੁਲਾਜ਼ਮਾਂ ਨੂੰ ਨਗਰ ਨਿਗਮ ਅਧੀਨ ਛੇਤੀ ਕੀਤਾ ਜਾਵੇਗਾ| ਇਸ ਸਬੰਧੀ ਪੰਜਾਬ ਸਰਕਾਰ ਦੇ ਫੈਸਲੇ ਵੀ ਨਗਰ ਨਿਗਮ ਨੂੰ ਦਿੱਤੇ ਗਏ ਜਿਵੇਂ ਕਿ 30 ਅਪਰੈਲ 2016 ਕੈਬਨਿਟ ਦਾ ਫੈਸਲਾ, 7 ਨਵੰਬਰ 2016 ਅਤੇ ਵਿਧਾਨ ਸਭਾ ਵੱਲੋਂ 19 ਦਸੰਬਰ 2016 ਨੂੰ ਪਾਸ ਕੀਤਾ ਕਰਮਚਾਰੀ ਵੈਲਫੇਅਰ ਐਕਟ ਨਗਰ ਨਿਗਮ ਨੂੰ ਦਿੱਤਾ ਗਿਆ ਸੀ| ਇਨ੍ਹਾਂ ਵਿਚੋਂ ਕੋਈ ਵੀ ਫੈਸਲਾ ਨਗਰ ਨਿਗਮ ਨੇ ਲਾਗੂ ਨਹੀਂ ਕੀਤਾ ਜਿਸ ਕਰਕੇ ਕਰਮਚਾਰੀਆਂ ਵਿੱਚ ਵੱਡਾ ਰੋਸ ਹੈ| ਆਗੂਆਂ ਨੇ ਰੈਲੀ ਵਿੱਚ ਐਲਾਨ ਕੀਤਾ ਕਿ 3 ਮਈ ਨੂੰ ਦੁਬਾਰੇ ਫਿਰ ਦਫਤਰ ਸਾਹਮਣੇ ਚਿਤਾਵਨੀ ਰੈਲੀ ਕੀਤੀ ਜਾਵੇਗੀ ਅਤੇ ਇੱਕ ਹਫਤੇ ਬਾਅਦ ਜੇ ਫਿਰ ਵੀ ਨਗਰ ਨਿਗਮ ਨੇ ਹੋਏ ਫੈਸਲੇ ਲਾਗੂ ਨਾ ਕੀਤੇ ਤਾਂ ਇੱਕ ਹਫਤੇ ਬਾਅਦ ਅਣਮਿੱਥੇ ਸਮੇਂ ਦੀ ਹੜਤਾਲ ਕਰ ਦਿੱਤੀ ਜਾਵੇਗੀ|

Leave a Reply

Your email address will not be published. Required fields are marked *