ਸਫਾਈ ਮਜ਼ਦੂਰਾਂ ਨੇ ਸੜਕ ਜਾਮ ਕਰਕੇ ਫੂਕਿਆ ਮੋਦੀ ਅਤੇ ਯੋਗੀ ਦਾ ਪੁਤਲਾ ਹਾਥਰਸ ਦੀ ਪੀੜਿਤਾ ਦੇ ਹੱਕ ਵਿੱਚ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ

ਐਸ ਏ ਐਸ ਨਗਰ, 5 ਅਕਤੂਬਰ (ਸ.ਬ.) 14 ਸਤੰਬਰ ਨੂੰ ਯੂ.ਪੀ. ਦੇ ਜਿਲ੍ਹਾ ਹਾਥਰਸ ਵਿਖੇ ਦਲਿਤ ਭਾਈਚਾਰੇ ਦੀ ਲੜਕੀ ਦੇ ਨਾਲ 4 ਵਹਿਸ਼ੀ ਦਰਿੰਦਿਆਂ ਵੱਲੋਂ ਗੈਂਗਰੇਪ ਕਰਨ ਉਪਰੰਤ ਕਤਲ ਕਰਨ ਦੇ ਵਿਰੋਧ ਵਿੱਚ ਅਤੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਸਮੂਹ ਭਾਰਤ ਵਿੱਚ ਚੱਲ ਰਹੇ ਰੋਸ ਪ੍ਰਦਰਸ਼ਨ ਦੀ ਕੜੀ ਵਿੱਚ ਅੱਜ ਇੱਥੇ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਅਗਵਾਈ ਵਿੱਚ ਸਮੂਹ ਸਫਾਈ ਕਾਮਿਆਂ, ਗਾਰਬੇਜ਼ ਕੁਲੈਕਟਰਾਂ ਅਤੇ ਵਾਲਮੀਕਿ ਸਮਾਜ ਵੱਲੋਂ ਸਫਾਈ ਦਾ ਕੰਮ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ|
ਇਹ ਰੋਸ ਮਾਰਚ ਫੇਜ਼-9 ਤੋਂ ਸ਼ੁਰੂ ਹੋ ਕੇ ਪੈਦਲ ਮਾਰਚ ਕਰਦੇ ਹੋਏ ਫੇਜ਼-7 ਦੀਆਂ ਲਾਇਟਾਂ ਤੇ ਪੁੱਜਾ ਅਤੇ ਉੱਥੇ ਕੇਂਦਰ ਦੀ ਮੋਦੀ ਸਰਕਾਰ ਅਤੇ ਯੂ.ਪੀ. ਦੀ ਯੋਗੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ| ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਮਨੀਸ਼ਾ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦਿਵਾਈ ਜਾਵੇ, ਪੀੜਤ ਪਰਿਵਾਰ ਦੀ ਮੰਗ ਅਨੁਸਾਰ ਮਨੀਸ਼ਾ ਕੇਸ ਦੀ ਜੂਡੀਸ਼ੀਅਲ ਜਾਂਚ ਕਰਵਾਈ ਜਾਵੇ ਅਤੇ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਪੀੜਤ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਹਾਥਰਸ ਦੇ ਡੀ.ਐਮ. ਤੁਰੰਤ ਬਰਖਾਸਤ ਕੀਤਾ ਜਾਵੇ| ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸਾਥੀ ਸੱਜਨ ਸਿੰਘ, ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ, ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੋਭਾ ਰਾਮ, ਡੋਰ-ਟੂ-ਡੋਰ ਗਾਰਬੇਜ਼ ਕੁਲੈਕਟਰ ਕਮੇਟੀ ਦੇ ਪ੍ਰਧਾਨ ਰਾਜਨ ਚਵਰੀਆ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜਾ, ਅਨਿਲ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਆਗੂ ਸ਼ਾਮਲ ਹੋਏ| 
ਇਸ ਦੌਰਾਨ ਮੁਹਾਲੀ ਪ੍ਰਸ਼ਾਸ਼ਨ ਵੱਲੋਂ ਤਹਿਸੀਲਦਾਰ ਮੈਡਮ ਸੁਖਪਿੰਦਰ ਕੌਰ ਨੇ ਰੈਲੀ ਵਿੱਚ ਪਹੁੰਚ ਕੇ ਪ੍ਰਦਰਸ਼ਕਾਰੀਆਂ ਤੋਂ ਮੰਗ ਪੱਤਰ ਹਾਸਿਲ ਕੀਤਾ| ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ               ਜੇਕਰ ਤੁਰੰਤ ਹੀ ਮਿਥੇ ਸਮੇਂ ਵਿੱਚ ਕਾਤਲਾਂ ਨੂੰ ਫਾਂਸੀ ਦੀ ਸਜਾ ਨਾ ਦਿੱਤੀ ਗਈ ਤਾਂ ਸਮੂਹ ਹਿੰਦੋਸਤਾਨ ਪੱਧਰ ਤੇ ਪੰਜਾਬ ਸਮੇਤ ਸਫਾਈ ਦਾ ਕੰਮ ਬੰਦ ਕਰਕੇ ਹੜਤਾਲ ਕਰਕੇ ਸਮੂਹ ਵਾਲਮੀਕਿ ਸਮਾਜ ਵੱਲੋਂ ਸੜਕਾਂ ਤੇ ਉਤਰਿਆ ਜਾਵੇਗਾ ਜਿਸ ਦੀ              ਜਿੰਮੇਵਾਰੀ ਕੇਂਦਰ ਸਰਕਾਰ ਦੀ                   ਹੋਵੇਗੀ|

Leave a Reply

Your email address will not be published. Required fields are marked *