ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਅਰਥੀ ਫੂਕ ਮੁਜਾਹਰਾ

ਐਸ.ਏ.ਐਸ. ਨਗਰ, 14 ਅਗਸਤ (ਸ.ਬ.) ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਫੇਜ਼-6 ਮੁਹਾਲੀ ਵਿਖੇ ਬੈਰੀਅਰ ਤੇ ਸਰਕਾਰ ਦੇ ਖਿਲਾਫ ਰੋਸ ਮਾਰਚ ਕਰਕੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ| 
ਇਸ ਮੌਕੇ ਮੁਲਾਜਮ ਆਗੂਆਂ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਸਰਕਾਰ ਦੇ ਖਿਲਾਫ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ| ਉਹਨਾਂ ਕਿਹਾ ਕਿ 15 ਅਗਸਤ ਦਾ ਝੰਡਾ ਲਹਿਰਾਉਣ ਆ ਰਹੇ ਮੰਤਰੀਆਂ ਨੂੰ ਝੰਡਾ ਲਹਿਰਾਉਣ ਦਾ ਅਧਿਕਾਰ ਨਹੀਂ ਰਿਹਾ ਕਿਉਂਕਿ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਤੇ ਗੁਲਾਮੀ ਦਾ ਯੁੱਗ ਲਾਗੂ ਕਰ ਦਿੱਤਾ ਗਿਆ ਹੈ| ਉਹਨਾਂ ਕਿਹਾ ਕਿ  ਲੰਮੇ ਸਮੇਂ ਤੋਂ ਸਫਾਈ ਕਾਮਿਆਂ ਨੂੰ ਥੋੜ੍ਹੀਆਂ-ਥੋੜ੍ਹੀਆਂ ਤਨਖਾਹਾਂ ਤੇ ਠੇਕੇ ਤੇ ਰੱਖਿਆ ਹੋਇਆ ਹੈ ਜਦੋਂ ਕਿ ਉਪਰਲੀ ਅਫਸਰਸ਼ਾਹੀ ਨੂੰ ਲੱਖਾਂ ਰੁਪਏ ਪ੍ਰਤੀ ਮਹੀਨਾ ਦਿੱਤੇ ਜਾ ਰਹੇ ਹਨ|
ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਮੁੱਖ ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਮੁਲਾਜ਼ਮ ਵਿਰੋਧੀ ਫੈਸਲਿਆਂ ਨੂੰ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ ਵਿਰੋਧੀ ਨੀਤੀਆਂ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ| ਆਗੂਆਂ ਨੇ ਦੱਸਿਆ ਕਿ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਕਿਰਤ ਮੰਤਰੀ ਅਤੇ ਲੇਬਰ ਵਿਭਾਗ ਨਾਲ ਮੀਟਿੰਗਾਂ ਕਰਕੇ ਸਫਾਈ ਮਜ਼ਦੂਰਾਂ ਉੱਤੇ (ਗਰੁੱਪ-ਡੀ) ਵਾਲੀ ਤਨਖਾਹ 9576/- ਰੁਪਏ ਪ੍ਰਤੀ ਮਹੀਨੇ ਦਾ ਨੋਟੀਫਿਕੇਸ਼ਨ ਜਾਰੀ ਕਰਵਾਇਆ ਸੀ ਅਤੇ ਇਹ ਨੋਟੀਫਿਕੇਸ਼ਨ ਜਾਰੀ ਹੋਏ ਨੂੰ ਕਰੀਬ 8 ਮਹੀਨੇ ਹੋ ਗਏ ਹਨ ਪਰੰਤੂ ਅੱਜ ਤੱਕ ਇਨ੍ਹਾਂ ਦੀ ਅਦਾਇਗੀ ਨਹੀਂ ਕੀਤੀ ਗਈ|
ਅੱਜ ਦੀ ਇਸ ਰੈਲੀ ਨੂੰ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸੱਜਨ ਸਿੰਘ, ਪੰਜਾਬ ਸਫਾਈ ਮਜ਼ਦੂਰ           ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ ਸਮੇਤ ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਡੋਰ-ਟੂ-ਡੋਰ ਗਾਰਬੇਜ਼ ਕੁਲੈਕਟਰਾਂ ਦੇ ਪ੍ਰਧਾਨ ਰਾਜਨ ਚਵੱਰੀਆ, ਜੀਰਕਪੁਰ ਤੋਂ ਸ਼ਮਸ਼ੇਰ ਸਿੰਘ, ਰਾਜੇਸ਼ ਤੁਸਾਂਬੜ, ਡੇਰਾਬਸੀ ਤੋਂ ਟੋਨੀ ਬੋਹਤ ਅਤੇ ਚੰਦਨ ਸਿੰਘ, ਕ੍ਰਿਸ਼ਨ ਪ੍ਰਸ਼ਾਦ ਆਦਿ ਨੇ ਸੰਬੋਧਨ ਕੀਤਾ|

Leave a Reply

Your email address will not be published. Required fields are marked *