ਸਫਾਈ ਮਜ਼ਦੂਰਾਂ ਅਤੇ ਕਲਾਸ-4 ਯੂਨੀਅਨ ਵਲੋਂ ਅਰਥੀ ਫੂਕ ਮੁਜਾਹਰਾ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਐਸ.ਏ.ਐਸ. ਨਗਰ 25 ਜਨਵਰੀ (ਸ.ਬ) ਸਫਾਈ ਮਜ਼ਦੂਰ ਅਤੇ ਕਲਾਸ-4 ਯੂਨੀਅਨ ਵੱਲੋਂ ਫੇਜ਼-7 ਵਿਖੇ ਪੰਜਾਬ ਦੇ ਮੁਲਾਜ਼ਮਾਂ ਅਤੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ ਅਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ।
ਇਸ ਸੰਬੰਧੀ ਦਰਜਾ ਚਾਰ ਕਰਮਚਾਰੀਆਂ ਵਲੋਂ ਫੇਜ਼ 8 ਵਿੱਚ ਰੈਲੀ ਕੀਤੀ ਗਈ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਚੁੱਕ ਕੇ ਮੁਹਾਲੀ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਮੁਜਾਹਰੇ ਦੀ ਸਮਾਪਤੀ ਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ।
ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਸੱਜਨ ਸਿੰਘ, ਚੰਦਨ ਸਿੰਘ, ਮੋਹਣ ਸਿੰਘ, ਪਵਨ ਗੋਡਯਾਲ, ਸੋਭਾ ਰਾਮ, ਰਾਜਨ ਚਵੱਰੀਆ, ਜੈਪਾਲ, ਮੋਨੂੰ ਕੁਮਾਰ, ਸ਼ਮਸ਼ੇਰ ਸਿੰਘ, ਬਲਕੇਸ਼ ਕੁਮਾਰ, ਰਜਿੰਦਰ ਕੁਮਾਰ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀ ਵਿਰੋਧੀ ਸਰਕਾਰ ਹੈ। ਬੁਲਾਰਿਆਂ ਨੇ ਕਿਸਾਨਾਂ ਦੇ ਸੰਘਰਸ਼ ਦੀ ਜ਼ੋਰਦਾਰ ਤਰੀਕੇ ਨਾਲ ਹਮਾਇਤ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਅਤੇ ਪੰਜਾਬ ਸਰਕਾਰ ਦੀ ਮੁਲਾਜ਼ਮ ਮੰਗਾਂ ਪ੍ਰਤੀ ਮਾੜੇ ਰਵੱਈਏ ਦੀ ਸਖਤ ਅਲੋਚਨਾ ਕਰਦਿਆਂ ਅਗਲੇ ਆਉਣ ਵਾਲੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਰੈਲੀ ਵਿੱਚ ਵਿਸ਼ੇਸ਼ ਕਰਕੇ ਚੰਡੀਗੜ੍ਹ ਨਗਰ ਨਿਗਮ ਵੱਲੋਂ ਘਰ ਘਰ ਤੋਂ ਕੂੜਾ ਚੁੱਕਣ ਵਾਲੇ ਮਜ਼ਦੂਰਾਂ ਦਾ ਜੋ ਕੰਮ ਖੋਹਿਆ ਗਿਆ, ਦੀ ਜ਼ੋਰਦਾਰ ਨਿਖੇਧੀ ਕੀਤੀ ਗਈ।
ਮੁਲਾਜ਼ਮ ਆਗੂ ਸੱਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਅਤੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ 27 ਤੋਂ ਲੈ ਕੇ 31 ਜਨਵਰੀ ਤੱਕ ਜਿਲ੍ਹਾ ਪੱਧਰ ਤੇ ਸਾਂਝੇ ਤੌਰ ਤੇ ਰੋਸ ਰੈਲੀਆਂ ਕਰਨਗੇ ਅਤੇ 12 ਫਰਵਰੀ ਨੂੰ ਮੁਹਾਲੀ ਦੇ ਫੇਜ਼ 8 ਵਿਖੇ ਪੰਜਾਬ ਪੱਧਰ ਦੀ ਵਿਸ਼ਾਲ ਰੈਲੀ ਕੀਤੀ ਜਾਵੇਗੀ।