‘ਸਬਮਿਸ਼ਨ ਆਫ਼ ਐਗਰੋ ਫਾਰੈਸਟਰੀ’ ਤਹਿਤ ਜ਼ਿਲ੍ਹੇ ਵਿੱਚ ਕਿਸਾਨਾਂ ਨੇ 1,22,784 ਬੂਟੇ ਲਾਏ

ਐਸ.ਏ.ਐਸ. ਨਗਰ, 7 ਜੂਨ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਬਮਿਸ਼ਨ ਆਫ਼ ਐਗਰੋਫਾਰੇਸਟਰੀ ਤਹਿਤ ਕਿਸਾਨਾਂ ਨੇ 1,22,784 ਬੂਟੇ ਲਾਏ ਹਨ ਅਤੇ ਇਨ੍ਹਾਂ ਕਿਸਾਨਾਂ ਨੂੰ ਬੂਟੇ ਲਾਉਣ ਲਈ ਸਬਸਿਡੀ ਵੀ ਦਿੱਤੀ ਗਈ ਹੈ| ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਗਲੇ ਤਿੰਨ ਸਾਲਾਂ ਵਿੱਚ ਐਸ.ਏ.ਐਸ.ਨਗਰ ਹਰਿਆਲੀ ਮਿਸ਼ਨ ਤਹਿਤ 1 ਕਰੋੜ ਬੁਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਤੇ ਇਸ ਸਾਲ 20 ਲੱਖ ਬੂਟੇ ਲਾਏ ਜਾਣਗੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੁੱਲਾਂਪੁਰ ਸਥਿਤ ਵਣ ਵਿਭਾਗ ਦੀ ਨਰਸਰੀ ਤੋਂ ਚੰਦਨ ਦੇ ਬੂਟੇ ਵੀ ਮੁਹੱਈਆ ਕਰਵਾਏ ਜਾ ਰਹੇ ਹਨ| ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਪੰਜਾਬ ਦੇ ਰਵਾਇਤੀ ਬੂਟੇ ਲਾਉਣ ਤੇ ਜ਼ੋਰ ਦਿੱਤਾ ਜਾਵੇਗਾ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੁ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਐਸ.ਏ.ਐਸ.ਨਗਰ ਹਰਿਆਲੀ ਮਿਸ਼ਨ ਦੀ ਸ਼ੁਰੂਆਤ ਵੀ ਕੀਤੀ ਹੈ| ਉਨ੍ਹਾਂ ਦੱਸਿਆ ਕਿ ਐਸ.ਏ.ਐਸ.ਨਗਰ ਜ਼ਿਲ੍ਹੇ ਦਾ ਵਣਾਂ ਹੇਠ ਕੁੱਲ ਰਕਬਾ 10.75 ਫੀਸਦੀ ਹੈ ਅਤੇ ਕੁਦਰਤੀ ਵਣ ਰਕਬੇ ਦਾ ਤਕਰੀਬਨ 10 ਹਜ਼ਾਰ ਹੈਕਟੇਅਰ ਰਕਬਾ ਪਹਾੜੀ ਹੈ| ਉਨ੍ਹਾਂ ਦੱਸਿਆ ਕਿ ਹਰਿਆਲੀ ਮਿਸ਼ਨ ਤਹਿਤ ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ, 464 ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ, ਹਸਪਤਾਲਾਂ, ਸਰਕਾਰੀ ਅਦਾਰਿਆਂ, 10 ਹਜ਼ਾਰ ਹੈਕਟੇਅਰ ਪੀ.ਐਲ.ਪੀ.ਏ. ਰਕਬੇ, 2787 ਹੈਕਟੇਅਰ ਜੰਗਲਾਤ ਖੇਤਰ ਅਤੇ 1200 ਕਿਲੋਮੀਟਰ ਲੰਮੀਆਂ ਜ਼ਿਲ੍ਹੇ ਦੀਆਂ ਸੜਕਾਂ ਆਦਿ ਤੇ ਢੁੱਕਵੀਆਂ ਥਾਵਾਂ ਤੇ ਬੂਟੇ ਲਾਏ ਜਾਣਗੇ| ਉਨ੍ਹਾਂ ਦੱਸਿਆ ਕਿ ਐਸ. ਏ.ਐਸ. ਨਗਰ ਹਰਿਆਲੀ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਇੱਕ ਨਾਗਰਿਕ ਨੂੰ 2 ਤੋਂ 5 ਬੂਟੇ ਲਾਉਣ ਲਈ ਪ੍ਰੇਰਿਆ ਜਾਵੇਗਾ ਤੇ ਬੂਟਿਆਂ ਦੀਆਂ ਸਥਾਨਕ ਕਿਸਮਾਂ ਲਾਉਣ ਨੂੰ ਤਰਜੀਹ ਦਿੱਤੀ ਜਾਵੇਗੀ|
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਭਬਾਤ, ਪੀਰਮੁਛੱਲਾ ਅਤੇ ਸਿਸਵਾਂ ਵਿਖੇ ਵਣ ਜਾਗਰੂਕਤਾ ਪਾਰਕ ਬਣਾਏ ਗਏ ਹਨ ਤਾਂ ਜੋ ਆਮ ਲੋਕ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਾਉਣ ਲਈ ਉਤਸ਼ਾਹਤ ਹੋ ਸਕਣ| ਇਸ ਤੋਂ ਇਲਾਵਾ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਿਸਵਾਂ ‘ਨੇਚਰ ਟਰੇਲ’ ਵੀ ਬਣਾਈ ਗਈ ਹੈ| ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਖਰੜ, ਸੋਤਲ, ਮੁੱਲਾਂਪੁਰ ਗ਼ਰੀਬਦਾਸ, ਸੁਲਤਾਨਪੁਰ, ਸਿਉਂਕ, ਪੀਰਸੋਹਾਣਾ, ਸ਼ਾਮਪੁਰ ਅਤੇ ਪਲਣਪੁਰ ਵਿਖੇ ਵਣ ਵਿਭਾਗ ਦੀਆਂ ਨਰਸਰੀਆਂ ਹਨ, ਜਿੱਥੋਂ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਵੱਖ ਵੱਖ ਕਿਸਮ ਦੇ ਬੂਟੇ ਦਿੱਤੇ ਜਾਂਦੇ ਹਨ| ਇਨ੍ਹਾਂ ਬੂਟਿਆਂ ਵਿੱਚ ਫ਼ਲ ਅਤੇ ਫੁਲਦਾਰ ਬੂਟਿਆਂ ਦੇ ਨਾਲ ਨਾਲ ਪੰਜਾਬ ਦੇ ਰਿਵਾਇਤੀ ਬੂਟੇ ਮੁਫ਼ਤ ਦਿੱਤੇ ਜਾਂਦੇ ਹਨ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਮੁਫ਼ਤ ਬੂਟੇ ਸਪਲਾਈ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਸਾਂਭ ਸੰਭਾਲ ਸਬੰਧੀ ਵੀ ਵਣ ਵਿਭਾਗ ਵੱਲੋਂ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ| ਉਨ੍ਹਾਂ ਦੱਸਿਆ ਕਿ ਵਣ ਵਿਭਾਗ ਵੱਲੋਂ ਐਪ ‘ਆਈ-ਹਰਿਆਲੀ’ ਵੀ ਤਿਆਰ ਕੀਤੀ ਗਈ ਹੈ, ਜਿਸ ਰਾਹੀਂ ਲੋਕ ਬੂਟੇ ਪ੍ਰਾਪਤ ਕਰ ਸਕਦੇ ਹਨ|

Leave a Reply

Your email address will not be published. Required fields are marked *