ਸਬੂਤ ਮੰਗ ਕੇ ਰੇਪ ਪੀੜਤਾ ਨੂੰ ਪ੍ਰੇਸ਼ਾਨ ਨਾ ਕਰਨ ਅਦਾਲਤਾਂ : ਸੁਪਰੀਮ ਕੋਰਟ

ਨਵੀਂ ਦਿੱਲੀ, 23 ਦਸੰਬਰ (ਸ.ਬ.) ਬਲਾਤਕਾਰ ਪੀੜਤਾ ਤੋਂ ਉਸ ਦੇ ਦੋਸ਼ਾਂ ਦੀ ਪੁਸ਼ਟੀ ਕਰਨ ਨੂੰ ਕਹਿਣਾ, ਉਸ ਦੀ ਤਕਲੀਫ ਦਾ ਅਪਮਾਨ ਕਰਨਾ ਹੈ| ਬਲਾਤਕਾਰ ਪੀੜਤਾ ਦਾ ਬਿਆਨ ਜੇਕਰ ਭਰੋਸੇਯੋਗ ਹੈ ਤਾਂ ਆਪਣੇ ਦੋਸ਼ਾਂ ਨੂੰ ਸਾਬਿਤ ਕਰਨ ਲਈ ਸਬੂਤ ਮੰਗ ਕੇ ਅਦਾਲਤਾਂ ਉਸ ਨੂੰ ਪ੍ਰੇਸ਼ਾਨ ਨਾ ਕਰਨ| ਇਹ ਨਿਰਦੇਸ਼ ਸੁਪਰੀਮ ਕੋਰਟ ਨੇ ਦਿੱਤਾ| ਜਸਟਿਸ ਏ.ਕੇ. ਸਿਕਰੀ ਅਤੇ ਏ.ਐਮ. ਸਾਪਰੇ ਦੀ ਬੈਂਚ ਨੇ ਕਿਹਾ ਕਿ ਬਲਾਤਕਾਰ ਪੀੜਤਾ ਦਾ ਬਿਆਨ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਸਿਰਫ ਉਸ ਦੇ ਬਿਆਨ ਦੇ ਆਧਾਰ ਤੇ ਹੀ ਦੋਸ਼ੀ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ| ਜੱਜਾਂ ਨੇ ਕਿਹਾ ਕਿ ਅਦਾਲਤ ਬੇਹੱਦ ਚੁਨਿੰਦਾ ਮਾਮਲਿਆਂ ਵਿੱਚ ਪੀੜਤਾ ਤੋਂ ਉਸ ਦੇ ਬਿਆਨ ਦੀ ਪੁਸ਼ਟੀ ਕਰਨ ਵਾਲੇ ਹੋਰ ਸਬੂਤਾਂ ਦੀ ਮੰਗ ਕਰ ਸਕਦੇ ਹਨ|
ਜੱਜਾਂ ਨੇ ਇਹ ਵੀ ਕਿਹਾ ਕਿ ਜਦੋਂ ਵੀ ਅਦਾਲਤ ਪੀੜਤਾ ਤੋਂ ਅਜਿਹਾ ਸਬੂਤ ਪੇਸ਼ ਕਰਨ ਦੀ ਮੰਗ ਕਰੇ, ਉਦੋਂ ਅਦਾਲਤ ਕੋਲ ਇਸ ਲਈ ਠੋਸ ਕਾਰਨ ਹੋਣੇ ਚਾਹੀਦੇ ਹਨ| ਜਸਟਿਸ ਸਿਕਰੀ ਨੇ ਇਹ ਫੈਸਲਾ ਲਿਖਦੇ ਹੋਏ ਕਿਹਾ ਕਿ ਆਪਣੇ ਨਾਲ ਬਲਾਤਕਾਰ ਹੋਣ ਦੀ ਸ਼ਿਕਾਇਤ ਕਰਨ ਵਾਲੀ ਔਰਤ ਜਾਂ ਲੜਕੀ ਨੂੰ ਸ਼ੱਕ, ਅਵਿਸ਼ਵਾਸ ਅਤੇ ਸ਼ੱਕ ਦੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ| ਜੇਕਰ ਅਦਾਲਤ ਨੂੰ ਪੀੜਤਾ ਦਾ ਬਿਆਨ ਸਵੀਕਾਰ ਕਰਨ ਲਾਇਕ ਨਾ ਲੱਗੇ ਤਾਂ ਉਸ ਸਥਿਤੀ ਵਿੱਚ ਕੋਰਟ ਉਸ ਨੂੰ ਉਸ ਦੇ ਦੋਸ਼ਾਂ ਦੀ ਪੁਸ਼ਟੀ ਲਈ ਕੁਝ ਹੋਰ ਸਬੂਤ ਪੇਸ਼ ਕਰਨ ਲਈ ਕਹਿ ਸਕਦੇ ਹਨ|
ਕੋਰਟ ਵੱਲੋਂ ਪੀੜਤਾ ਤੇ ਸਬੂਤ ਦੇਣ ਦਾ ਜ਼ੋਰ ਦੇਣਾ ਉਸ ਨਾਲ ਅਪਰਾਧੀ ਦੇ ਤਰ੍ਹਾਂ ਵਤੀਰਾ ਕਰਨਾ ਹੈ ਅਤੇ ਇਹ ਉਸ ਦਾ ਅਪਮਾਨ ਹੈ| ਅਦਾਲਤ ਨੇ ਇਹ ਫੈਸਲਾ ਇਕ ਨੌਜਵਾਨ ਵੱਲੋਂ ਆਪਣੀ 9 ਸਾਲ ਦੀ ਭਾਣਜੀ ਨਾਲ ਕੀਤੇ ਗਏ ਬਲਾਤਕਾਰ ਦੇ ਮਾਮਲੇ ਵਿੱਚ ਸੁਣਾਇਆ| ਕੋਰਟ ਨੇ ਦੋਸ਼ੀ ਨੂੰ 12 ਸਾਲ ਦੀ ਜੇਲ ਦੀ ਸਜ਼ਾ ਸੁਣਾਈ| ਸੁਪਰੀਮ ਕੋਰਟ ਨੇ ਇਸ ਸੰਬੰਧ ਵਿੱਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਉਸ ਫੈਸਲੇ ਨੂੰ ਵੀ ਰੱਦ ਕਰ ਦਿੱਤਾ, ਜਿਸ ਦੇ ਅਧੀਨ ਹਾਈ ਕੋਰਟ ਨੇ ਮਾਂ ਅਤੇ ਬੇਟੀ ਦੇ ਬਿਆਨਾਂ ਵਿੱਚ ਹਲਕਾ ਅੰਤਰ ਹੋਣ ਕਾਰਨ ਦੋਸ਼ੀ ਨੂੰ ਬਰੀ ਕਰ ਦਿੱਤਾ ਸੀ|

Leave a Reply

Your email address will not be published. Required fields are marked *