ਸਮਰਾਲਾ ਦੇ ਵਸਨੀਕ ਨੇ ਟ੍ਰੈਵਲ ਏਜੰਟ ਖਿਲਾਫ ਪੁਲੀਸ ਨੂੰ ਦਿੱਤੀ ਸ਼ਿਕਾਇਤ

ਸਮਰਾਲਾ ਦੇ ਵਸਨੀਕ ਨੇ ਟ੍ਰੈਵਲ ਏਜੰਟ ਖਿਲਾਫ ਪੁਲੀਸ ਨੂੰ ਦਿੱਤੀ ਸ਼ਿਕਾਇਤ
ਕੈਨੇਡਾ ਦਾ ਸਕੂਲਿੰਗ ਵੀਜਾ ਲਗਾਉਣ ਦੇ ਨਾਮ ਤੇ ਠੱਗੀ ਕਰਨ ਦਾ ਇਲਜਾਮ ਲਗਾਇਆ, ਟ੍ਰੈਵਲ ਏਜਟ ਨੇ ਦੋਸ਼ ਨਕਾਰੇ
ਐਸ.ਏ.ਐਸ.ਨਗਰ, 22 ਦਸੰਬਰ (ਸ.ਬ.) ਸਮਰਾਲਾ ਦੇ ਵਾਰਡ ਨੰਬਰ 4 ਦੇ ਇੱਕ ਵਸਨੀਕ ਗੁਰਮੀਤ ਸਿੰਘ ਨੇ ਫੇਜ਼ 11 ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੀ ਬਲੂ ਸਟਾਰ ਇਮੀਗ੍ਰੇਸ਼ਨ ਸਰਵਿਸ ਪ੍ਰਾਈਵੇਟ ਲਿਮਟਿਡ ਨਾਮ ਦੀ ਕੰਪਨੀ ਤੇ ਉਸਦੇ ਬੱਚੇ ਨੂੰ ਸਕੂਲਿੰਗ ਵੀਜਾ ਤੇ ਕਨੇਡਾ ਭੇਣ ਦਾ ਲਾਰਾ ਲਗਾ ਕੇ ਉਸ ਨਾਲ ਠੱਗੀ ਕਰਨ ਦਾ ਇਲਜਾਮ ਲਗਾਇਆ ਹੈ| ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਕੰਪਨੀ ਵਾਲਿਆਂ ਨੇ ਉਸਦੀ ਮਾਲੀ ਹਾਲਤ ਦੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਵੀ ਉਸਤੋਂ ਆਪਣੀ ਕੰਸਲਟੇਸ਼ਨ ਫੀਸ ਦੇ ਨਾਮ ਤੇ 25 ਹਜਾਰ ਅਤੇ ਕੈਨੇਡਾ ਦੇ ਸਕੂਲ ਤੋਂ ਆਫਰ ਲੈਟਰ ਮੰਗਾਉਣ ਦੇ ਨਾਮ ਤੇ 12500 ਰੁਪਏ ਲੈ ਲਏ ਪਰੰਤੂ ਬਾਅਦ ਵਿੱਚ ਕਨੇਡਾ ਅੰਬੈਸੀ ਵਲੋਂ ਉਸਨੂੰ ਵੀਜਾ ਦੇਣ ਤੋਂ ਨਾਂਹ ਕਰ ਦਿੱਤੀ ਗਈ ਜਿਸ ਕਾਰਨ ਉਸਦਾ ਕਾਫੀ ਨੁਕਸਾਨ ਹੋ ਗਿਆ| ਸ੍ਰ. ਗੁਰਮੀਤ ਸਿੰਘ ਅਨੁਸਾਰ ਉਸਨੂੰ ਕੰਪਨੀ ਵਲੋਂ ਸਬਜ ਬਾਗ ਵਿਖਾਏ ਗਏ ਸੀ ਕਿ ਉਸਦੇ ਬੱਚੇ ਨੂੰ ਸਕੂਲਿੰਗ ਵੀਜਾ ਦਿਵਾਉਣ ਦੇ ਨਾਲ ਨਾਲ ਉਸਨੂੰ ਅਤੇ ਉਸਦੀ ਪਤਨੀ ਨੂੰ ਵੀ ਵੀਜਾ ਮਿਲ ਜਾਵੇਗਾ| ਉਸਨੇ ਦੱਸਿਆ ਕਿ ਉਸਨੇ ਕੰਪਨੀ ਵਾਲਿਆਂ ਨੂੰ ਵੀ ਦੱਸਿਆ ਸੀ ਕਿ ਉਹ ਕੋਈ ਜਿਆਦਾ ਅਮੀਰ ਆਦਮੀ ਨਹੀਂ ਹੈ ਅਤੇ ਉਸ ਕੋਲ ਥੋੜ੍ਹੀ ਜਮੀਨ ਜਰੂਰ ਹੈ ਪਰੰਤੂ ਕੰਪਨੀ ਵਾਲਿਆਂ ਨੇ ਉਸਨੂੰ ਵੀਜਾ ਲਗਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਉਸਦੀ ਫਾਈਲ ਤਿਆਰ ਕਰਕੇ ਉਸਨੂੰ ਵੀਜਾ ਦਫਤਰ ਵਿੱਚ ਜਮ੍ਹਾਂ ਕਰਵਾਉਣ ਲਈ ਦਿੱਤੀ ਸੀ ਪਰੰਤੂ ਹੁਣ ਕੈਨੇਡਾ ਅੰਬੈਸੀ ਨੇ ਉਸਦੀ ਵੀਜਾ ਅਰਜੀ ਰੱਦ ਕਰ ਦਿੱਤੀ ਹੈ| ਉਸਨੇ ਪੁਲੀਸ ਨੂੰ ਦਿੱਤੀ ਅਰਜੀ ਵਿੱਚ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਦੂਜੇ ਪਾਸੇ ਇੰਮੀਗ੍ਰੇਸ਼ਨ ਕੰਪਨੀ ਬਲੂ ਸਟਾਰ ਦੇ ਦਫਤਰ ਵਿੱਚ ਸੰਪਰਕ ਕਰਨ ਤੇ ਦੱਸਿਆ ਗਿਆ ਕਿ ਕੰਪਨੀ ਦੇ ਮੁਖੀ ਬਾਹਰ ਗਏ ਹੋਏ ਹਨ| ਦਫਤਰ ਵਿੱਚ ਮੌਜੂਦ ਕਰਮਚਾਰੀ ਨੇ ਦੱਸਿਆ ਕਿ ਗੁਰਮੀਤ ਸਿੰਘ ਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਸਦੀ ਮਾਲੀ ਹਾਲਤ ਵਿੱਚ ਕਮਜੋਰੀ ਹੈ ਪੰਤੂ ਉਸਨੇ ਖੁਦ ਹੀ ਆਪਣੀ ਵਿੱਤੀ ਰਿਪੋਰਟ ਤਿਆਰ ਕਰਨ ਦੀ ਗੱਲ ਕਰਦਿਆਂ ਸੀ ਏ ਤੋਂ ਆਪਣੀ ਰਿਪੋਰਟ ਤਿਆਰ ਕਰਵਾ ਕੇ ਦਿੱਤੀ ਸੀ| ਕੰਪਨੀ ਦੇ ਕਰਮਚਾਰੀ ਨੇ ਕਿਹਾ ਕਿ ਗੁਰਮੀਤ ਸਿੰਘ ਤੋਂ ਜਿਹੜੀ 25 ਹਜਾਰ ਰੁਪਏ ਦੀ ਰਕਮ ਲਈ ਗਈ ਸੀ ਉਸ ਵਿੱਚ ਬੱਚੇ ਦੇ ਮੈਡੀਕਲ, ਇਸ਼ੋਰੈਂਸ ਦੇ ਖਰਚੇ ਅਤੇ ਕੰਪਨੀ ਦੀ ਫੀਸ ਸ਼ਾਮਿਲ ਸੀ ਜਦੋਂਕਿ ਕੈਨੇਡਾ ਦੇ ਸਕੂਲ ਵਿੱਚ ਦਾਖਲੇ ਵਾਸਤੇ 250 ਡਾਲਰ ਦੀ ਫੀਸ ਵਜੋਂ 12,500 ਰੁਪਏ ਲਏ ਗਏ ਸਨ| ਉਹਨਾਂ ਕਿਹਾ ਕਿ ਹੁਣ ਜਦੋਂ ਕੈਨੇਡਾ ਦੂਤਾਵਾਸ ਨੇ ਵੀਜਾ ਰੱਦ ਕਰ ਦਿੱਤਾ ਹੈ ਤਾਂ ਗੁਰਮੀਤ ਸਿੰਘ ਵਲੋਂ ਕੰਪਨੀ ਨੂੰ ਧਮਕਾਉਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ ਅਤੇ ਇਸਤੋਂ ਪਹਿਲਾਂ ਵੀ ਉਸਨੇ ਸ਼ਰਾਬੀ ਹਾਲਤ ਵਿੱਚ (ਵਟਸ ਐਪਤੇ) ਕੰਪਨੀ ਦੀ ਕਰਮਚਾਰੀ ਨੂੰ ਧਮਕਾਇਆ ਸੀ ਜਿਸਦੀ ਸ਼ਿਕਾਇਤ ਕੰਪਨੀ ਵਲੋਂ ਸਥਾਨਕ ਪੁਲੀਸ ਨੂੰ ਕੀਤੀ ਗਈ ਹੈ|
ਇਸ ਸੰਬੰਧੀ ਸੰਪਰਕ ਕਰਨ ਤੇ ਥਾਣਾ ਫੇਜ਼ 11 ਦੇ ਮੁਖੀ ਸ੍ਰ. ਸੁਖਦੇਵ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਗੁਰਮੀਤ ਸਿੰਘ ਦੀ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਪੁਲੀਸ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *