ਸਮਾਂਬੱਧ ਮੁਕੰਮਲ ਕੀਤੇ ਜਾਣ ਜਲ ਸਪਲਾਈ ਦੇ ਸਾਰੇ ਪ੍ਰੋਜੈਕਟ : ਰਜ਼ੀਆ ਸੁਲਤਾਨਾ

ਚੰਡੀਗੜ, 22 ਜਨਵਰੀ (ਸ.ਬ.) ਪੰਜਾਬ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਪਿੰਡਾਂ ਨੂੰ ਸਾਫ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਚੱਲ ਰਹੇ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਅਧਿਕਾਰੀਆਂ ਨੂੰ ਪਾਣੀ ਦੀ ਕੁਆਲਿਟੀ ਦਾ ਪੱਧਰ ਉੱਚਾ ਚੁੱਕਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ।

ਉਹਨਾਂ ਕਿਹਾ ਕਿ ਪੀਣ ਵਾਲਾ ਸਾਫ ਪਾਣੀ ਮਨੁੱਖੀ ਜ਼ਿੰਦਗੀ ਦਾ ਆਧਾਰ ਹੈ ਅਤੇ ਲੋਕਾਂ ਦੀ ਸਿਹਤ ਨਾਲ ਜੁੜਿਆ ਮਸਲਾ ਹੈ, ਇਸ ਲਈ ਜਿੱਥੇ ਪਾਣੀ ਦੀ ਕੁਆਲਿਟੀ ਦਾ ਪੱਧਰ ਉੱਚਾ ਹੋਵੇ ਉੱਥੇ ਹੀ ਜਲ ਸਪਲਾਈ ਕਰਨ ਵਾਲੀਆਂ ਥਾਂਵਾਂ ਤੇ ਵੀ ਸਾਫ-ਸਫਾਈ ਨੂੰ ਤਵੱਜੋਂ ਦਿੱਤੀ ਜਾਵੇ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਭਰ ਵਿਚ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਹਨ ਉਨਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਕੇਂਦਰ ਸਰਕਾਰ, ਨਿਰਮਾਤਾ ਕੰਪਨੀਆਂ ਅਤੇ ਫੰਡ ਮੁਹੱਈਆ ਕਰਵਾਉਣ ਵਾਲੀਆਂ ਏਜੰਸੀਆਂ ਖਾਸ ਤੌਰ ਤੇ ਵਿਸ਼ਵ ਬੈਂਕ ਅਤੇ ਨਾਬਾਰਡ ਨਾਲ ਪੂਰਾ ਤਾਲਮੇਲ ਰੱਖਿਆ ਜਾਵੇ।

ਉਹਨਾਂ ਕਿਹਾ ਕਿ ਉਹ ਹੁਣ ਹਰ ਮਹੀਨੇ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਿਆ ਕਰਨਗੇ ਤਾਂ ਜੋ ਸਾਰੇ ਪ੍ਰੋਜੈਕਟਾਂ ਦੀ ਪ੍ਰਗਤੀ ਬਾਰੇ ਜਾਣਿਆਂ ਜਾ ਸਕੇ। ਇਸ ਮੌਕੇ ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਫਿਰੋਜ਼ਪੁਰ, ਫਾਜ਼ਿਲਕਾ ਅਤੇ ਅਬੋਹਰ ਦੇ ਇਲਾਕੇ ਵਿਚ ਸ਼ੁਰੂ ਹੋਣ ਵਾਲੇ ਨਹਿਰੀ ਪਾਣੀ ਆਧਾਰਿਤ ਪ੍ਰੋਜੈਕਟ ਜਲਦ ਤਿਆਰ ਕੀਤੇ ਜਾ ਰਹੇ ਹਨ।

ਮੀਟਿੰਗ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ, ਵਧੀਕ ਸਕੱਤਰ ਅਤੇ ਵਿਭਾਗ ਮੁਖੀ ਅਮਿਤ ਤਲਵਾੜ, ਵਧੀਕ ਸਕੱਤਰ ਪਰਨੀਤ ਸ਼ੇਰਗਿੱਲ, ਉੱਤਰੀ, ਦੱਖਣੀ ਤੇ ਕੇਂਦਰੀ ਖੇਤਰ ਦੇ ਚੀਫ ਇੰਜੀਨੀਅਰ ਅਤੇ ਨਿਗਰਾਨ ਇੰਜੀਨੀਅਰਾਂ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *