ਸਮਾਜਵਾਦੀ ਵਿਵਸਥਾ ਅਧੀਨ ਹੀ ਹੋ ਸਕਦੀ ਹੈ ਲੋਕਾਂ ਦੀ ਭਲਾਈ : ਪਾਸਲਾ

ਚੰਡੀਗੜ੍ਹ, 25 ਨਵੰਬਰ (ਸ.ਬ.) ਸਾਮਰਾਜੀ ਸੰਸਾਰੀਕਰਨ ਪੂੰਜੀਵਾਦੀ ਲੁੱਟ ਦਾ ਇਕ ਆਧੁਨਿਕ ਰੂਪ ਹੈ| ਦੁਨੀਆਂ ਭਰ ਦੇ ਆਮ ਲੋਕਾਂ ਨੂੰ ਫਾਹੁਣ ਲਈ ਇਕ ਭਰਮ ਜਾਲ ਹੈ ਜਿਸਨੂੰ ਤੋੜਨਾ ਬਹੁਤ ਲਾਜ਼ਮੀ ਹੈ| ਇਹਜ਼ਿੰਮੇਵਾਰੀ ਖੱਬੀਆਂ ਧਿਰਾਂ ਹੀ ਨਿਭਾਅ ਸਕਦੀਆਂ ਹਨ ਤੇ ਆਰ.ਐਮ. ਪੀ.ਆਈ. ਇਸ ਜ਼ਿੰਮੇਵਾਰੀ ਨੂੰ ਸੁਹਿਰਦਤਾ ਨਾਲ ਨਿਭਾਏਗੀ- ਇਹ ਗੱਲ ਇੱਥੇ ਜਾਰੀ ਪਾਰਟੀ ਦੀ ਪਲੇਠੀ ਸਰਵ ਭਾਰਤ ਕਾਨਫਰੰਸ ਵਿਚ ਰਾਜਨੀਤਕ ਮਤਾ ਪੇਸ਼ ਕਰਦਿਆਂ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੀ|
ਸਾਥੀ ਪਾਸਲਾ ਨੇ ਕਿਹਾ ਕਿ ਸਾਮਰਾਜੀ ਸੰਸਾਰੀਕਰਨ ਇਕ ਅਜਿਹਾ ਫਰਾਡ ਹੈ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਜੇ ਇਹ ਫਰਾਡ ਨਹੀਂ ਤਾਂ ਦੁਨੀਆਂ ਭਰ ਵਿਚ ਸਾਮਰਾਜ ਦੇ ਮੁਹਰੈਲੀ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਇਹ ਨਾਂ ਆਖਦਾ ਕਿ ਅਮਰੀਕਾ ਸਿਰਫ ਅਮਰੀਕੀ ਲੋਕਾਂ ਲਈ ਹੀ ਹੈ| ਉਹ ਦੂਸਰੇ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਪ੍ਰਵਾਸੀ ਕਾਮਿਆਂ ਤੇ ਰੋਕਾਂ ਨਾ ਲਾਉਂਦਾ| ਉਨ੍ਹਾਂ ਕਿਹਾ ਕਿ ਲੋਕਾਈ ਦੀ ਭਲਾਈ ਸਿਰਫ ਤੇ ਸਿਰਫ ਸਮਾਜਵਾਦੀ ਵਿਵਸਥਾ ਅਧੀਨ ਹੀ ਹੋ ਸਕਦੀ ਹੈ| ਪੂੰਜੀਵਾਦੀ ਵਿਵਸਥਾ ਵਿੱਚ ਲੋਕਾਂ, ਖਾਸ ਕਰਕੇ ਮਜ਼ਦੂਰ ਵਰਗ ਦੀ ਲੁੱਟ ਹੀ ਹੁੰਦੀ ਰਹੇਗੀ| ਉਨ੍ਹਾ ਕਿਹਾ ਕਿ ਸੰਨ 2008 ਦੇ ਆਰਥਿਕ ਸੰਕਟ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੂੰਜੀਵਾਦ ਆਪਣੇ ਆਪ ਵਿਚ ਹੀ ਅੰਦਰੂਨੀ ਵਿਰੋਧਤਾਈਆਂ ਨਾਲ ਭਰਿਆ ਹੋਇਆ ਹੈ| ਇਸਦੇ ਉਲਟ ਚੀਨ ਦੀ ਸਮਾਜਵਾਦੀ ਵਿਵਸਥਾ ਪੱਕੇ ਪੈਰੀਂ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਤੇ ਅਮਰੀਕਾ ਦੀ ਘੇਰਾਬੰਦੀ ਦੇ ਬਾਵਜੂਦ ਕਿਊਬਾ ਵਰਗਾ ਛੋਟਾ ਜਿਹਾ ਦੇਸ਼ ਸਮਾਜਵਾਦੀ ਵਿਵਸਥਾ ਦੇ ਸਿਰ ਤੇ ਅਡੋਲ ਅੱਗੇ ਵੱਧ ਰਿਹਾ ਹੈ|
ਉਹਨਾਂ ਕਿਹਾ ਕਿ ਵਿਸ਼ਵ ਆਰਥਿਕ ਸੰਕਟ ਨੇ ਭਾਰਤੀ ਅਰਥਚਾਰੇ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ| ਇਸਦਾ ਕੋਈ ਵੀ ਖੇਤਰ ਇਸ ਸੰਕਟ ਤੋਂ ਅਛੂਤਾ ਨਹੀਂ ਰਿਹਾ| ਆਜ਼ਾਦੀ ਤੋਂ ਬਾਅਦ ਦੇ 70 ਸਾਲਾਂ ਦੌਰਾਨ ਪੂੰਜੀਵਾਦੀ ਪ੍ਰਬੰਧ ਦੇ ਲੁਟੇਰੇ ਸੁਭਾਅ ਕਾਰਨ ਇਸਦੀ ਜਮਾਂਦਰੂ ਆਰਥਿਕ ਅਸਥਿਰਤਾ ਹੁਣ ਰਾਜਨੀਤਕ ਅਸਥਿਰਤਾ ਵਿਚ ਬਦਲ ਚੁੱਕੀ ਹੈ, ਜਿਸਦਾ ਪ੍ਰਗਟਾਵਾ ਸਰਮਾਏਦਾਰ, ਜਗੀਰਦਾਰ ਪਾਰਟੀਆਂ ਪ੍ਰਤੀ ਲੋਕਾਂ ਅੰਦਰ ਸਥਾਈ ਬੇਭਰੋਸੋਗੀ ਦੇ ਰੂਪ ‘ਚ ਹੋ ਰਿਹਾ ਹੈ|
ਮੋਦੀ ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਕਾਮਰੇਡ ਪਾਸਲਾ ਨੇ ਕਿਹਾ ਕਿ ਮੋਦੀ ਹਕੂਮਤ ਨੂੰ ਦੇਸ਼ ਦੇ ਲੋਕਾਂ ਦੀ ਬਜਾਏ ਸਾਮਰਾਜੀ ਮੁਲਕਾਂ, ਬਹੁਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਵਧੇਰੇ ਚਿੰਤਾ ਹੈ| ਇਸ ਸਰਕਾਰ ਦੀ ਨੋਟਬੰਦੀ ਫਾਲਤੂ ਦੀ ਇਕ ਕਵਾਇਦ ਸਾਬਤ ਹੋਈ ਹੈ ਜਿਸ ਨੇ ਭਾਰਤੀ ਲੋਕਾਂ ਦੀਆਂ ਦੁਸ਼ਵਾਰੀਆਂ ਵਿਚ ਅੰਤਾਂ ਦਾ ਵਾਧਾ ਕੀਤਾ ਹੈ| ਜੀ.ਐਸ.ਟੀ. ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਤ ਭੱਦੀ ਕਿਸਮ ਦੀ ਸਰਕਾਰੀ ਲੁੱਟ ਹੈ ਜੋ ਪਹਿਲਾਂ ਹੀ ਟੈਕਸਾਂ ਦੇ ਭਾਰੀ ਬੋਝ ਥੱਲੇ ਦੱਬੇ ਲੋਕਾਂ ਤੇ ਹੋਰ ਭਾਰ ਲੱਦਣ ਦਾ ਜ਼ਰੀਆ ਹੈ|
ਇਸ ਮੌਕੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਕਵਿਤਾ ਕ੍ਰਿਸ਼ਨਨ ਆਪਣੀ ਪਾਰਟੀ ਵਲੋਂ ਇਸ ਸਰਵ ਭਾਰਤ ਕਾਨਫਰੰਸ ਦੀ ਸਰਵਪੱਖੀ ਸਫਲਤਾ ਲਈ ਕ੍ਰਾਂਤੀਕਾਰੀ ਸ਼ੁਭ ਇੱਛਾਵਾ ਭੇਟ ਕਰਨ ਲਈ ਪੁੱਜੇ|

Leave a Reply

Your email address will not be published. Required fields are marked *