ਸਮਾਜਿਕ ਸਮਾਨਤਾ ਲਈ ਖਤਰਨਾਕ ਹਨ ਵਾਹਨਾਂ ਤੇ ਲਿਖੇ ਜਾਤੀਸੂਚਕ ਸ਼ਬਦ
ਉੱਤਰ ਪ੍ਰਦੇਸ਼ ਵਿੱਚ ਗੱਡੀਆਂ ਤੇ ਜਾਤੀਸੂਚਕ ਸ਼ਬਦ ਲਿਖਵਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ। ਜਿਕਰਯੋਗ ਹੈ ਕਿ ਅਜਿਹੇ ਸਾਰੇ ਵਾਹਨ ਸੜਕਾਂ ਤੇ ਦੌੜਦੇ ਦਿਖਾਈ ਦਿੰਦੇ ਹਨ, ਜਿਨ੍ਹਾਂ ਉੱਤੇ ਰਾਜਪੂਤ, ਬ੍ਰਾਹਮਣ, ਯਾਦਵ, ਸ਼ਤਰੀਆ, ਗੁੱਜਰ, ਜਾਟ, ਨੰਬਰਦਾਰ, ਪ੍ਰਧਾਨ ਆਦਿ ਸ਼ਬਦ ਲਿਖੇ ਦਿਖਦੇ ਹਨ। ਬੀਤੇ ਦਿਨੀਂ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਦੁਰਗਾਪੁਰੀ ਇਲਾਕੇ ਵਿੱਚ ਜਾਤੀਸੂਚਕ ਸ਼ਬਦ ਲਿਖੇ ਵਾਹਨ ਦਾ ਚਲਾਨ ਕੱਟਿਆ ਗਿਆ। ਇਸ ਤਰ੍ਹਾਂ ਦੀ ਬੇਨਿਯਮੀ ਵਿੱਚ ਇਹ ਪਹਿਲਾ ਚਲਾਨ ਹੈ। ਕਾਨਪੁਰ ਨੰਬਰ ਦੀ ਗੱਡੀ ਤੇ ‘ਸਕਸੈਨਾ ਜੀ ਲਿਖਿਆ ਹੋਇਆ ਸੀ। ਲਖਨਊ ਦੀ ਨਾਕਾ ਥਾਣਾ ਪੁਲੀਸ ਨੇ ਉਸ ਦੇ ਖਿਲਾਫ ਕਾਰਵਾਈ ਕੀਤੀ।
ਹਾਲਾਂਕਿ ਅਜਿਹੀ ਕਾਰਵਾਈ ਦੀ ਲੋੜ ਸਿਰਫ ਯੂ ਪੀ ਵਿੱਚ ਹੀ ਨਹੀਂ, ਬਲਕਿ ਪੂਰੇ ਦੇਸ਼ ਵਿੱਚ ਹੈ। ਜਾਤੀਸੂਚਕ ਸ਼ਬਦ ਲਿਖਵਾਉਣ ਦਾ ਰੁਝਾਨ ਕਿਸੇ ਇੱਕ ਜਗ੍ਹਾ ਤੱਕ ਸੀਮਿਤ ਨਹੀਂ ਹੈ, ਸਗੋਂ ਪੂਰਾ ਦੇਸ਼ ਇਸਦੀ ਪਕੜ ਵਿੱਚ ਹੈ। ਕਾਰਵਾਈ ਇਸ ਲਈ ਸ਼ੁਰੂ ਹੋ ਸਕੀ ਕਿ ਮਹਾਰਾਸ਼ਟਰ ਦੇ ਇੱਕ ਅਧਿਆਪਕ ਹਰਸ਼ਲ ਪ੍ਰਭੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫਤਰ ਵਿੱਚ ਖਤ ਭੇਜਿਆ ਸੀ ਕਿ ਉੱਤਰ ਪ੍ਰਦੇਸ਼ ਵਿੱਚ ਅਜਿਹੇ ਵਾਹਨ ਸੜਕਾਂ ਤੇ ਦੌੜ ਰਹੇ ਹਨ, ਜਿਨ੍ਹਾਂ ਉੱਤੇ ਜਾਤੀਸੂਚਕ ਸ਼ਬਦ ਲਿਖੇ ਹੁੰਦੇ ਹਨ। ਪ੍ਰਭੂ ਦੇ ਅਨੁਸਾਰ ਇਸ ਪ੍ਰਕਾਰ ਦਾ ਰੁਝਾਨ ਬੰਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਮਾਜਿਕ ਤਾਣੇ ਬਾਣੇ ਲਈ ਖ਼ਤਰਾ ਹੈ।
ਪ੍ਰਧਾਨ ਮੰਤਰੀ ਦਫਤਰ ਨੇ ਇਹ ਸ਼ਿਕਾਇਤ ਪ੍ਰਦੇਸ਼ ਸਰਕਾਰ ਨੂੰ ਭੇਜ ਦਿੱਤੀ। ਨਤੀਜੇ ਵਜੋਂ ਅਪਰ ਟ੍ਰਾਂਸਪੋਰਟ ਕਮਿਸ਼ਨਰ ਨੇ ਆਦੇਸ਼ ਜਾਰੀ ਕਰਕੇ ਇਹ ਬੇਨਿਯਮੀ ਕਰਨ ਵਾਲੇ ਵਾਹਨਾਂ ਦੇ ਖਿਲਾਫ ਅਭਿਆਨ ਚਲਾਉਣ ਲਈ ਕਿਹਾ ਜਿਸਤੋਂ ਬਾਅਦ ਯੂ ਪੀ ਦੀ ਪੁਲੀਸ ਨੇ ਧਾਰਾ 177 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸਦੇ ਤਹਿਤ ਚਲਾਨ ਜਾਂ ਗੱਡੀ ਜਬਤ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਸਵਾਲ ਉਠਦਾ ਹੈ ਕਿ ਲੋਕਾਂ ਵਿੱਚ ਆਪਣੇ ਵਾਹਨਾਂ ਤੇ ਆਪਣੀ ਜਾਤੀ, ਗੋਤ ਆਦਿ ਲਿਖਣ ਦੀ ਚਾਹਤ ਕਿਉਂ ਹੈ? ਦਰਅਸਲ, ਪਹਿਚਾਣ ਦੇ ਸੰਕਟ ਨਾਲ ਘਿਰੇ ਲੋਕ ਅਜਿਹਾ ਕਰਦੇ ਹਨ। ਆਪਣੇ ਜੀਵਨ ਵਿੱਚ ਖਾਸ ਉਪਲਬਧੀ ਹਾਸਲ ਨਾ ਕਰ ਪਾਉਣ ਵਾਲੇ ਆਪਣੀ ਜਾਤੀ ਦਾ ਨਾਮ ਵਰਤ ਕੇ ਸੰਤੁਸ਼ਟੀ ਪਾਉਂਦੇ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਆਪਣੀਆਂ ਨਾਕਾਮੀਆਂ ਅਤੇ ਆਮ ਜਿਹਾ ਜੀਵਨ ਜਿਊਣ ਦੀ ‘ਲਾਚਾਰੀ ਤੋਂ ਛੁਟਕਾਰਾ ਮਿਲਦਾ ਮਹਿਸੂਸ ਹੁੰਦਾ ਹੈ। ਕਈ ਵਾਰ ਸਮਾਜ ਵਿੱਚ ਬਹੁਗਿਣਤੀ ਲੋਕ ਅਜਿਹਾ ਕਰਦੇ ਹਨ ਤਾਂ ਕਿ ਰੋਡਰੇਜ ਦਾ ਸ਼ਿਕਾਰ ਨਾ ਬਣ ਸਕਣ। ।
ਯੂ ਪੀ ਪੁਲੀਸ ਦੀ ਇਹ ਇੱਕ ਚੰਗੀ ਪਹਿਲ ਹੈ ਜੋ ਖੋਖਲੇ ਜਾਂ ਥੋਥੇ ਆਚਰਨ ਤੋਂ ਨਾ ਸਿਰਫ ਰਾਹਤ ਦਿਵਾਏਗੀ ਬਲਕਿ ਸਮਾਜ ਨੂੰ ਇਕਜੁਟ ਵੀ ਕਰੇਗੀ।
ਵਿਨੇ ਮਹਾਜਨ