ਸਮਾਜ ਦਾ ਵਿਗੜਦਾ ਢਾਂਚਾ, ਇੱਕ ਕੌੜਾ ਸੱਚ

ਕਈ ਵਾਰ ਖ਼ਬਰਾਂ ਪੜ੍ਹ ਕੇ,ਚੈਨਲਾਂ ਉਪਰ ਖ਼ਬਰਾਂ ਵੇਖਕੇ ਅਤੇ ਸੋਸ਼ਲ ਮੀਡੀਆ ਤੇ ਵਿਡਿਓ ਅਤੇ ਲਿਖਿਆ ਪੜ੍ਹ ਕੇ ਇਵੇਂ ਲੱਗਦਾ ਹੈ ਕਿ ਅਸੀਂ ਕਿਸ ਸਮਾਜ ਦੀ ਗੱਲ ਕਰਦੇ ਹਾਂ, ਕਿਹੜੀ ਪੜ੍ਹਾਈ ਦੀ ਗੱਲ ਕਰਦੇ ਹਾਂ, ਜੇਕਰ ਇਹ ਆਧੁਨਿਕਤਾ ਹੈ ਤਾਂ ਇਸਦੇ ਨਤੀਜੇ ਜਿਵੇਂ ਦੇ ਵੇਖ ਰਹੇ ਹਾਂ, ਅੱਗੇ ਚੱਲਕੇ ਹੋਰ ਵੀ ਭਿਆਨਕ ਹੋਣਗੇ|
ਮੈਂ ਪਿੱਛਲੇ ਕੁਝ ਦਿਨਾਂ ਤੋਂ ਜੋ ਵੇਖਿਆ ਅਤੇ ਪੜ੍ਹਿਆ, ਉਹ ਸਮਾਜ ਵਿੱਚ ਬੜੀ ਤੇਜੀ ਨਾਲ ਵਾਪਰ ਰਿਹਾ ਹੈ| ਹਾਂ, ਮੈਂ ਗੱਲ ਕਰ ਰਹੀ ਹਾਂ ਮਾਪਿਆਂ ਨਾਲ ਹੋ ਰਹੀ ਬਦਸਲੂਕੀ ਦੀ| ਇਸ ਸਚਾਈ ਨੂੰ ਜਿੰਨੀ ਜਲਦੀ ਸਮਝ ਲਿਆ ਜਾਵੇ ਅਤੇ ਮੰਨ ਲਿਆ ਜਾਵੇ,ਉਹ ਹੀ ਬਿਹਤਰ ਹੈ| ਵੈਸੇ ਆਦਤ ਇਹ ਹੈ ਕਿ ਜਦੋਂ ਸਿਰ ਦੇ ਉਪਰ ਦੀ ਪਾਣੀ ਵਹਿਣ ਲੱਗ ਜਾਏ, ਫੇਰ ਹੱਥ ਪੈਰ ਮਾਰਦੇ ਹਾਂ| ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ| ਅੱਜ ਦੀ ਅਖਬਾਰ ਵਿੱਚ ਪੜ੍ਹਿਆ ਕਿ ਬੇਟੇ ਨੇ ਬਾਪ ਦਾ ਕਤਲ ਕਰ ਦਿੱਤਾ| ਸਮੱਸਿਆ ਇਹ ਸੀ ਕਿ ਬੇਟਾ ਰਾਤ ਨੂੰ ਦੇਰ ਨਾਲ ਘਰ ਆਉਂਦਾ ਸੀ, ਬਾਪ ਨੂੰ ਚੰਗਾ ਨਹੀਂ ਸੀ ਲੱਗਦਾ| ਇੰਜ ਲੱਗਦਾ ਹੈ ਜਿਵੇਂ ਮਾਂ ਬਾਪ ਬੇਹੱਦ ਫਾਲਤੂ ਨੇ| ਬੱਚੇ ਮਾਪਿਆਂ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ| ਮਾਪਿਆਂ ਦੇ ਇੰਜ ਕਤਲ ਬਹੁਤ ਸ਼ਰਮਨਾਕ ਤਾਂ ਹੈ ਹੀ ਖੌਫ਼ਨਾਕ ਵੀ ਹੈ| ਜਿੰਨਾ ਬੱਚਿਆਂ ਨੂੰ ਮਾਪੇ ਪਾਲਦੇ ਹਨ, ਬੁਢਾਪੇ ਵਿੱਚ ਸਹਾਰੇ ਦੀ ਆਸ ਕਰਦੇ, ਜੇਕਰ ਉਹ ਉਥੇ ਵੀ ਸੁਰੱਖਿਅਤ ਨਹੀਂ ਤਾਂ ਬੁਢਾਪੇ ਵਿੱਚ ਉਹ ਕਿਥੇ ਜਾਣਗੇ| ਇਹ ਸਮਾਜ ਦਾ ਬੇਹੱਦ ਡਰਾਵਣਾ ਚਿਹਰਾ ਹੈ|
ਇੰਜ ਹੀ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵਿਡਿਓ ਵੇਖਣ ਨੂੰ ਮਿਲੀ ਜਿਸ ਵਿੱਚ ਬਜ਼ੁਰਗ ਬਾਪ ਨੂੰ ਪੁੱਤ ਗਲੀ ਵਿੱਚ ਕੁੱਟ ਰਿਹਾ ਸੀ| ਬਾਪ ਦੇ ਕੱਪੜੇ ਬੁਰੀ ਤਰ੍ਹਾਂ ਫੱਟੇ ਹੋਏ ਸਨ, ਸਿਰ ਖਿਲਰਿਆ ਹੋਇਆ ਸੀ ਅਤੇ ਜ਼ਮੀਨ ਤੇ ਬੈਠਾ ਹੋਇਆ ਸੀ| ਲੋਕ ਛਡਾਉਣ ਲਈ ਆਏ ਪਰ ਉਹ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਸੀ| ਇਹ ਉਹ ਬਾਪ ਹੋਵੇਗਾ, ਜੋ ਗਲੀ ਵਿੱਚ ਜੇਕਰ ਇਸ ਪੁੱਤ ਦੀ ਰੋਂਦੇ ਦੀ ਆਵਾਜ਼ ਆਈ ਹੋਵੇਗੀ ਤਾਂ ਭੱਜਕੇ ਗਲੀ ਵਿੱਚ ਆ ਜਾਂਦਾ ਹੋਵੇਗਾ| ਉਸਦੀਆਂ ਅੱਖਾਂ ਦੇ ਹੰਝੂ ਪੂੰਝਦਾ ਹੋਵੇਗਾ| ਅੱਜ ਉਸ ਬਾਪ ਨੂੰ ਸ਼ਰੇਆਮ ਗਲੀ ਵਿੱਚ ਕੁੱਟ ਰਿਹਾ ਹੈ| ਇਸ ਅੱਗ ਨੂੰ ਹੁਣੇ ਬਝਾਉਣ ਦਾ ਯਤਨ ਕਾਨੂੰਨ ਘਾੜਿਆਂ, ਅਦਾਲਤਾਂ, ਸਰਕਾਰਾਂ, ਪ੍ਰਸ਼ਾਸਨ, ਪੰਚਾਇਤਾਂ ਅਤੇ ਮੋਹਰੀ ਬੰਦਿਆਂ ਵੱਲੋਂ ਕਰਨਾ ਚਾਹੀਦਾ ਹੈ| ਬਜ਼ੁਰਗਾਂ ਵਾਸਤੇ ਕਾਨੂੰਨ ਤਾਂ ਬਣਾ ਦਿੱਤਾ, ਉਸਦਾ ਫਾਇਦਾ ਕੀ ਹੋਇਆ, ਸਮਝ ਨਹੀਂ ਆ ਰਹੀ| ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਬਜ਼ੁਰਗਾਂ ਦੀ ਮਦਦ ਕਰਦੇ ਹੀ ਨਹੀਂ| ਜਿਹੜੇ ਘਰਾਂ ਵਿੱਚ ਮਾਪਿਆਂ ਨਾਲ ਬਦਸਲੂਕੀ ਹੁੰਦੀ ਹੈ, ਆਸ ਪਾਸ ਪਤਾ ਲੱਗਦਾ ਹੈ ਤਾਂ ਲੋਕਾਂ ਨੂੰ ਇਕੱਠੇ ਹੋਕੇ ਉਸਦੀ ਹਰ ਤਰ੍ਹਾਂ ਨਾਲ ਮਦਦ ਕਰਨੀ ਚਾਹੀਦੀ ਹੈ| ਇਸ ਤਰ੍ਹਾਂ ਦੇ ਹਾਲਾਤ ਅਤੇ ਇਸ ਉਮਰ ਵਿੱਚ ਸਭ ਨੇ ਜਾਣਾ ਹੈ| ਜਦੋਂ ਇਕੱਠੇ ਹੋਕੇ ਨੂੰਹਾਂ ਪੁੱਤਾਂ ਦੀ ਇਸ ਹਰਕਤ ਲਈ ਵਿਰੋਧ ਹੋਇਆ ਤਾਂ ਦੂਸਰਿਆਂ ਨੂੰ ਵੀ ਕੰਨ ਹੋ ਜਾਣਗੇ| ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਨੂੰਹਾਂ ਵੱਲੋਂ ਕੋਰਟ ਕਚਿਹਰੀ ਵਿੱਚ ਖਿੱਚਣ ਦੀਆਂ ਧਮਕੀਆਂ ਵੀ ਮਾਪਿਆਂ ਨੂੰ ਆਮ ਹੀ ਦਿੱਤੀਆਂ ਜਾਂਦੀਆਂ ਹਨ| ਅਦਾਲਤਾਂ ਨੂੰ ਵੀ ਪਤਾ ਹੈ ਕਿ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ| ਕੁਝ ਕਦਮ ਚੁੱਕੇ ਵੀ ਹਨ ਪਰ ਮੁੰਡੇ ਦੇ ਵਧੇਰੇ ਕਰਕੇ ਮਾਪਿਆਂ ਦੀ ਹਾਲਤ ਤਰਸਯੋਗ ਹੈ| ਮਾਪੇ ਡਰੇ ਅਤੇ ਸਹਿਮੇ ਹੋਏ ਨੇ|
ਮੇਰਾ ਇੱਕ ਆਰਟੀਕਲ ਪੜ੍ਹਕੇ ਅੰਮ੍ਰਿਤਸਰ ਤੋਂ ਕਿਸੇ ਦਾ ਫੋਨ ਆਇਆ| ਕਹਿਣ ਲੱਗੇ ਇੰਜ ਲੱਗਦਾ ਹੈ ਕਿ ਮੇਰੇ ਦੋਨੋਂ ਬੇਟੇ ਸਭ ਕੁਝ ਹੁਣੇ ਦੇ ਦੇਣ ਲਈ ਜ਼ੋਰ ਪਾਉਂਦੇ ਹਨ| ਦੋਨਾਂ ਨੂੰ ਮੋਟੀ ਰਕਮ ਦਿੱਤੀ ਵੀ ਹੈ ਕੰਮਕਾਜ ਸ਼ੁਰੂ ਕਰਨ ਲਈ, ਪਰ ਜੋ ਮੇਰੇ ਕੋਲ ਹੈ ਅੱਖ ਉਸ ਉਪਰ ਹੈ| ਕਹਿੰਦੇ ਮੈਨੂੰ ਬੜੀ ਹੈਰਾਨੀ ਹੋਈ ਉਨ੍ਹਾਂ ਦੀ ਗੱਲ ਸੁਣਕੇ ਕਿ ਤੁਹਾਡੇ ਮਰਨ ਤੋਂ ਬਾਦ ਜੇਕਰ ਸਾਨੂੰ ਮਿਲੇ ਤਾਂ ਉਸਦਾ ਕੀ ਫਾਇਦਾ| ਬੇਟੀ ਨੂੰ ਦੇਣ ਲਈ ਮੈਂ ਕੁਝ ਪੈਸੇ ਰੱਖੇ ਨੇ, ਉਹ ਵੀ ਚੁੱਭਦੇ ਹਨ| ਘਰ ਵਿੱਚ ਕਦੇ ਕੋਲ ਬੈਠਣਾ ਨਹੀਂ, ਗੱਲ ਕਰਨੀ ਨਹੀਂ, ਕੁਝ ਕਹੋ ਜਾਂ ਪੁੱਛੋ ਤਾਂ ਅਜਿਹਾ ਜਵਾਬ ਦਿੰਦੇ ਹਨ ਕਿ ਦਿਲ ਦੁੱਖਦਾ ਹੈ| ਆਪਣੇ ਬਣਾਏ ਘਰ ਵਿੱਚ ਰਹਿਣਾ ਔਖਾ ਲੱਗਦਾ ਹੈ ਅਤੇ ਸਾਹ ਘੁੱਟਦਾ ਹੈ| ਇੰਜ ਗੱਲ ਕਰਦੇ ਹਨ ਕਿ ਦੁਨੀਆ ਵਿੱਚ ਸਭ ਤੋਂ ਮੂਰਖ ਅਸੀਂ ਹੀ ਹਾਂ| ਇਹ ਸਮਾਜ ਦਾ ਵਿਗੜਦਾ ਢਾਂਚਾ ਹੈ ਅਤੇ ਇਹ ਕੌੜਾ ਸੱਚ ਹੈ| ਇੱਕ ਬਜ਼ੁਰਗ ਫਰੀਦਕੋਟ ਦੇ ਨੇੜਿਉਂ ਸੀ ਉਹ ਤਾਂ ਇੰਨੇ ਪਰੇਸ਼ਾਨ ਸਨ ਕਿ ਆਪਣਾ ਨਾਮ ਲਿਖਕੇ ਦੁੱਖ ਲੋਕਾਂ ਸਾਹਮਣੇ ਰੱਖਣ ਲਈ ਤਿਆਰ ਸਨ| ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਅਤੇ ਨੂੰਹਾਂ ਉਨ੍ਹਾਂ ਨਾਲ ਬਹੁਤ ਬੁਰਾ ਸਲੂਕ ਕਰਦੇ ਹਨ| ਜਿਸ ਘਰ ਨੂੰ ਬਣਾਉਣ ਅਤੇ ਪੁੱਤਾਂ ਨੂੰ ਪੈਰਾਂ ਤੇ ਖੜਾ ਕਰਨ ਲਈ ਸਾਰੀ ਜ਼ਿੰਦਗੀ ਹੱਡ ਭੰਨਵੀਂ ਕਮਾਈ ਕੀਤੀ | ਅੱਜ ਨਾ ਉਹ ਘਰ ਮੇਰਾ ਹੈ ਅਤੇ ਨਾ ਪੁੱਤ| ਉਨ੍ਹਾਂ ਦੇ ਘਰ ਵਿੱਚ ਨੂੰਹਾਂ ਦੇ ਪੇਕਿਆਂ ਦੀ ਹੀ ਚੱਲਦੀ ਹੈ| ਖਾਸ ਕਰਕੇ ਮਾਵਾਂ ਦੀ| ਜਿਸ ਮਾਂ ਨੇ ਘਰ ਬਣਾਇਆ ਅੱਜ ਉਹ ਮੂਰਖ ਹੋ ਗਈ ਹੈ| ਕਹਿੰਦੇ ਕਈ ਵਾਰ ਲੱਗਦਾ ਹੈ ਕਿ ਅਸੀਂ ਆਪਣੇ ਘਰ ਵਿੱਚ ਹੀ ਕਬਾੜ ਹੋ ਗਏ ਹਾਂ| ਬਸ ਅੰਦਰ ਵੜਕੇ ਰੋ ਲੈਂਦੇ ਹਾਂ| ਇਹ ਹਾਲਤ ਇਸ ਵੇਲੇ ਬਹੁਤ ਸਾਰੇ ਬਜ਼ੁਰਗਾਂ ਦੀ ਹੈ|
ਜਦੋਂ ਇੰਡੀਅਨ ਹੈਲਪੇਜ਼ ਦੇ ਸਰਵੇ ਦੀ ਰਿਪੋਰਟ ਆਈ ਸੀ ਤਾਂ ਚੈਨਲਾਂ ਉਪਰ ਵੀ ਬਹਿਸ ਵੇਖਣ ਨੂੰ ਮਿਲੀ| ਅਸਲ ਵਿੱਚ ਉਹ ਵੀ ਹੈਰਾਨ ਕਰਨ ਵਾਲੇ ਅੰਕੜੇ ਸਨ| ਪਰ ਜ਼ਮੀਨੀ ਹਕੀਕਤ ਇਸ ਤੋਂ ਕਿਤੇ ਵੱਧ ਮਾੜੀ ਹੈ| ਇਸ ਨੂੰ ਛੁਪਾਉ ਨਹੀਂ ਜਿਸ ਨਾਲ ਵੀ ਸਾਂਝਾ ਕਰ ਸਕਦੇ ਹੋ ਜ਼ਰੂਰ ਕਰੋ|
ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ| ਜਿਸ ਤਰ੍ਹਾਂ ਨਾਲ ਬਿਰਧ ਆਸ਼ਰਮ ਬਣ ਰਹੇ ਹਨ, ਸੀਨੀਅਰ ਸਿਟੀਜ਼ਨ ਹੋਮ ਬਣ ਰਹੇ ਹਨ, ਮਾਪਿਆਂ ਨੂੰ ਉਥੇ ਛੱਡ ਦਿੱਤਾ ਜਾਂਦਾ ਹੈ ਜਾਂ ਜਾਣ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰਹਾਂ ਪੁੱਤਾਂ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ ਜਾਇਦਾਦ ਉਪਰ| ਜਿੰਨੀ ਦੇਰ ਉਹ ਜਿੰਦਾ ਹਨ,ਜੋ ਵੀ ਉਨ੍ਹਾਂ ਨੂੰ ਸੰਭਾਲੇ ਉਹ ਹੀ ਉਨ੍ਹਾਂ ਦੀ ਬਣਾਈ ਜਾਇਦਾਦ ਦੀ ਕਮਾਈ ਦਾ ਹੱਕਦਾਰ ਹੋਵੇ| ਜਿਹੜੇ ਮਾਪੇ ਪ੍ਰੇਸ਼ਾਨ ਹੁੰਦੇ ਹਨ, ਉਨ੍ਹਾਂ ਨਾਲ ਬਦਸਲੂਕੀ ਹੁੰਦੀ ਹੈ,ਘਰੇਲੂ ਹਿੰਸਾ ਹੁੰਦੀ ਹੈ,ਉਨ੍ਹਾ ਦੀ ਨੂੰਹ, ਮਾਪੇ ਅਤੇ ਰਿਸ਼ਤੇਦਾਰਾਂ ਤੇ ਉਵੇਂ ਹੀ ਕੇਸ ਦਰਜ ਕੀਤਾ ਜਾਵੇ ਜਿਵੇਂ ਇਕ ਨੂੰਹ ਦੇ ਕਹਿਣ ਤੇ ਸਭ ਨੂੰ ਕੇਸ ਵਿੱਚ ਫਸਾ ਦਿੱਤਾ ਜਾਂਦਾ ਹੈ| ਸਮਾਜ ਦਾ ਇਹ ਇਸ ਤਰ੍ਹਾਂ ਦਾ ਬਣਨਾ, ਹੋਰ ਵੀ ਭਿਆਨਕ ਰੂਪ ਅਖਤਿਆਰ ਕਰ ਜਾਏਗਾ| ਇਹ ਸਮਾਜ ਦਾ ਵਿਗੜਿਆ ਹੋਇਆ ਢਾਂਚਾ ਹੈ ਅਤੇ ਇਹ ਕੌੜਾ ਸੱਚ ਹੈ|
ਪ੍ਰਭਜੋਤ ਕੌਰ ਢਿੱਲੋਂ

Leave a Reply

Your email address will not be published. Required fields are marked *