ਸਮਾਜ ਦੀ ਤਰੱਕੀ ਵਿੱਚ ਰੋੜਾ ”ਕਿਸਮਤਵਾਦੀ ਫਲਸਫਾ” : ਤਰਕਸ਼ੀਲ ਸੁਸਾਇਟੀ

ਖਰੜ, 3 ਅਪ੍ਰੈਲ  (ਸ.ਬ.) ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਦੀ ਖਰੜ ਇਕਾਈ ਵੱਲੋਂ ਜੋਨਲ ਆਗੂ ਜਰਨੈਲ ਕ੍ਰਾਂਤੀ ਦੀ ਦੇਖ-ਰੇਖ ਵਿੱਚ ਆਪਣੇ ਮੈਂਬਰਾਂ ਨੂੰ ਮੈਂਬਰਸਿਪ ਦੇ ਕੇ ਇਕਾਈ ਦੇ ਆਗੂਆਂ ਦੀ ਚੋਣ ਕੀਤੀ ਗਈ| ਜਿਸ ਵਿੱਚ ਸਾਰੇ ਮੈਂਬਰਾਂ ਦੁਆਰਾ ਸਰਬਸੰਮਤੀ ਨਾਲ਼ ਮਾਸਟਰ ਜਰਨੈਲ ਸਹੌੜਾਂ ਨੂੰ ਜਥੇਬੰਦਕ ਮੁਖੀ, ਬਿਕਰਮਜੀਤ ਸੋਨੀ ਨੂੰ ਵਿੱਤ ਵਿਭਾਗ ਮੁਖੀ, ਕੁਲਵਿੰਦਰ ਨਗਾਰੀ ਨੂੰ ਮੀਡੀਆ ਮੁਖੀ, ਸੁਜਾਨ ਬਡਾਲ਼ਾ ਨੂੰ ਸੱਭਿਆਚਾਰਿਕ ਵਿਭਾਗ ਮੁਖੀ, ਜਗਵਿੰਦਰ ਸਿੰਬਲ਼ਮਾਜਰਾ ਨੂੰ ਮਾਨਸਿਕ ਸਿਹਤ ਚੇਤਨਾ ਵਿਭਾਗ ਮੁਖੀ ਚੁਣਿਆ ਗਿਆ| ਇਸ ਮੌਕੇ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਤਰਕਸ਼ੀਲਾਂ ਦੇ ਰਸਤੇ ਦੀਆਂ ਚੁਣੌਤੀਆਂ ਦਿਨੋ-ਦਿਨ ਗੰਭੀਰ ਹੁੰਦੀਆਂ ਜਾ ਰਹੀਆਂ ਹਨ| ਇਸ ਕਰਕੇ ਸਾਨੂੰ ਅਜਿਹੀ ਨਵੀਂ ਅਤੇ ਨਰੋਈ ਸੋਚ ਨਾਲ਼ ਲੈਸ ਆਗੂਆਂ ਦੀ ਲੋੜ ਹੈ ਜੋ ਮੁਸ਼ਕਿਲਾਂ ਨੂੰ ਅਵਸਰਾਂ ਵਿੱਚ ਬਦਲਣ ਅਤੇ ਹਨੇਰਿਆਂ ਤੋਂ ਪਾਰ ਵੇਖਣ ਦੀ ਸਮਰੱਥਾ ਰੱਖਦੇ ਹੋਣ|
ਇਸ ਮੌਕੇ ਹਾਜਰ ਚੰਡੀਗੜ ਜੋਨ ਦੇ ਮੁਖੀ ਲੈਕਚਰਾਰ ਗੁਰਮੀਤ ਖਰੜ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਨਿਰਣਾ ਕਰਨਾ ਪਵੇਗਾ ਕਿ ਅਸੀਂ ਜੀਵਨ ਅਤੇ ਸੰਸਾਰ ਨੂੰ ਵਿਗਿਆਨਿਕ ਦ੍ਰਿਸਟੀਕੋਣ ਤੋਂ ਸਮਝਣਾ ਹੈ ਜਾਂ ਕਿਸਮਤਵਾਦੀ ਤੀਰ-ਤੁੱਕਿਆਂ ਵਿੱਚ ਹੀ ਫਸੇ ਰਹਿਣਾ ਹੈ| ਕਿਸਮਤਵਾਦੀ ਫਲਸਫੇ ਨੇ ਮਨੁੱਖੀ ਸਮਾਜ ਨੂੰ ਅਖੌਤੀ ‘ਸਤਿਯੁੱਗ’ ਤੋਂ ਡਿੱਗਦਾ ਹੋਇਆ ‘ਕਲਯੁੱਗ’ ਤੱਕ ਨਿੱਘਰਦਾ ਪ੍ਰਚਾਰਿਆ ਹੈ ਜਦਕਿ ਵਿਗਿਆਨ ਨੇ ਮਨੁੱਖ ਨੂੰ ਗੁਫਾਵਾਂ ਵਿੱਚੋਂ ਨਿਕਲ਼ ਕੇ ਚੰਦ-ਤਾਰਿਆਂ ਵੱਲ ਵਧਦਾ ਦਰਸਾਇਆ ਹੈ|
ਇਸ ਮੀਟਿੰਗ ਵਿੱਚ ਭੁਪਿੰਦਰ ਮਦਨਹੇੜੀ, ਬੀਬੀ ਰਣਧੀਰ ਕੌਰ ਸੰਤੇਮਾਜਰਾ, ਕਰਮਜੀਤ ਸਕਰੁੱਲਾਂਪੁਰੀ, ਸੁਰਿੰਦਰ ਸਿੰਬਲ਼ਮਾਜਰਾ, ਚਰਨਜੀਤ ਆਦਿ ਮੈਂਬਰ ਹਾਜਰ ਸਨ|

Leave a Reply

Your email address will not be published. Required fields are marked *